ਲੁਧਿਆਣਾ (ਰਾਜਕੁਮਾਰ ਸਾਥੀ) । ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਆਪਣੇ ਹਲਕੇ ਵਿੱਚ ਪੈਂਦੀਆਂ ਮਾਰਕੀਟ ਐਸੋਸੀਏਸ਼ਨਾਂ ਅਤੇ ਪਾਰਕਿੰਗਾਂ ਦੇ ਠੇਕੇਦਾਰਾਂ ਨਾਲ ਲੜੀਵਾਰ ਮੀਟਿੰਗਾਂ ਕਰਨ ਤੋਂ ਬਾਅਦ ਪਾਰਕਿੰਗ ਸਥਾਨਾਂ ‘ਤੇ ਪ੍ਰਤੀ ਘੰਟੇ ਦੀ ਫੀਸ ਅਤੇ ਮਹੀਨਾਵਾਰ ਪਾਸ ਚਾਰਜਿਜ਼ ਵਿੱਚ ਵਾਧੇ ਦਾ ਮਾਮਲਾ ਸੁਲਝ ਗਿਆ ਹੈ। ਸ਼ੁੱਕਰਵਾਰ ਨੂੰ ਨਗਰ ਨਿਗਮ ਦੇ ਡੀ-ਜ਼ੋਨ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਕਿਹਾ ਕਿ ਦੋਵੇਂ ਮਾਰਕੀਟ ਐਸੋਸੀਏਸ਼ਨਾਂ ਅਤੇ ਠੇਕੇਦਾਰ ਸਹਿਮਤੀ ਬਣਾਉਣ ਲਈ ਰਾਜ਼ੀ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰਾਂ ਨੇ ਪਾਰਕਿੰਗ ਫੀਸਾਂ ਦੀਆਂ ਦਰਾਂ ਘਟਾਉਣ ਦਾ ਫੈਸਲਾ ਕੀਤਾ ਹੈ ਅਤੇ ਉਨ੍ਹਾਂ ਵੱਲੋਂ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ। ਇਸ ਦੇ ਨਾਲ ਹੀ ਵਾਹਨਾਂ ਦੀਆਂ ਕਤਾਰਾਂ ਦਾ ਢੁੱਕਵਾਂ ਪ੍ਰਬੰਧ ਯਕੀਨੀ ਬਣਾਉਣਗੇ, ਕੰਮਕਾਜ ਚਲਾਉਣ ਲਈ ਚੰਗੇ ਵਤੀਰੇ ਵਾਲੇ ਅਤੇ ਪ੍ਰਮਾਣਿਤ ਮੈਨਪਾਵਰ ਨੂੰ ਤਾਇਨਾਤ ਕਰਨਗੇ। ਉਨ੍ਹਾਂ ਕਿਹਾ ਕਿ ਪਾਰਕਿੰਗਾਂ ਦੇ ਬਾਹਰ ਦਰਾਂ ਦਰਸਾਉਣ ਵਾਲੇ ਫਲੈਕਸ ਬੋਰਡ ਵੀ ਲਗਾਏ ਜਾਣਗੇ। ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦੇ ਮੋਬਾਈਲ ਨੰਬਰਾਂ ਦਾ ਵੀ ਜ਼ਿਕਰ ਕੀਤਾ ਜਾਵੇਗਾ, ਜਿੱਥੇ ਲੋਕ ਪਾਰਕਿੰਗ ਸਥਾਨਾਂ ਵਿੱਚ ਸਟਾਫ਼ ਵੱਲੋਂ ਵੱਧ ਪੈਸੇ ਵਸੂਲ ਕਰਨ ਜਾਂ ਦੁਰਵਿਵਹਾਰ ਦੇ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾ ਸਕਣਗੇ। ਵਿਧਾਇਕ ਨੇ ਮਾਰਕੀਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਤੇ ਠੇਕੇਦਾਰਾਂ ਦਾ ਸਮਾਜ ਦੀ ਭਲਾਈ ਲਈ ਮਸਲਾ ਹੱਲ ਕਰਨ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।