ਕਿਹਾ! ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਵਚਨਬੱਧ ਹੈ, ਅਗਲੇ ਸਾਲ ਦੁਬਾਰਾ ਮਿਲਣ ਦੇ ਵਾਅਦੇ ਨਾਲ, ਕਿਲਾ ਰਾਏਪੁਰ ਰੂਰਲ ਓਲੰਪਿਕਸ-2024 ਸਮਾਪਤ
ਲੁਧਿਆਣਾ (ਰਾਜਕੁਮਾਰ ਸਾਥੀ)। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਾਲ ਭਰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰਵਾਇਤੀ ਮੇਲੇ/ਤਿਉਹਾਰਾਂ ਦਾ ਆਯੋਜਨ ਕਰਕੇ ਪੰਜਾਬ ਦੇ ਸ਼ਾਨਦਾਰ ਵਿਰਸੇ ਅਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਵਚਨਬੱਧ ਹੈ। ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਦਰਸਾਉਣ ਅਤੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਕੋਨੇ-ਕੋਨੇ ਵਿੱਚ ਰਵਾਇਤੀ ਮੇਲਿਆਂ/ਤਿਉਹਾਰਾਂ ਨੂੰ ਧੂਮ-ਧਾਮ ਨਾਲ ਮਨਾਉਣ ਲਈ ਸਪੱਸ਼ਟ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਇਸ ਕੰਮ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਪੰਜਾਬ ਦੇ ਪੁਰਾਣੇ ਅਤੇ ਰਵਾਇਤੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਲਈ ਸਰਕਾਰ ਵੱਲੋਂ ਬੇਮਿਸਾਲ ਉਪਰਾਲੇ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਮਾਨ ਕਿਲਾ ਰਾਏਪੁਰ ਰੂਰਲ ਓਲੰਪਿਕ 2024 ਦੇ ਤੀਜੇ ਅਤੇ ਆਖਰੀ ਦਿਨ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸਾਲ ਇਨ੍ਹਾਂ ਵਿਸ਼ਵ ਪ੍ਰਸਿੱਧ ਖੇਡਾਂ ਦੇ ਆਯੋਜਨ ਲਈ 1 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਖੇਡਾਂ ਨੂੰ ਹੋਰ ਨਵੀਆਂ ਲੀਹਾਂ ‘ਤੇ ਲਿਜਾਣ ਲਈ ਹੋਰ ਗਰਾਂਟ ਦਿੱਤੀ ਜਾਵੇਗੀ। ਇਸ ਮੈਗਾ ਈਵੈਂਟ ਦੀ ਸਫਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਅਤੇ ਪ੍ਰਬੰਧਕੀ ਕਮੇਟੀ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਮਾਨ ਨੇ ਆਸ ਪ੍ਰਗਟਾਈ ਕਿ ਇਹ ਖੇਡਾਂ ਪੇਂਡੂ ਖੇਤਰ ਦੇ ਨੌਜਵਾਨਾਂ ਦੀ ਕਿਸਮਤ ਨੂੰ ਬਦਲਣ ਵਿੱਚ ਬੇਹੱਦ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਇਸ ਖੇਡ ਮੇਲੇ ਦੇ ਸਫਲ ਆਯੋਜਨ ਲਈ ਯਤਨਸ਼ੀਲ ਸਾਰੇ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਮੁੱਖ ਮਹਿਮਾਨ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।
ਉਨ੍ਹਾਂ ਪੁਰਾਣੇ ਪੇਂਡੂ ਪੰਜਾਬ ਦੇ ਨਜ਼ਾਰਿਆਂ ਨੂੰ ਦਰਸਾਉਂਦੀ ਸੱਭਿਆਚਾਰ ਅਤੇ ਵਿਰਾਸਤੀ ਪ੍ਰਦਰਸ਼ਨੀ ਵਿੱਚ ਸਵੈ ਸਹਾਇਤਾ ਸਮੂਹਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਵੀ ਦੌਰਾ ਕੀਤਾ। ਇਸ ਦੌਰਾਨ ਅਗਲੇ ਸਾਲ ਦੁਬਾਰਾ ਮਿਲਣ ਦੇ ਵਾਅਦੇ ਨਾਲ ਇੱਥੇ ਤਿੰਨ ਰੋਜ਼ਾ ਪੇਂਡੂ ਖੇਡ ਮੇਲਾ ਸਮਾਪਤ ਹੋ ਗਿਆ। ਆਖਰੀ ਦਿਨ ਖੇਡ ਮੁਕਾਬਲਿਆਂ ਵਿੱਚ ਹਾਕੀ (ਸੈਮੀਫਾਈਨਲ ਅਤੇ ਫਾਈਨਲ), 400 ਮੀਟਰ ਦੌੜ (ਲੜਕੀਆਂ ਅਤੇ ਲੜਕੇ), ਕਬੱਡੀ ਸਰਕਲ (ਸੈਮੀਫਾਈਨਲ ਅਤੇ ਫਾਈਨਲ), 100 ਮੀਟਰ ਦੌੜ (75, 80 ਤੋਂ ਉੱਪਰ ਪੁਰਸ਼), 100 ਮੀਟਰ ਦੌੜ ( ਲੜਕੀਆਂ ਅਤੇ ਲੜਕੇ), ਸਾਈਕਲਿੰਗ ਅਤੇ ਹੋਰ ਸ਼ਾਮਲ ਸਨ। ਇੰਟਰਨੈਸ਼ਨਲ ਪੱਧਰ ਦੇ ਕੋਚ ਸਤਵਿੰਦਰ ਸਿੰਘ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਤਾਈਕਵਾਂਡੋ ਸ਼ੋਅ ਪਟਿਆਲਾ ਦੇ ਸਕੂਲੀ ਵਿਦਿਆਰਥੀਆਂ ਦੇ ਗਰੁੱਪ ਵੱਲੋਂ ਕੀਤਾ ਗਿਆ। ਸਟੇਡੀਅਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀ ਸੰਗੀਤਕ ਪੇਸ਼ਕਾਰੀ ਨੇ ਵੀ ਲੋਕਾਂ ਦਾ ਮਨ ਮੋਹ ਲਿਆ।