ਸ਼ਹੀਦ ਸੁਖਦੇਵ ਦੇ 90ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ
ਚੌੜਾ ਬਾਜ਼ਾਰ ਤੋਂ ਸ਼ਹੀਦ ਦੇ ਜੱਦੀ ਘਰ ਜਾਣ ਵਾਲੀ ਸੜਕ ਨੂੰ ਚੌੜਾ ਕਰਨ ਦੇ ਪ੍ਰੋਜੈਕਟ ਨੂੰ ਦਿੱਤੀ ਪ੍ਰਵਾਨਗੀ
ਲੁਧਿਆਣਾ (ਰਾਜਕੁਮਾਰ ਸਾਥੀ)। ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਨੌਜਵਾਨਾਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਸਾਡੇ ਮਹਾਨ ਨਾਇਕਾਂ ਦੁਆਰਾ ਦਿੱਤੀ ਮਹਾਨ ਕੁਰਬਾਨੀ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਨਾਰਥ ਜ਼ੋਨ ਕਲਚਰਲ ਸੈਂਟਰ (ਐਨ.ਜੈਡ.ਸੀ.ਸੀ.) ਪਟਿਆਲਾ ਵੱਲੋਂ ਅੱਜ ਮੁਹੱਲਾ ਨੌਂਘਰਾ ਵਿਖੇ ਉਨ੍ਹਾਂ ਦੇ ਜੱਦੀ ਘਰ ਵਿਖੇ ਸ਼ਹੀਦ ਸੁਖਦੇਵ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਰੱਖੇ ਗਏ ਇੱਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹੀਦ ਸੁਖਦੇਵ ਜੀ ਨੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਰਾਜਗੁਰ ਜੀ ਦੇ ਨਾਲੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਵਾਰੀਆਂ ਅਤੇ ਦੇਸ਼ ਵਾਸੀ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਮਹਾਨ ਨਾਇਕਾਂ ਦੇ ਸ਼ਹੀਦੀ ਦਿਹਾੜੇ ਬੜੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਜੋਸ਼ ਅਤੇ ਦ੍ਰਿੜਤਾ ਨਾਲ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧਰਤੀ ਦੇ ਇਨ੍ਹਾਂ ਮਹਾਨ ਸਪੂਤਾਂ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਕਿਸੇ ਧਰਮ, ਫਿਰਕੇ ਜਾਂ ਖੇਤਰ ਤੱਕ ਸੀਮਤ ਨਹੀਂ ਹੁੰਦੇ, ਸਗੋਂ ਉਹ ਪੂਰੀ ਕੌਮ ਦਾ ਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਰੋਤ ਹਨ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸਾਡੇ ਮਹਾਨ ਸ਼ਹੀਦਾਂ ਦੇ ਦਰਸਾਏ ਕਦਮਾਂ ਦੀ ਪਾਲਣਾ, ਸੂਬੇ ਅਤੇ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਇਹ ਵੀ ਯਾਦ ਦੁਆਇਆ ਕਿ ਸਾਡੇ ਮਹਾਨ ਸੁਤੰਤਰਤਾ ਸੈਨਾਨੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੀ ਬਿਹਤਰੀ ਅਤੇ ਦੇਸ਼ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਰਬੋਤਮ ਕੁਰਬਾਨੀਆਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਸੁਤੰਤਰਤਾ ਸੰਗਰਾਮੀਆਂ ਦੀਆਂ ਇੱਛਾਵਾਂ ਦੀ ਕਦਰ ਕਰਨ ਲਈ ਸਖਤ ਯਤਨ ਕਰਨੇ ਚਾਹੀਦੇ ਹਨ। ਇਸ ਦਿਨ ਨੂੰ ਯੁਵਾ ਸਸ਼ਕਤੀਕਰਨ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ, ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਵਿਸ਼ਵ ਵਿਚ ਨੌਜਵਾਨਾਂ ਦੀ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਉਨ੍ਹਾਂ ਦੇ ਮੋਢਿਆ ‘ਤੇ ਇਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸਮਾਜ, ਪ੍ਰਸ਼ਾਸਨ ਅਤੇ ਰਾਸ਼ਟਰ ਹਮੇਸ਼ਾਂ ਉਨ੍ਹਾਂ ਸ਼ਹੀਦਾਂ ਦੇ ਸ਼ੁਕਰਗੁਜ਼ਾਰ ਰਹਿਣਗੇ ਜਿਨ੍ਹਾਂ ਨੇ ਭਗਤੀ ਦੀ ਭਾਵਨਾ ਨਾਲ ਆਪਣੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਸੇਵਾ ਕੀਤੀ। ਪ੍ਰੋਗਰਾਮ ਅਫਸਰ ਐਨ.ਜੈਡ.ਸੀ.ਸੀ. ਪਟਿਆਲਾ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਡਾਇਰੈਕਟਰ, ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੀਪਿਕਾ ਪੋਖਰਾਨਾ ਨੇ ਇਸ ਸਮਾਗਮ ਦੇ ਆਯੋਜਨ ਲਈ ਪਹਿਲ ਕੀਤੀ ਹੈ ਅਤੇ ਐਨ.ਜੈਡ.ਸੀ.ਸੀ. ਪਟਿਆਲਾ, ਸਭਿਆਚਾਰ ਮੰਤਰਾਲੇ, ਭਾਰਤ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਸ ਸਮਾਗਮ ਨੂੰ ਹਰ ਸਾਲ ਮਨਾਉਣ ਵਜੋਂ ਯਤਨਸ਼ੀਲ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਸ.ਡੀ.ਐਮ. ਡਾ.ਬਲਜਿੰਦਰ ਸਿੰਘ ਢਿੱਲੋਂ ਨੂੰ ਚੌੜਾ ਬਾਜ਼ਾਰ ਤੋਂ ਸ਼ਹੀਦ ਦੇ ਜੱਦੀ ਘਰ ਜਾਣ ਵਾਲੀ ਸੜਕ ਨੂੰ ਚੌੜਾ ਕਰਨ ਲਈ ਜ਼ਮੀਨ ਐਕੁਆਇਰ ਕਰਨ ਲਈ ਵੀ ਨਿਯੁਕਤ ਕੀਤਾ ਹੈ। ਇਸ ਮੌਕੇ ਵਿਧਾਇਕ ਸੁਰਿੰਦਰ ਡਾਵਰ, ਜ਼ਿਲ੍ਹਾ ਕਾਂਗਰਸ ਕਮੇਟੀ(ਸ਼ਹਿਰੀ) ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਕੌਂਸਲਰ ਅਨਿਲ ਪਾਰਥੀ, ਅਸ਼ੋਕ ਥਾਪਰ, ਕਰਨ ਥਾਪਰ, ਸੰਦੀਪ ਥਾਪਰ, ਤ੍ਰਿਭੁਵਨ ਥਾਪਰ, ਐਸ.ਡੀ.ਐਮ. ਡਾ. ਬਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।