ਸਰਕਾਰ ਵੱਲੋਂ ਰੋਕ ਲਗਾਉਣ ਦੇ ਬਾਵਜੂਦ ਨਹੀਂ ਬੰਦ ਹੋ ਰਿਹਾ ਘੱਟ ਮਾਈਕ੍ਰੋਨ ਦੇ ਲਿਫਾਫਿਆਂ ਦਾ ਪ੍ਰੋਡਕਸ਼ਨ, ਪਲਾਸਟਿਕ ਦੇ ਇਸਤੇਮਾਲ ਨਾਲ ਵਧ ਰਹੇ ਹਨ ਕੈਂਸਰ ਦੇ ਕੇਸ
ਲੁਧਿਆਣਾ (ਰਾਜਕੁਮਾਰ ਸਾਥੀ)। ਇਨਸਾਨ ਘਰ ਤੋਂ ਲੈ ਕੇ ਬਾਹਰ ਤੱਕ ਹਰ ਪਾਸੇ ਪਲਾਸਟਿਕ ਨਾਲ ਘਿਰਿਆ ਪਿਆ ਹੈ। ਇਹ ਉਹ ਪਲਾਸਟਿਕ ਹੈ, ਜਿਸਨੂੰ ਜੇਕਰ ਮਿੱਟੀ ਵਿੱਚ ਵੀ ਦੱਬ ਦਿੱਤਾ ਜਾਵੇ ਤਾਂ ਹਜਾਰਾਂ ਸਾਲ ਤੱਕ ਇਹ ਖਤਮ ਨਹੀਂ ਹੁੰਦਾ ਅਤੇ ਇਸਦੇ ਮਾੜੇ ਪ੍ਰਭਾਵ ਇਨਸਾਨ ਤੇ ਪੈਂਦੇ ਰਹਿੰਦੇ ਹਨ। ਕਿਸੇ ਵੀ ਚੀਜ ਦੀ ਖਰੀਦਦਾਰੀ ਲਈ ਵਰਤਿਆ ਜਾਣ ਵਾਲਾ ਕੈਰੀਬੈਗ ਵੀ ਇਨਸਾਨ ਲਈ ਬਹੁਤ ਘਾਤਕ ਹੈ। ਕਿਓੰਕਿ ਇਸ ਨਾਲ ਕੈਂਸਰ ਦੇ ਕੇਸਾਂ ਵਿੱਚ ਕਈ ਗੁਣਾ ਵਾਧਾ ਹੋ ਗਿਆ ਹੈ। ਪਰੰਤੁ ਸਰਕਾਰਾਂ ਸਿਰਫ ਪਲਾਸਟਿਕ ਤੇ ਪ੍ਰੋਡਕਸ਼ਨ ਅਤੇ ਇਸਤੇਮਾਲ ਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕਰਕੇ ਹੀ ਆਪਣਾ ਫਰਜ ਪੂਰਾ ਕਰ ਲੈਂਦੀਆਂ ਹਨ, ਜਦਕਿ ਇਹਨਾਂ ਆਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕੁਝ ਨਹੀਂ ਕੀਤਾ ਜਾਂਦਾ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ 2022 ਦੀ ਰਿਪੋਰਟ ਮੁਤਾਬਿਕ ਪੰਜਾਬ ਵਿੱਚ ਹਰ ਸਾਲ 1 ਲੱਖ 28 ਹਜਾਰ 744.64 ਟਨ ਪਲਾਸਟਿਕ ਦਾ ਕਚਰਾ ਤਿਆਰ ਹੁੰਦਾ ਹੈ।
ਲੁਧਿਆਣਾ ਵਿੱਚ ਮੀਰਾ ਸ਼ਾਪਿੰਗ ਬੈਗ ਬਨਾਉਣ ਵਾਲੀ ਫੈਕਟਰੀ ਦੇ ਮਾਲਿਕ ਰਾਕੇਸ਼ ਕੁਮਾਰ ਨਾਗਪਾਲ ਦੱਸਦੇ ਹਨ ਕਿ ਇਨਸਾਨ ਅਤੇ ਪਸ਼ੁਆਂ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ 120 ਮਾਈਕ੍ਰੋਨ ਤੋਂ ਘੱਟ ਕੁਆਲਿਟੀ ਦੇ ਕੈਰੀਬੈਗ ਜਾਂ ਪੋਲੀਬੈਗ ਦੇ ਪ੍ਰੋਡਕਸ਼ਨ ਕਰਨ ਤੇ ਰੋਕ ਲਗਾਈ ਹੋਈ ਹੈ। ਇਸਦੇ ਨਾਲ ਹੀ ਬਾਇਓ ਡੀ-ਗ੍ਰੇਬਲ ਲਿਫਾਫਾ ਬਨਾਉਣ ਲਈ ਸਰਕਾਰ ਕਾਫੀ ਸਮੇਂ ਤੋਂ ਜੋਰ ਲਗਾਉਂਦੀ ਆ ਰਹੀ ਹੈ, ਕਿਓੰਕਿ ਇਹ ਲਿਫਾਫਾ ਡੇਢ ਤੋਂ ਦੋ ਸਾਲ ਦੇ ਵਿੱਚ ਮਿੱਟੀ ਬਣ ਜਾਂਦਾ ਹੈ। ਜਿਸ ਕਾਰਣ ਇਸਦਾ ਇਨਸਾਨ ਦੇ ਸ਼ਰੀਰ ਤੇ ਕੋਈ ਮਾੜਾ ਪ੍ਰਭਾਵ ਪੈਣ ਦਾ ਡਰ ਨਹੀਂ ਰਹਿੰਦਾ, ਪਰੰਤੁ ਸਰਕਾਰਾਂ ਇਸ ਤਰਾਂ ਦੇ ਲਿਫਾਫੇ ਬਨਾਉਣ ਵਾਲੀ ਫੈਕਟਰੀਆਂ ਨੂੰ ਉਤਸਾਹਿਤ ਨਹੀਂ ਕਰਦੀਆਂ। ਇਸਦੇ ਉਲਟ ਗੁਜਰਾਤ ਜਾਂ ਮਹਾਰਾਸ਼ਟਰ ਵਿੱਚ ਤਿਆਰ ਹੋ ਰਹੇ 3-5 ਮਾਈਕ੍ਰੋਨ ਦੇ ਲਿਫਾਫੇ ਪੰਜਾਬ ਵਿੱਚ ਧੜੱਲੇ ਨਾਲ ਵਿਕ ਰਹੇ ਹਨ। ਨਾਗਪਾਲ ਨੇ ਦੱਸਿਆ ਕਿ ਗੁਜਰਾਤ ਜਾਂ ਮਹਾਰਾਸ਼ਟਰ ਤੋਂ ਆਯਾਤ ਹੋ ਕੇ ਆ ਰਹੇ ਇਹਨਾਂ ਲਿਫਾਫਿਆਂ ਤੇ ਮੁਹਰ ਤਾਂ 120 ਮਾਈਕ੍ਰੋਨ ਦੀ ਲੱਗੀ ਹੁੰਦੀ ਹੈ, ਪਰੰਤੁ ਅਸਲ ਵਿੱਚ ਇਹ 3-5 ਮਾਈਕ੍ਰੋਨ ਦੇ ਹੁੰਦੇ ਹਨ। ਉਹਨਾਂ ਦੱਸਿਆ ਕਿ ਉਹ ਕਈ ਵਾਰ ਇਸਦੀ ਸ਼ਿਕਾਇਤ ਲੈ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ, ਪਰੰਤੁ ਉਹਨਾਂ ਕੋਲ ਮਾਈਕ੍ਰੋਨ ਨਾਪਣ ਦੀ ਤਕਨੀਕੀ ਜਾਣਕਾਰੀ ਨਹੀਂ ਹੈ, ਜਿਸ ਨਾਲ ਉਹ ਬਾਹਰੀ ਰਾਜਾਂ ਤੋਂ ਆ ਰਹੇ ਇਹਨਾਂ ਲਿਫਾਫਿਆਂ ਦੀ ਕੁਆਲਿਟੀ ਚੈਕ ਕਰ ਸਕਣ। ਨਾਗਪਾਲ ਨੇ ਦੱਸਿਆ ਕਿ 120 ਮਾਈਕ੍ਰੋਨ ਵਾਲੇ ਲਿਫਾਫੇ ਇੱਕ ਕਿਲੋ ਭਾਰ ਵਿੱਚ 60 ਜਾਂ 70 ਚੜਦੇ ਹਨ, ਜਦਕਿ ਬਾਹਰੀ ਰਾਜਾਂ ਤੋਂ ਆ ਰਹੇ ਲਿਫਾਫੇ ਇੱਕ ਕਿੱਲੋਂ ਵਿੱਚ ਇੱਕ ਹਜਾਰ ਚੜ ਜਾਂਦੇ ਹਨ। ਜਿਆਦਾ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਲਿਫਾਫਾ ਮਾਫੀਆ ਸਰਕਾਰ ਦੇ ਆਦੇਸ਼ਾਂ ਦੀਆਂ ਧੱਜੀਆਂ ਉੜਾ ਰਿਹਾ ਹੈ।
ਮੈਡੀਵੇਜ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਕਰਮਵੀਰ ਗੋਇਲ ਦਾ ਕਹਿਣਾ ਹੈ ਕਿ ਅੱਜ ਹਰ ਚੀਜ ਨੂੰ ਪਲਾਸਟਿਕ ਵਿੱਚ ਹੀ ਪੈਕ ਕੀਤਾ ਜਾ ਰਿਹਾ ਹੈ। ਖਾਣ ਦਾ ਸਮਾਨ ਵੀ ਪਲਾਸਟਿਕ ਦੇ ਲਿਫਾਫਿਆਂ ਜਾਂ ਡੱਬਿਆਂ ਵਿੱਚ ਪੈਕ ਹੋ ਰਿਹਾ ਹੈ। ਅਸੀਂ ਚਾਰੇ ਪਾਸੇ ਪਲਾਸਟਿਕ ਨਾਲ ਘਿਰੇ ਪਏ ਹਾਂ। ਇਸ ਪਲਾਸਟਿਕ ਦੇ ਕਾਰਣ ਹੀ ਵਿਅਕਤੀ ਨੂੰ ਗਲਾ, ਫੇਫੜੇ, ਫੂਡ ਪਾਈਪ ਅਤੇ ਪੇਟ ਦਾ ਕੈੰਸਰ ਹੋਣ ਦੇ ਕੇਸ ਵਧਦੇ ਜਾ ਰਹੇ ਹਨ। ਪਸ਼ੁ ਵੀ ਇਹਨਾਂ ਪਲਾਸਟਿਕ ਦੇ ਖਤਰਨਾਕ ਲਿਫਾਫਿਆਂ ਕਾਰਣ ਆਪਣੀ ਜਾਨ ਗਵਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਇਨਸਾਨ ਨੂੰ ਖਤਰਨਾਕ ਬੀਮਾਰੀਆਂ ਤੋਂ ਬਚਾਉਣਾ ਹੈ ਤਾਂ ਪਲਾਸਟਿਕ ਤੋਂ ਬਣੀਆਂ ਸਾਰੀਆਂ ਚੀਜਾਂ ਨੂੰ ਛੱਡਣਾ ਹੋਵੇਗਾ।
ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਉਹ ਪਬਲਿਕ ਐਕਸ਼ਨ ਕਮੇਟੀ ਅਤੇ ਬੁੱਢਾ ਦਰਿਆ ਐਕਸ਼ਨ ਫਰੰਟ ਰਾਹੀਂ ਲੋਕਾਂ ਨੂੰ ਲਗਾਤਾਰ ਪਲਾਸਟਿਕ ਤੋਂ ਬਚਣ ਲਈ ਜਾਗਰੂਕ ਕਰਦੇ ਆ ਰਹੇ ਹਨ। ਜਿਧਰ ਮਰਜੀ ਦੇਖ ਲਵੋ, ਹਰ ਪਾਸੇ ਮਨੁੱਖ ਪਲਾਸਟਿਕ ਨਾਲ ਘਿਰਿਆ ਪਿਆ ਹੈ। ਜਿੰਨੀ ਤੇਜੀ ਨਾਲ ਪਲਾਸਟਿਕ ਦਾ ਇਸਤੇਮਾਲ ਵਧ ਰਿਹਾ ਹੈ, ਓਨੀ ਹੀ ਤੇਜੀ ਨਾਲ ਮਨੁੱਖ ਵੱਖ-ਵੱਖ ਬੀਮਾਰੀਆਂ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਜਿਸ ਤਰੀਕੇ ਨਾਲ ਹਰ ਪਾਸੇ ਪਲਾਸਟਿਕ ਪਿਆ ਨਜਰ ਆਉਂਦਾ ਹੈ, ਤਾਂ ਇਹ ਸਾਡੀ ਆਉਣ ਵਾਲੀ ਪੀੜੀ ਲਈ ਵੱਡੇ ਖਤਰੇ ਦੀ ਘੰਟੀ ਹੈ। ਸਾਨੂੰ ਸਾਰਿਆਂ ਨੂੰ ਜਾਗਰੂਕ ਹੋ ਕੇ ਪਲਾਸਟਿਕ ਦਾ ਤਿਆਗ ਕਰਨਾ ਪਵੇਗਾ ਅਤੇ ਬਾਇਓ-ਡੀਗ੍ਰੇਬਲ ਲਿਫਾਫਿਆਂ ਦਾ ਇਸਤੇਮਾਲ ਕਰਕੇ ਹੀ ਇਸ ਕਦੇ ਨਾ ਖਤਮ ਹੋਣ ਵਾਲੇ ਪਲਾਸਟਿਕ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਰਕਾਰ ਨੂੰ ਇਸ ਪਾਸੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ।