ਲੁਧਿਆਣਾ (ਰਾਜਕੁਮਾਰ ਸਾਥੀ)। ਸ੍ਰੀ ਨਰਿੰਦਰ ਸਿੰਘ ਧਾਲੀਵਾਲ, ਚੋਣਕਾਰ ਰਜਿਸਟ੍ਰੇਸ਼ਨ ਅਫਸਰ ਵਿਧਾਨ ਸਭਾ ਚੋਣ ਹਲਕਾ 066 – ਗਿੱਲ (ਐੱਸ.ਸੀ)-ਕਮ-ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਦੀਆਂ ਸਵੀਪ ਗਤੀਵਿਧੀਆਂ ਅਧੀਨ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਜਸਵਿੰਦਰ ਸਿੰਘ ਪ੍ਰਿੰਸੀਪਲ ਨੋਡਲ ਅਫਸਰ, ਸਵੀਪ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਥਰੀਕੇ ਵਿਖੇ ਪਿੰਡ ਥਰੀਕੇ ਅਤੇ ਨਾਲ ਲੱਗਦੀਆਂ ਕਲੋਨੀਆਂ ਦੀਆਂ ਮਹਿਲਾ ਵੋਟਰਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਮਹਿਲਾ ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਡਾ: ਗਗਨਦੀਪ ਕੌਰ ਮਹਿਲਾ ਆਈਕਨ ਹਲਕਾ ਗਿੱਲ ਸ਼ਾਮਿਲ ਹੋਏ। ਉਨ੍ਹਾਂ ਵੱਲੋਂ ਆਪਣੇ ਸੰਬੋਧਨ ਦੌਰਾਨ ਕਿਹਾ ਗਿਆ ਕਿ ਜੇਕਰ ਘਰ ਦੀ ਔਰਤ ਜਾਗਰੂਕ ਹੈ ਤਾਂ ਉਹ ਸਾਰੇ ਪਰਿਵਾਰ ਨੂੰ ਜਾਗਰੂਕ ਕਰ ਸਕਦੀ ਹੈ। ਘਰ ਵਿੱਚ ਜੇਕਰ ਕੋਈ 18 ਸਾਲ ਤੋਂ ਉਪਰ ਹੈ ਤਾਂ ਉਸਦੀ ਵੋਟ ਬਣਵਾਈ ਜਾਵੇ। ਇਸ ਲੋਕਤੰਤਰੀ ਦੇਸ਼ ਵਿੱਚ ਵੋਟ ਦੇ ਅਧਿਕਾਰ ਨੂੰ ਸਮਝਦੇ ਹੋਏ ਵੋਟਾਂ ਸਮੇਂ ਆਪਣੀ ਵੋਟ ਜ਼ਰੂਰ ਪਾਓ। ਆਪਣੇ ਪਰਿਵਾਰ ਤੇ ਹੋਰਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਵੱਲੋਂ ਕਿਹਾ ਗਿਆ ਕਿ ਜਿੱਥੇ ਵੋਟ ਬਣਾਉਣਾ ਸਾਡਾ ਸੰਵਿਧਾਨਿਕ ਹੱਕ ਹੈ ਉਥੇ ਵੋਟ ਦਾ ਇਸਤੇਮਾਲ ਕਰਨਾ ਵੀ ਸਾਡੀ ਵੱਡੀ ਜਿੰਮੇਵਾਰੀ ਹੈ। ਚੰਗੇ ਸਮਾਜ ਦੀ ਸਿਰਜਣਾ ਲਈ ਆਪਣੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਵੀ ਵੋਟ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਜਾਵੇ। ਥਰੀਕੇ ਪਿੰਡ ਦੇ ਸਬੰਧਤ ਬੂਥਾਂ ਦੇ ਸੁਪਰਵਾਈਜ਼ਰ ਜਗਦੇਵ ਸਿੰਘ ਖੇਤੀਬਾੜੀ ਅਫਸਰ ਨੇ ਕਿਹਾ ਕਿ ਮਹਿਲਾ ਵੋਟਰ ਆਪਣੀ ਵੋਟ ਦਾ ਇਸਤੇਮਾਲ ਵੀ ਕਰਨ ਅਤੇ ਆਪਣੇ ਨਜਦੀਕੀਆਂ ਨੂੰ ਉਤਸ਼ਾਹਿਤ ਵੀ ਕਰਨ। ਵੋਟ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਪਾਉਣੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਅਧਿਆਪਕ ਸ੍ਰੀ ਰਵੇਲ ਸਿੰਘ ਵੱਲੋਂ ਵੀ ਵੋਟਾਂ ਦੀ ਮਹੱਤਤਾ ਬਾਰੇ ਵਿਚਾਰ ਰੱਖੇ। ਅਖੀਰ ਵਿੱਚ ਜਗਦੇਵ ਸਿੰਘ ਖੇਤੀਬਾੜੀ ਅਫਸਰ ਵੱਲੋਂ ਸਮੂਹ ਪਤਵੰਤਿਆਂ ਸਖਸ਼ੀਅਤਾਂ ਅਤੇ ਔਰਤ ਵੋਟਰਾਂ ਦਾ ਚੋਣ ਕਮਿਸ਼ਨ ਦੀ ਤਰਫੋਂ ਮਹਿਲਾ ਵੋਟਰ ਜਾਗਰੂਕਤਾ ਕੈਂਪ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ।