ਧਰਮ ਦੇ ਆਧਾਰ ਤੇ ਵੰਡੀਆਂ ਪਾਉਣ ਵਾਲੇ ਲੋਕਾਂ ਨੂੰ ਹਾਈਲਾਈਟ ਕਰਨ ਤੋਂ ਬਚਣ ਲਈ ਕਿਹਾ
ਲੁਧਿਆਣਾ (ਰਾਜਕੁਮਾਰ ਸਾਥੀ)। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਆ ਚੈਨਲਾਂ ਲਈ ਕੰਮ ਕਰਨ ਵਾਲੇ ਪੱਤਰਕਾਰਾਂ ਨਾਲ ਪਹਿਲੀ ਮਿਲਣੀ ਦੌਰਾਨ ਅਪੀਲ ਕੀਤੀ ਕਿ ਸੋਸ਼ਲ ਮੀਡੀਆ ਤੇ ਚੱਲ ਰਹੇ ਚੈਨਲ ਪੰਜਾਬੀਆਂ ਵਿੱਚ ਭਾਈਚਾਰਕ ਸਾਂਝ ਵਧਾਉਣ ਵਿੱਚ ਸਹਿਯੋਗ ਕਰਨ। ਉਹਨਾਂ ਨੇ ਕਿਹਾ ਕਿ ਧਰਮ, ਜਾਤ, ਖੇਤਰ ਜਾਂ ਭਾਸ਼ਾ ਦੇ ਆਧਾਰ ਤੇ ਵੰਡੀਆਂ ਪਾਉਣ ਵਾਲੇ ਲੋਕਾਂ ਨੂੰ ਹਾਈਲਾਈਟ ਕਰਨ ਤੋਂ ਬਚਣਾ ਚਾਹੀਦਾ ਹੈ। ਕਿਓੰਕਿ ਅਜਿਹੇ ਕੁਝ ਲੋਕਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਣ ਦਾ ਖਤਰਾ ਬਣ ਜਾਂਦਾ ਹੈ। ਪੁਲਿਸ ਕਮਿਸ਼ਨਰ ਦਫਤਰ ਵਿਖੇ ਸਿੰਗਲ ਵਿੰਡੋ ਬਿਲਡਿੰਗ ਵਿੱਚ ਹੋਈ ਰਸਮੀ ਮੀਟਿੰਗ ਦੌਰਾਨ ਸੀਪੀ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ। ਲੋਕਤੰਤਰ ਦੀ ਰੱਖਿਆ ਲਈ ਮੀਡੀਆ ਨਾਲ ਜੁੜੇ ਲੋਕਾਂ ਨੂੰ ਆਪਣਾ ਕੰਮ ਪੂਰੀ ਜਿੰਮੇਦਾਰੀ ਨਾਲ ਕਰਨਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਆਪਣੇ ਪੁੱਠੇ-ਸਿੱਧੇ ਬਿਆਨਾਂ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਹਨ। ਅਜਿਹੇ ਲੋਕਾਂ ਨੂੰ ਕੁਝ ਸੋਸ਼ਲ ਮੀਡੀਆ ਚੈਨਲਾਂ ਨਾਲ ਜੁੜੇ ਲੋਕ ਹੀ ਹਾਈਲਾਈਟ ਕਰਨ ਦਾ ਕੰਮ ਕਰਦੇ ਹਨ, ਜੋ ਗਲਤ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਇੱਥੇ ਰਹਿਣ ਵਾਲੇ ਸਾਰੇ ਨਾਗਰਿਕਾਂ ਦਾ ਹੈ। ਇਸਨੂੰ ਧਰਮ, ਜਾਤ, ਭਾਸ਼ਾ ਜਾਂ ਖੇਤਰਵਾਦ ਦੇ ਨਾਮ ਤੇ ਵੰਡਿਆ ਨਹੀਂ ਜਾ ਸਕਦਾ। ਇਸ ਕਾਰਣ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਸਾਡੇ ਸੂਬੇ ਦਾ ਮਾਹੌਲ ਖਰਾਬ ਕਰਨ ਵਾਲੇ ਅਨਸਰਾਂ ਨੂੰ ਹਾਈਲਾਈਟ ਨਾ ਕੀਤਾ ਜਾਵੇ। ਤਾਂ ਜੋ ਉਹਨਾਂ ਦੇ ਗਲਤ ਬਿਆਨਾਂ ਨੂੰ ਸੁਣ ਕੇ ਲੋਕਾਂ ਵਿੱਚ ਕਿਸੇ ਤਰਾਂ ਦੇ ਮਤਭੇਦ ਦੀ ਭਾਵਨਾ ਜਾਗੇ। ਸੋਸ਼ਲ ਮੀਡੀਆ ਚੈਨਲਾਂ ਨੂੰ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਇੱਥੇ ਅਮਨ-ਸ਼ਾਂਤੀ ਨੂੰ ਬਹਾਲ ਰੱਖਣ ਵਿੱਚ ਆਪਣਾ ਲੋੜੀਂਦਾ ਯੋਗਦਾਨ ਦੇਣਾ ਚਾਹੀਦਾ ਹੈ। ਪੁਲਿਸ ਪ੍ਰਸ਼ਾਸਨ ਜਿਲੇ ਵਿੱਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਆਪਣੀ ਜਿੰਮੇਦਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਨਿਭਾਉਂਦਾ ਰਹੇਗਾ। ਚੰਡੀਗੜ੍ਹ-ਪੰਜਾਬ ਜਰਨਲਿਸਟ ਅਸੋਸੀਏਸ਼ਨ (ਪੱਟੀ ਗਰੁੱਪ) ਦੇ ਜਿਲ੍ਹਾ ਪ੍ਰਧਾਨ ਰਾਜਕੁਮਾਰ ਸਾਥੀ ਨੇ ਪੁਲਿਸ ਕਮਿਸ਼ਨਰ ਵੱਲੋਂ ਦਿੱਤੀ ਗਈ ਸਲਾਹ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਅਸੋਸੀਏਸ਼ਨ ਪਹਿਲਾਂ ਹੀ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰ ਚੁੱਕੀ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਧਰਮ, ਜਾਤ, ਖੇਤਰਵਾਦ ਜਾਂ ਭਾਸ਼ਾ ਦੇ ਆਧਾਰ ਤੇ ਵੰਡਣ ਵਾਲੇ ਬਿਆਨ ਦੇਣ ਵਾਲੇ ਲੋਕਾਂ ਨੂੰ ਹਾਈਲਾਈਟ ਕਰਨ ਤੋਂ ਗੁਰੇਜ ਕਰਨ। ਉਹਨਾਂ ਕਿਹਾ ਕਿ ਜਿਲਾ ਲੁਧਿਆਣਾ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਚੰਡੀਗੜ੍ਹ-ਪੰਜਾਬ ਜਰਨਲਿਸਟ ਅਸੋਸੀਏਸ਼ਨ ਹਰ ਪੱਖੋਂ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੇਗੀ।