ਲੁਧਿਆਣਾ (ਰਾਜਕੁਮਾਰ ਸਾਥੀ) । ਨਹਿਰੂ ਯੂਵਾ ਕੇਂਦਰ (ਐਨ.ਵਾਈ.ਕੇ.) ਲੁਧਿਆਣਾ ਵਲੋਂ, ਹਰ ਸਾਲ ਦੀ ਤਰ੍ਹਾਂ ਨਹਿਰੂ ਯੁਵਾ ਕੇਂਦਰ ਸੰਸਥਾਨ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਡੀ. ਜੈਨ ਕਾਲਜ ਦੇ ਸਹਿਯੋਗ ਨਾਲ ਸੰਵਿਧਾਨ ਦਿਵਸ ਮਨਾਇਆ ਗਿਆ। ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਫ਼ਸਰ ਰਸ਼ਮੀਤ ਕੌਰ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਅੱਜ ਦਾ ਦਿਨ ਸਾਲ 1949 ਵਿੱਚ ਸੰਵਿਧਾਨ ਸਭਾ ਦੁਆਰਾ ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਨੂੰ ‘ਸੰਵਿਧਾਨ ਦਿਵਸ’ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇਸ਼ ਦੀ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਣ ਲਈ ਦੇਸ਼ ਦੀ ਸਰਕਾਰ ਲਈ ਇੱਕ ਢਾਂਚਾ ਪੇਸ਼ ਕਰਦਾ ਹੈ। ਇਸ ਮੌਕੇ ਸਮੂਹ ਸਟਾਫ਼ ਮੈਂਬਰਾਂ ਅਤੇ ਨੌਜਵਾਨਾਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਅਤੇ ਇਸ ਦੀ ਪਾਲਣਾ ਕਰਨ ਦਾ ਪ੍ਰਣ ਵੀ ਲਿਆ। ਸੰਵਿਧਾਨ ਦਿਵਸ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ, ਵੰਦੇ ਮਾਤਰਮ ਦੇ ਗਾਇਨ ਨਾਲ ਹੋਈ ਅਤੇ ਸਾਡੇ ਰਾਸ਼ਟਰੀ ਗੀਤ ਜਨ ਗਨ ਮਨ ਦੇ ਗਾਇਨ ਨਾਲ ਸਮਾਪਤ ਹੋਈ। ਸਵੇਰੇ 11 ਵਜੇ ਪ੍ਰਸਤਾਵਨਾ ਪੜ੍ਹਣ ਤੋਂ ਬਾਅਦ ਡੀ.ਡੀ. ਜੈਨ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਭਾਰਤ ਦੇ ਸੰਵਿਧਾਨ ਅਤੇ ਇਸ ਦੇ ਇਤਿਹਾਸ ਅਤੇ ਮਹੱਤਵ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਵਲੋਂ ਵੀ ਸੰਵਿਧਾਨ ਦੀ ਮਹੱਤਤਾ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਸੰਵਿਧਾਨ ਦਿਵਸ ‘ਤੇ ਉਨ੍ਹਾਂ ਮਹਾਪੁਰਖਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਾਡਾ ਸੰਵਿਧਾਨ ਦਿੱਤਾ। ਜ਼ਿਲ੍ਹਾ ਯੂਥ ਅਫ਼ਸਰ ਐਨ.ਵਾਈ.ਕੇ. ਲੁਧਿਆਣਾ ਨੇ ਨੌਜਵਾਨਾਂ ਨੂੰ ਭਾਰਤ ਦੇ ਨੌਜਵਾਨਾਂ ਵਿੱਚ ਰਾਸ਼ਟਰ ਨਿਰਮਾਣ ਦੀ ਭਾਵਨਾ ਪੈਦਾ ਕਰਨ ਲਈ ਅਜਿਹੇ ਰਾਸ਼ਟਰੀ ਮਹੱਤਵ ਵਾਲੇ ਦਿਵਸ ਮਨਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੱਖ-ਵੱਖ ਪਲੇਟਫਾਰਮਾਂ ਬਾਰੇ ਵੀ ਗੱਲ ਕੀਤੀ ਜਿੱਥੇ ਉਹ ਸੰਵਿਧਾਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਕਿਵੇਂ ਅਸੀਂ ਸਾਰੇ ਸੰਵਿਧਾਨ ਦੀ ਪਾਲਣਾ ਕਰਕੇ ਭਾਰਤ ਦੇ ਚੰਗੇ ਨਾਗਰਿਕ ਬਣ ਸਕਦੇ ਹਾਂ।