ਪਿੰਡ ਸਲੌਦੀ ਵਿਖੇ ਲਗਾਇਆ ਗਿਆ “ਸਰਕਾਰ ਤੁਹਾਡੇ ਦੁਆਰ” ਕੈਂਪ

Share and Enjoy !

Shares


ਲੋਕਾਂ ਨੇ ਮੌਕੇ ‘ਤੇ ਹੀ ਸਰਕਾਰੀ ਸਕੀਮਾਂ ਦਾ ਲਿਆ ਲਾਭ,  ਇਲਾਕਾ ਨਿਵਾਸੀਆਂ ਵੱਲੋ ਇਸ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ, ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲਾਭਪਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਮੌਕੇ ਤੇ ਹੀ ਦਸਤਾਵੇਜ਼ ਕੀਤੇ ਜਾਰੀ

ਲੁਧਿਆਣਾ (ਦੀਪਕ ਸਾਥੀ) । ਤਹਿਸੀਲ ਸਮਰਾਲਾ ਦੇ ਪਿੰਡ ਸਲੌਦੀ ਦੀਆਂ ਮਹਿਲਾਵਾਂ ਬਲਵਿੰਦਰ ਕੌਰ, ਰਾਜਵਿੰਦਰ ਕੌਰ ਅਤੇ ਕੁਲਦੀਪ ਕੌਰ, ਤਿੰਨਾਂ ਵੱਲੋ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਸਰਕਾਰ ਤੁਹਾਡੇ ਦੁਆਰ’ ਸਕੀਮ ਲਈ ਧੰਨਵਾਦ ਕੀਤਾ ਜਿਸਦੇ ਤਹਿਤ ਤਿੰਨਾਂ ਦੇ ਬੁਢਾਪਾ ਪੈਨਸ਼ਨ ਕੇਸ ਮੌਕੇ ’ਤੇ ਹੀ ਮਨਜ਼ੂਰ ਹੋਏ ਹਨ। ਬਲਵਿੰਦਰ ਕੌਰ ਨੇ ਕਿਹਾ, “ਇਹ ਮੇਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੋਇਆ ਕਿ ਮੈਂ ਆਪਣੇ ਪਿੰਡ ਵਿੱਚ ਬੈਠ ਕੇ ਕਿਸੇ ਸਰਕਾਰੀ ਸਕੀਮ ਦਾ ਲਾਭ ਪ੍ਰਾਪਤ ਕੀਤਾ ਹੈ।”  ਜਦਕਿ ਰਾਜਵਿੰਦਰ ਕੌਰ ਅਤੇ ਕੁਲਦੀਪ ਕੌਰ ਨੇ ਵੀ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ।
“ਸਰਕਾਰ ਤੁਹਾਡੇ ਦੁਆਰ” ਕੈਂਪ ਦੌਰਾਨ ਬਲਵਿੰਦਰ ਸਿੰਘ, ਸੋਹਣ ਸਿੰਘ ਅਤੇ ਬਲਵਿੰਦਰ ਕੌਰ ਵਾਸੀ ਪਿੰਡ ਸਲੌਦੀ ਨੇ ਸੀਨੀਅਰ ਸਿਟੀਜਨ ਕਾਰਡ ਬਣਾਉਣ ਲਈ ਅਪਲਾਈ ਕੀਤਾ ਜਿਹੜਾ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਇਹਨਾਂ ਲਾਭਪਾਤਰੀਆਂ ਨੂੰ ਮੌਕੇ ਤੇ ਹੀ ਸੀਨੀਅਰ ਸਿਟੀਜਨ ਕਾਰਡ ਬਣਾ ਕੇ ਦਿੱਤਾ ਗਿਆ। ਇਹਨਾਂ ਲਾਭਪਾਤਰੀਆਂ ਵੱਲੋਂ ਸੇਵਾਵਾਂ ਤੁਰੰਤ ਮਿਲਣ ‘ਤੇ ਭਾਰੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਨਾਗਰਿਕ ਸੇਵਾਵਾਂ ਨੂੰ ਸਿੱਧੇ ਤੌਰ ‘ਤੇ ਉਨ੍ਹਾਂ ਤੱਕ ਪਹੁੰਚਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਪਿੰਡ ਲਲੌੜੀ ਕਲਾਂ ਵਾਸੀ ਗੁਰਮੀਤ ਸਿੰਘ, ਹਰਨੇਕ ਸਿੰਘ, ਸ਼ਿੰਗਾਰਾ ਸਿੰਘ ਅਤੇ ਦਰਸ਼ਨ ਸਿੰਘ ਨੇ ਆਪਣੇ ਪਿੰਡ ਦੇ ਘਰਾਂ ਦਾ ਟ੍ਰਾਂਸਫਾਰਮਰ ਲਗਾਉਣ ਲਈ ਅਰਜ਼ੀ ਦਿੱਤੀ। ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਹੀ ਮਨਜ਼ੂਰੀ ਦੇ ਕੇ ਟ੍ਰਾਂਸਫਾਰਮਰ ਲਗਾਉਣ ਦੇ ਹੁਕਮ ਦਿੱਤੇ ਗਏ। ਲਾਭਪਾਤਰੀਆਂ ਵੱਲੋਂ ਸਰਕਾਰ ਤੁਹਾਡੇ ਦੁਆਰ ਮੁਹਿੰਮ ਦੀ ਸ਼ਲਾਘਾ ਕੀਤੀ। ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਉਨ੍ਹਾਂ ਦੇ ਘਰ-ਘਰ ਪਹੁੰਚਾਉਣ ਲਈ  ਨੂੰ ਤਹਿਸੀਲ ਸਮਰਾਲਾ ਦੇ ਪਿੰਡ ਸਲੌਦੀ ਵਿਖੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ “ਸਰਕਾਰ ਤੁਹਾਡੇ ਦੁਆਰ” ਪਹਿਲਕਦਮੀ ਤਹਿਤ ਇੱਕ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ ਐਸ ਪੀ ਖੰਨਾ ਅਵਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਉਪ ਮੰਡਲ ਮੈਜਿਸਟਰੇਟ ਰਜਨੀਸ਼ ਅਰੋੜਾ ਅਤੇ ਸਹਾਇਕ ਕਮਿਸ਼ਨਰ (ਜਨਰਲ) ਕਿ੍ਤਿਕਾ ਗੋਇਲ ਤੋਂ ਇਲਾਵਾ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਮਾਲ, ਸੇਵਾ ਕੇਂਦਰ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ, ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦਾ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ, ਸਿਹਤ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੀ.ਐਸ.ਪੀ.ਸੀ.ਐਲ., ਪੇਂਡੂ ਵਿਕਾਸ ਅਤੇ ਪੰਚਾਇਤਾਂ, ਪੁਲਿਸ ਆਦਿ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕਰਦਿਆਂ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ। ਕੈਂਪ ਦੌਰਾਨ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬਿਨੈਕਾਰਾਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਸਰਕਾਰ ਤੁਹਾਡੇ ਦੁਆਰ ਤਹਿਤ ਪਿੰਡ-ਪਿੰਡ ਜਾ ਕੇ ਕੈਂਪ ਲਗਾਏ ਜਾ ਰਹੇ ਹਨ। ਉਸੇ  ਲੜੀ ਤਹਿਤ ਹੀ ਅੱਜ ਪਿੰਡ ਸਲੋਦੀ ਵਿਖੇ ਕੈਂਪ ਲਗਾਇਆ ਗਿਆ ਹੈ। ਜਿਸ ਵਿੱਚ ਕਰੀਬ 8 ਪਿੰਡਾਂ ਦੇ ਲੋਕ ਪਹੁੰਚੇ ਸਨ।  ਇਸ ਕੈਂਪ ਵਿੱਚ ਲੋਕਾਂ ਦੀਆਂ ਮੁਸਕਲਾਂ ਦਾ ਨਿਪਟਾਰਾ ਕਰਨ ਲਈ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ । ਉਹਨਾਂ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਂਵਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਸਾਰੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਇਸ ਮੌਕੇ ਦਾ ਲਾਭ ਪ੍ਰਾਪਤ ਕੀਤਾ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਰਕਾਰ ਦੀਆਂ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ‘ਸਰਕਾਰ ਤੁਹਾਡੇ ਦੁਆਰ’ ਸਕੀਮ ਤਹਿਤ ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਸੁਵਿਧਾ ਕੈਂਪਾਂ ਦੇ ਆਯੋਜਨ  ਰਾਹੀਂ ਨਿਵੇਕਲਾ ਉਪਰਾਲਾ ਕੀਤਾ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਹਨ ਕਿ ਅਸੀਂ ਸਰਕਾਰ ਪਿੰਡਾਂ ਵਿੱਚ ਲੈ ਕੇ ਜਾਈਏ ਤਾਂ ਜੋ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਮੌਕੇ ਤੇ ਹੀ ਹੱਲ ਕੀਤਾ ਜਾ ਸਕੇ l ਉਸ ਮੰਤਵ ਨਾਲ ਹੀ  ਅਸੀਂ ਤਹਿਸੀਲ ਸਮਰਾਲਾ ਦੇ ਪਿੰਡ ਸਲੋਦੀ ਵਿਖੇ ਪਹੁੰਚੇ ਹਾਂ l ਉਹਨਾਂ ਕਿਹਾ ਕਿ ਅਸੀਂ ਪੂਰੇ ਜ਼ਿਲ੍ਹੇ ਵਿੱਚ ਹਰ ਹਫਤੇ ਸਰਕਾਰ ਤੁਹਾਡੇ ਦੁਆਰ ਦੇ ਦੋ ਕੈਂਪ ਲਗਾਉਂਦੇ ਹਾਂ l ਉਹਨਾਂ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਫ਼ਸਰ ਵੀ ਇਹਨਾਂ ਕੈਂਪਾਂ ਵਿੱਚ ਮੌਜੂਦ ਰਹਿੰਦੇ ਹਨl ਉਹਨਾਂ ਕਿਹਾ ਅੱਜ ਮੌਕੇ ਤੇ ਹੀ ਕਈ ਲੋਕਾਂ ਦੀਆਂ ਵਿਧਵਾ ਤੇ ਬੁਢਾਪਾ ਪੈਨਸ਼ਨਾ ਲਗਾਈਆਂ ਗਈਆਂ l ਉਹਨਾਂ ਕਿਹਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਲੋਕਾਂ ਨੂੰ ਪਿੰਡ ਪੱਧਰ ਤੇ ਹੀ ਪ੍ਰਦਾਨ ਕਰ ਸਕੀਏ। ਉਹਨਾਂ ਕਿਹਾ ਕਿ ਸਾਨੂੰ ਜ਼ਮੀਨੀ ਪੱਧਰ ਤੇ ਆ ਕੇ ਹੀ ਲੋਕਾਂ ਦੀਆਂ ਮੁਸਕਲਾਂ ਦਾ ਪਤਾ ਲੱਗਦਾ ਹੈ।  ਇਹਨਾਂ ਮੁਸ਼ਕਲਾਂ ਨੂੰ ਸੁਣ ਕੇ ਹੀ ਹੱਲ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਗਲੇ ਕੈਂਪ ਲਗਾਉਣ ਤੋਂ ਪਹਿਲਾ-ਪਹਿਲਾ ਅਸੀਂ ਪਿਛਲੇ ਕੈਂਪ ਦੀਆਂ ਜਿੰਨੀਆਂ ਵੀ ਸ਼ਿਕਾਇਤਾਂ ਜਾਂ ਸੇਵਾਵਾਂ ਪ੍ਰਦਾਨ ਨਹੀਂ ਹੋਈਆਂ ਉਨ੍ਹਾਂ ਨੂੰ ਵੀ ਪ੍ਰਦਾਨ ਕਰ ਸਕੀਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਵਿਭਾਗਾਂ ਵੱਲੋਂ ਸਰਕਾਰੀ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ। ਉਹਨਾਂ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਤਹਿਤ ਅਸੀਂ ਹਰ ਮੰਗਲਵਾਰ ਤੇ ਸ਼ੁੱਕਰਵਾਰ ਜ਼ਿਲ੍ਹਾ ਲੁਧਿਆਣਾ ਦੀਆਂ ਵੱਖ-ਵੱਖ ਥਾਵਾਂ ਤੇ ਕੈਪ ਲਗਾਉਂਦੇ ਹਾਂ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਬੱਚੀ ਦਾ ਜਨਮ ਸਰਟੀਫਿਕੇਟ ਨਾ ਹੋਣ ਕਰਕੇ ਸੱਤ ਸਾਲ ਤੋਂ ਅਧਾਰ ਕਾਰਡ ਨਹੀਂ ਬਣ ਰਿਹਾ ਸੀ। ਉਹਨਾਂ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਦੋ ਵਿਭਾਗ ਸ਼ਾਮਲ ਹੋ ਗਏ ਹਨ ਅਤੇ ਉਸ ਬੱਚੀ ਦਾ ਪਹਿਲਾਂ ਜਨਮ ਸਰਟੀਫਿਕੇਟ ਬਣ ਕੇ ਅਧਾਰ ਕਾਰਡ ਬਣ ਜਾਵੇਗਾ। ਉਹਨਾਂ ਕਿਹਾ ਕਿ ਸਾਨੂੰ ਵੀ ਲੋਕਾਂ ਦੀਆਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਪਿੰਡ ਪੱਧਰ ਤੇ ਹੀ ਪਹੁੰਚ ਕੇ ਹੀ ਪਤਾ ਲੱਗੀਆਂ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣ ਦਾ ਇਹੀ ਫਾਇਦਾ ਹੁੰਦਾ ਹੈ। ਉਹਨਾਂ ਕਿਹਾ ਕਿ ਸਵੇਰ ਤੋਂ ਹੀ ਬਹੁਤ ਸਾਰੇ ਲੋਕ ਇੱਥੇ ਪਹੁੰਚ ਕੇ ਇਸ ਕੈਂਪ ਦਾ ਲਾਭ ਪ੍ਰਾਪਤ ਕਰ ਰਹੇ ਹਨ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲਾਭਪਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਮੌਕੇ ਤੇ ਹੀ ਦਸਤਾਵੇਜ਼ ਜਾਰੀ ਕੀਤੇ। ਵਾਤਾਵਰਣ ਦੀ ਸ਼ੁੱਧਤਾ ਲਈ ਪਿੰਡ ਸਲੌਦੀ ਦੇ ਸ਼ਮਸ਼ਾਨ ਘਾਟ ਵਿੱਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ ਖੰਨਾ ਅਵਨੀਤ ਕੌਂਡਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਜਨਰਲ ਕਿ੍ਤਿਕਾ ਗੋਇਲ ਅਤੇ ਉਪ ਮੰਡਲ ਮੈਜਿਸਟਰੇਟ ਸਮਰਾਲਾ ਰਜਨੀਸ਼ ਅਰੋੜਾ ਨੇ ਬੂਟੇ ਵੀ ਲਗਾਏ।

 

 

Share and Enjoy !

Shares

About Post Author

Leave a Reply

Your email address will not be published. Required fields are marked *