ਲੁਧਿਆਣਾ (ਰਾਜਕੁਮਾਰ ਸਾਥੀ) । ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਐਮ ਸਿੰਧੀਆ ਨੇ ਕਿਹਾ ਹੈ ਕਿ ਰਾਸ਼ਟਰੀ ਸ਼ਹਿਰੀ ਹਵਾਬਾਜ਼ੀ ਨੀਤੀ 2016, ਨਵੀਂ ਦਿੱਲੀ ਤੋਂ 5000 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਸਥਿਤ ਦੇਸ਼ਾਂ ਦੇ ਨਾਲ ਪਰਸਪਰ ਆਧਾਰ ‘ਤੇ ਓਪਨ ਸਕਾਈ ਏਅਰ ਸਰਵਿਸ ਏਗ੍ਰੀਮੇੰਟ ਪ੍ਰਦਾਨ ਕਰਦੀ ਹੈ। ਕੈਨੇਡਾ ਓਪਨ ਸਕਾਈ ਏਗ੍ਰੀਮੇੰਟ ਦੇ ਅਨੁਸਾਰ ਅਸੀਮਤ ਸਿੱਧੀ ਕਨੈਕਟੀਵਿਟੀ ਲਈ ਭਾਰਤ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਇਹ ਕੈਨੇਡੀਅਨ ਏਅਰਲਾਈਨਜ਼ ਦੁਆਰਾ 6 ਭਾਰਤੀ ਹਵਾਈ ਅੱਡਿਆਂ ਜਿਵੇਂ ਕਿ ਦਿੱਲੀ, ਮੁੰਬਈ, ਚੇਨਈ, ਹੈਦਰਾਬਾਦ, ਬੈਂਗਲੁਰੂ ਅਤੇ ਕੋਲਕਾਤਾ ਲਈ ਅਸੀਮਤ ਸਿੱਧੀ ਕਨੈਕਟੀਵਿਟੀ ਦੀ ਪੇਸ਼ਕਸ਼ ਕਰਦਾ ਹੈ। ਉਸਨੇ ਅੱਗੇ ਕਿਹਾ ਕਿ ਪਰਸਪਰ ਤੌਰ ‘ਤੇ, ਇੰਡੀਅਨ ਏਅਰਲਾਈਨਜ਼ ਨੂੰ ਭਾਰਤ ਦੇ ਕਿਸੇ ਵੀ ਪੁਆਇੰਟ (ਅੰਮ੍ਰਿਤਸਰ ਅਤੇ ਚੰਡੀਗੜ੍ਹ ਸਮੇਤ) ਤੋਂ ਕੈਨੇਡਾ ਦੇ 6 ਹਵਾਈ ਅੱਡਿਆਂ ਜਿਵੇਂ ਟੋਰਾਂਟੋ, ਮਾਂਟਰੀਅਲ, ਐਡਮਿੰਟਨ, ਵੈਨਕੂਵਰ ਅਤੇ ਭਾਰਤ ਦੁਆਰਾ ਚੁਣੇ ਜਾਣ ਵਾਲੇ ਦੋ ਪੁਆਇੰਟਾਂ ਤੱਕ ਅਸੀਮਤ ਸਿੱਧੀ ਕਨੈਕਟੀਵਿਟੀ ਦੀ ਆਗਿਆ ਹੈ । ਮੰਤਰੀ ਨੇ ਇਹ ਜਵਾਬ ਸੋਮਵਾਰ ਨੂੰ ਰਾਜ ਸਭਾ ਵਿੱਚ ਅੰਮ੍ਰਿਤਸਰ ਅਤੇ ਮੋਹਾਲੀ ਹਵਾਈ ਅੱਡਿਆਂ ਤੋਂ ਭਾਰਤ ਅਤੇ ਕੈਨੇਡਾ ਦਰਮਿਆਨ ਉਡਾਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਦਿੱਤਾ, ਜੋ ਕਿ ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਗਏ ਸਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਮੰਤਰੀ ਨੂੰ ਪੁੱਛਿਆ ਸੀ ਕਿ ਕੀ ਭਾਰਤ ਅਤੇ ਕੈਨੇਡਾ ਦਰਮਿਆਨ ਉਡਾਣਾਂ ਦੀ ਗਿਣਤੀ ਵਧਾਉਣ ਦੇ ਹਾਲੀਆ ਸਮਝੌਤੇ ਵਿੱਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਨੂੰ ਛੱਡਿਆ ਗਿਆ ਹੈ, ਜੇਕਰ ਅਜਿਹਾ ਹੈ ਤਾਂ ਇਸ ਦੇ ਕੀ ਕਾਰਨ ਹਨ। ਉਨ੍ਹਾਂ ਕਿਹਾ ਕਿ ਉਹ ਮੰਤਰੀ ਵੱਲੋਂ ਦਿੱਤੇ ਜਵਾਬ ਤੋਂ ‘ਅਸੰਤੁਸ਼ਟ’ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਮੰਤਰੀ ਉਨ੍ਹਾਂ ਦੇ ਸਵਾਲ ਪ੍ਰਤੀ ਟਾਲ-ਮਟੋਲ ਦੀ ਨੀਤੀ ਅਪਣਾ ਰਹੇ ਸਨ। ਅਰੋੜਾ ਨੇ ਕਿਹਾ ਕਿ ਪੰਜਾਬ ਅਤੇ ਕੈਨੇਡਾ ਦਰਮਿਆਨ ਉਡਾਣਾਂ ਸ਼ੁਰੂ ਕਰਨ ਦੀ ਲੋੜ ਹੈ ਕਿਉਂਕਿ ਕੈਨੇਡਾ ‘ਚ ਵਸੇ ਭਾਰਤੀਆਂ ‘ਚ ਜ਼ਿਆਦਾਤਰ ਪੰਜਾਬੀ ਹਨ। ਅਰੋੜਾ ਨੇ ਕਿਹਾ, “ਭਾਰਤ ਅਤੇ ਕੈਨੇਡਾ ਵਿਚਾਲੇ ਓਪਨ ਸਕਾਈ ਏਗ੍ਰੀਮੇੰਟ ‘ਤੇ ਮੰਤਰੀ ਜਵਾਬ ਦੇਣ ਤੋਂ ਬਚਦੇ ਰਹੇ ਅਤੇ ਹੋਰ ਦੇਸ਼ਾਂ ਦੇ ਵੇਰਵੇ ਦਿੰਦੇ ਰਹੇ ਜਿਹਨਾਂ ਦਾ ਅੰਮ੍ਰਿਤਸਰ ਅਤੇ ਮੋਹਾਲੀ ਵਿਚਕਾਰ ਸਬੰਧ ਹੈ।”