ਲੁਧਿਆਣਾ, (ਰਾਜਕੁਮਾਰ ਸਾਥੀ)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਲੁਧਿਆਣਾ ਪਹੁੰਚੇ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿ ਕੇਂਦਰ ਦੀ ਸੱਤਾ ਵਿੱਚ ਦਸ ਸਾਲ ਤੋਂ ਬੈਠੇ ਨਰਿੰਦਰ ਮੋਦੀ ਪੰਜਾਬੀਆਂ ਦੀ ਵੋਟਾਂ ਲੈਣ ਖਾਤਿਰ ਪੰਜਾਬ ਆ ਕੇ ਪੱਗ ਬੰਨ ਲੈਂਦੇ ਹਨ ਅਤੇ ਦਿੱਲੀ ਵਿੱਚ ਬੈਠ ਕੇ ਪੱਗ ਵਾਲੇ ਪੰਜਾਬੀਆਂ ਦਾ ਸਵਾਗਤ ਗੋਲੀਆਂ ਤੇ ਪਾਣੀ ਦੀ ਬੁਛਾਰਾਂ ਨਾਲ ਕਰਦੇ ਹਨ। ਸੂਬਾ ਸਰਕਾਰ ਦੀ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਸਭ ਤੋਂ ਵੱਡੀ ਕਮੀ ਲਾ ਐਂਡ ਆਰਡਰ ਦੀ ਮਾੜੀ ਸਥਿਤੀ ਹੈ, ਜੋ ਮਾਨ ਸਰਕਾਰ ਦੀਆਂ ਨਕਾਮੀਆਂ ਦਾ ਸਬੂਤ ਹੈ। ਸਾਡੀ ਸਰਕਾਰ ਵੇਲੇ ਹਰ ਵਰਗ ਖੁਸ਼ਹਾਲ ਸੀ। ਬਾਹਰਲੀਆਂ ਇੰਡਸਟਰੀਆਂ ਹਜ਼ਾਰਾਂ ਕਰੋੜ ਰੁਪਏ ਨਿਵੇਸ਼ ਕਰ ਰਹੀਆਂ ਸਨ। ਪਰੰਤੂ ਇਹਨਾਂ ਬਾਹਰਲਿਆਂ ਨੇ ਸੱਤਾ ਅੱਠਾਂ ਸਾਲਾਂ ਦੇ ਵਿੱਚ ਹੀ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ਵਿਕਾਸ ਦੀ ਗੱਡੀ ਦੀ ਜਾਂ ਬਿਜਲੀ ਸਰ ਪਲੱਸ ਦੀ ਗੱਲ ਹੋਵੇ ਜਾਂ ਏਅਰ ਕਨੈਕਟੀਵਿਟੀ, ਰੇਲ ਕਨੈਕਟੀਵਿਟੀ, ਟਰੈਫਿਕ ਵਿਵਸਥਾ, ਸਾਡੀਆਂ ਮੁੱਖ ਲੋੜਾਂ ਪਾਣੀ, ਸੀਵਰੇਜ, ਬਿਜਲੀ ਆਦਿ ਸਭ ਕੁਝ ਸਹੀ ਚੱਲ ਰਿਹਾ ਸੀ। ਜਦ ਕਿ ਭਗਵੰਤ ਮਾਨ ਦੇ ਰਾਜ ਵਿੱਚ ਪੰਜਾਬ ਦੀ ਇੰਡਸਟਰੀ ਬਾਹਰ ਜਾਣ ਨੂੰ ਮਜਬੂਰ ਹੋਈ ਪਈ ਹੈ ਤੇ ਸੂਬਾ ਕੰਗਾਲੀ ਦੇ ਰਸਤੇ ਤੇ ਵੱਲ ਤੁਰਿਆ ਹੈ। ਉਹਨਾਂ ਕਿਹਾ ਕਿ ਜਿਹੜਾ ਬੰਦਾ ਆਪਣੇ ਪਰਿਵਾਰ ਦਾ ਨਹੀਂ ਹੋਇਆ, ਉਹ ਪੰਜਾਬ ਦਾ ਕਿੱਥੋਂ ਹੋਵੇਗਾ। ਨਰਿੰਦਰ ਮੋਦੀ ਤੇ ਸਿਆਸੀ ਨਿਸ਼ਾਨੇ ਲਾਉਂਦਿਆਂ ਉਹਨਾਂ ਕਿਹਾ ਕਿ ਉਹ ਜੁਮਲੇਬਾਜ ਅਤੇ ਡਰਾਮੇਬਾਜ ਸ਼ਖਸ਼ੀਅਤ ਦੇ ਮਾਲਕ ਨੇ। ਕਿਉਂਕਿ ਇੱਕ ਪਾਸੇ ਉਹ ਸਿੱਖਾਂ ਦੇ ਹਮਦਰਦੀ ਹੋਣ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਗਿਆਨ ਗੋਦੜੀ, ਮੰਗੂ ਮੱਠ ਜਿਹੇ ਤੀਰਥ ਅਸਥਾਨਾਂ ਦੇ ਮਸਲਿਆਂ ਬਾਰੇ ਅੱਖਾਂ ਬੰਦ ਕਰੀ ਬੈਠੇ ਹਨ। ਉਹਨਾਂ ਕਿਹਾ ਕਿ ਸਿਰਫ ਏਨਾ ਹੀ ਨਹੀਂ ਮੋਦੀ ਸਰਕਾਰ ਨੇ ਗੁਜਰਾਤ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦਾ ਸਾਰਾ ਕਾਰੋਬਾਰ ਬੰਦ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਉਹਨਾਂ ਦੇ ਦਸਾਂ ਸਾਲਾਂ ਦੇ ਰਾਜ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਲਗਾਤਾਰ ਵਧਣ ਨਾਲ ਦੇਸ਼ ਆਰਥਿਕ ਸਥਿਤੀ ਨਾਲ ਜੂਝ ਰਿਹਾ ਹੈ। ਬਿੱਟੂ ਤੇ ਤੰਜ਼ ਕਸਦੇ ਹੋਏ ਉਹਨਾਂ ਕਿਹਾ ਕਿ ਉਹ ਮੌਕਾ ਪ੍ਰਸਤ ਆਗੂ ਹੈ। ਪਹਿਲਾਂ ਉਹ ਕਾਂਗਰਸ ਨੂੰ ਆਪਣੀ ਮਾਂ ਮੰਨਦੇ ਸਨ, ਜਦਕਿ ਮੋਦੀ ਦੀ ਗੋਦੀ ਚ ਜਾਂਦੇ ਹੀ ਮੋਦੀ ਨੂੰ ਆਪਣਾ ਬਾਪ ਬਣਾ ਲਿਆ। ਰਾਜਾ ਬੜਿੰਗ ਤੇ ਬਿੱਟੂ ਦੀ ਗੱਲ ਕਰਦਿਆਂ ਕਿਹਾ ਕਿ ਇਹ ਲੋਕ ਸਿਰਫ ਤੇ ਸਿਰਫ ਬਲੇਮ ਗੇਮ ਖੇਡਕੇ ਲੋਕਾਂ ਨੂੰ ਫਿਰ ਤੋਂ ਭਰਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਜਦਕਿ ਮੁੱਦਿਆਂ ਦੀ ਗੱਲ ਕੋਈ ਨਹੀਂ ਕਰ ਰਿਹਾ। ਕਾਂਗਰਸ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਉਹਨਾਂ ਕਿਹਾ ਕਿ ਕਾਂਗਰਸ ਤਾਂ ਪਹਿਲਾ ਹੀ ਸਰੰਡਰ ਕਰ ਗਈ ਸੀ, ਕਿਉਂਕਿ ਆਸੂ ਜੀ ਸਮੇਤ ਕਈ ਹੋਰ ਵੱਡੇ ਲੋਕਲ ਲੀਡਰ ਟਿਕਟ ਦੀ ਦਾਵੇਦਾਰੀ ਲਈ ਕਤਾਰ ਵਿੱਚ ਸਨ। ਪਰੰਤੂ ਕਾਂਗਰਸ ਲੀਡਰਸ਼ਿਪ ਨੇ ਉਹਨਾਂ ਸਾਰਿਆਂ ਨੂੰ ਨਕਾਰ ਕੇ ਮੰਨ ਲਿਆ ਕਿ ਸਾਡੀ ਕਾਰੁਜਕਾਰੀ ਮਾੜੀ ਹੈ। ਜਿਸ ਦੇ ਚਲਦਿਆਂ ਗਿੱਦੜਬਾਹੇ ਤੋਂ ਵੜਿੰਗ ਨੂੰ ਲੈ ਤਾਂ ਆਏ। ਆਪ ਆਗੂਆਂ ਦੀ ਆਪਸ ਵਿੱਚ ਫੋਨ ਹੋਈ ਗੱਲਬਾਤ ਦੀ ਰਿਕਾਰਡਿੰਗ ਆਪਣੇ ਕੋਲ ਹੋਣ ਦੀ ਗੱਲ ਕਰਦਿਆਂ ਅਤੇ ਇਸ ਸਬੰਧੀ ਤੰਜ ਕਸਦਿਆਂ ਕਿਹਾ ਕਿ ਆਪ ਵਾਲੇ ਹੀ ਦੂਜੀਆਂ ਪਾਰਟੀਆਂ ਨਾਲ ਮਿਲੀ ਭੁਗਤ ਕਰਕੇ ਆਪਣੇ ਨਟਵਰ ਲਾਲ ਜਿਹੇ ਉਮੀਦਵਾਰ ਨੂੰ ਆਪ ਹੀ ਮਾੜਾ ਉਮੀਦਵਾਰ ਕਹਿ ਕੇ ਹਰਾਉਣ ਦੀਆਂ ਗੱਲਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਲੁਧਿਆਣੇ ਤੋਂ ਚਾਰੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਰਣਜੀਤ ਸਿੰਘ ਢਿੱਲੋਂ ਦੇ ਬਰਾਬਰ ਤਾਂ ਕੀ? ਨੇੜੇ ਤੇੜੇ ਵੀ ਕੋਈ ਨਹੀਂ ਢੁੱਕਦਾ। ਜਿਸ ਦੇ ਚਲਦਿਆਂ ਬਾਕੀਆਂ ਦੇ ਦਾਵੇ ਖੋਖਲੇ ਸਾਬਤ ਹੋਣਗੇ ਤੇ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ। ਇਸ ਮੌਕੇ ਉਹਨਾਂ ਦੇ ਨਾਲ ਮਹੇਸ਼ਇੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਢਿੱਲੋਂ, ਜਗਬੀਰ ਸਿੰਘ ਸੋਖੀ, ਭੁਪਿੰਦਰ ਸਿੰਘ ਭਿੰਦਾ, ਹਰਜਿੰਦਰ ਸਿੰਘ ਬੋਬੀ ਗਰਚਾ ਅਤੇ ਗੁਰਮੀਤ ਸਿੰਘ ਕੁਲਾਰ ਵੀ ਮੌਜੂਦ ਰਹੇ।