ਨਿਰਵਿਘਨ ਜਾਰੀ ਹੈ ਸੋਲਿਡ ਵੇਸਟ ਦਾ ਕੰਮ – ਮੇਅਰ
ਕਿਹਾ! ਅਕਾਲੀ-ਭਾਜਪਾ ਗੱਠਜੋੜ ਦੌਰਾਨ ਹੋਂਦ ‘ਚ ਆਈ ਏ2ਜੈਡ ਕੰਪਨੀ ਆਪਣੇ ਕੰਮ ‘ਚ ਹੋਈ ਫੇਲ
ਕਈ ਨੋਟਿਸਾਂ ਤੋਂ ਬਾਅਦ ਕੰਪਨੀ ‘ਤੇ ਕੀਤੀ ਗਈ ਕਾਰਵਾਈ, ਬੈਂਕ ਗਾਰੰਟੀ ਵੀ ਕੀਤੀ ਜਾਵੇਗੀ ਜ਼ਬਤ – ਸੰਧੂ
ਲੁਧਿਆਣਾ (ਰਾਜਕੁਮਾਰ ਸਾਥੀ)। ਮੇਅਰ ਬਲਕਾਰ ਸਿੰਘ ਸੰਧੂ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਨਗਰ ਨਿਗਮ ਲੁਧਿਆਣਾ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ ਖੇਤਰਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਦਾ ਕੰਮ ਨਿਰਵਿਘਨ ਜਾਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਏ2ਜੈਡ ਕੰਪਨੀ ਨਾਲ ਸੋਲਿਡ ਵੇਸਟ ਮੈਨੇਜਮੈਂਟ ਦਾ ਇਕਰਾਰਨਾਮਾ ਖ਼ਤਮ ਕੀਤਾ ਗਿਆ ਹੈ, ਉਦੋਂ ਤੋਂ ਨਿਗਮ ਦੇ ਸਾਰੇ ਸੀਨੀਅਰ ਅਧਿਕਾਰੀ ਆਪਣੇ-ਆਪਣੇ ਖੇਤਰ ਵਿੱਚ ਇਸ ਕੰਮ ਨੂੰ ਆਪਣੀ ਨਿਗਰਾਨੀ ਹੇਠ ਕਰਵਾ ਰਹੇ ਹਨ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।
ਮੇਅਰ ਬਲਕਾਰ ਸਿੰਘ ਸੰਧੂ ਵੱਲੋਂ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਸ਼ਹਿਰ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਅਤੇ ਸੈਕੰਡਰੀ ਕੁਲੈਕਸ਼ਨ ਪੁਆਇੰਟਾਂ ਤੋਂ ਕੂੜਾ ਚੁੱਕਣ ਦੇ ਕੰਮ ਦੀ ਨਿਗਰਾਨੀ ਕੀਤੀ। ਬਲਕਾਰ ਸਿੰਘ ਸੰਧੂ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਏ2ਜੈਡ ਕੰਪਨੀ ਦੇ ਕਾਰਨ ਬਣੇ ਲੈਗੇਸੀ ਵੇਸਟ ਦਾ ਆਡਿਟ ਕਰਨ ਦੇ ਵੀ ਨਰਦੇਸ਼ ਦਿੱਤੇ ਸਨ ਅਤੇ ਇਹ ਵੀ ਨਿਰਦੇਸ਼ ਦਿੱਤੇ ਸਨ ਕਿ ਇਸ ਕੰਪਨੀ ਤੋਂ ਇਸ ਸਬੰਧੀ ਰਿਕਵਰੀ ਕੀਤੀ ਜਾਵੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਨੇ ਵੀ ਵੱਖ-ਵੱਖ ਸਮੇ ‘ਤੇ ਏ2ਜੈਡ ਵਿਰੁੱਧ ਸੋਲਡ ਵੇਸਟ ਮੈਨੇਜਮੈਂਟ 2016 ਦੀ ਉਲੰਘਣਾ ਕਰਕੇ ਸਖ਼ਤ ਨੋਟਿਸ ਕੱਢੇ ਸਨ। ਨਗਰ ਨਿਗਮ ਲੁਧਿਆਣਾ ਨੇ ਵੀ ਲਗਾਤਾਰ ਇਸ ਕੰਪਨੀ ਨੂੰ ਤਸੱਲੀਬਖ਼ਸ ਕੰਮ ਨਾ ਕਰਨ ਕਾਰਨ ਸਮੇ-ਸਮੇ ‘ਤੇ ਵੱਖ-ਵੱਖ ਨੋਟਿਸ ਕੱਢੇ। ਉਨ੍ਹਾਂ ਕਿਹਾ ਕਿ ਏ2ਜੈਡ ਕੰਪਨੀ ਨੂੰ ਸਾਲ 2011 ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਵਾਲੀ ਸਰਕਾਰ ਵੱਲੋਂ ਹੀ ਲੁਧਿਆਣਾ ਸ਼ਹਿਰ ਦੇ ਸੋਲਿਡ ਵੇਸਟ ਮੈਨੇਜਮੈਟ ਦਾ ਠੇਕਾ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਤਸੱਲੀਬਖ਼ਸ਼ ਕੰਮ ਨਾ ਕਰਨ ਦੇ ਕਾਰਨ ਏ2ਜੈਡ ਦਾ ਕੰਟਰੈਕਟ ਕੈਂਸਲ ਕਰ ਦਿੱਤਾ ਗਿਆ ਹੈ ਅਤੇ ਉਹ ਕਿਸੇ ਵੀ ਕੀਮਤ ‘ਤੇ ਸਰਕਾਰੀ ਖਜ਼ਾਨੇ ‘ਤੇ ਏ2ਜੈਡ ਦੀਆਂ ਨਾਲਾਇਕੀਆਂ ਦਾ ਬੋਝ ਨਹੀਂ ਪੈਣ ਦੇਣਗੇ। ਉਨ੍ਹਾਂ ਦੱਸਿਆ ਕਿ ਏ2ਜੈਡ ਕੰਪਨੀ ਦੀ ਬੈਂਕੀ ਗਰੰਟੀ ਵੀ ਜ਼ਬਤ ਕਰ ਲਈ ਜਾਵੇਗੀ। ਮੇਅਰ ਵੱਲੋਂ ਨਿਗਮ ਸਟਾਫ ਨੂੰ ਵੀ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਕੁਲੈਕਸ਼ਨ ਪੁਆਇੰਟਾਂ ਤੋਂ ਸੋਲਿਡ ਵੇਸਟ ਨੂੰ ਸਮੇਂ ਸਿਰ ਚੁੱਕਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਲਈ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ 40 ਕੰਪੈਕਟਰ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਸੋਲਿਡ ਵੇਸਟ ਮੈਨੇਜਮੈਂਟ ਲਈ ਨਵੇਂ ਟੈਂਡਰ ਵੀ ਜਲਦ ਹੀ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਨਵੀਂ ਕੰਪਨੀ ਨਾਲ ਪਾਰਦਰਸ਼ੀ ਢੰਗ ਰਾਹੀਂ ਇਕਰਾਰਨਾਮਾ ਕੀਤਾ ਜਾਵੇਗਾ।