ਸਿੱਖਿਆ ਸੰਸਥਾਵਾਂ ਨੂੰ ਕੀਤੀ ਅਪੀਲ, ਵੱਖ-ਵੱਖ ਗਤੀਵਿਧੀਆਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਜਾਵੇ ਸੁਨੇਹਾ, ਇਸ ਜੰਗ ਵਿਰੁੱਧ ਸਾਂਝਾ ਪਲੇਟਫਾਰਮ ਬਣਾਉਣ ਲਈ ਜ਼ਿਲ੍ਹਾ ਪੱਧਰ ‘ਤੇ ਵਟਸਐਪ ਗਰੁੱਪ ਅਤੇ ਵੈੱਬਸਾਈਟ ਬਣਾਈ ਜਾਵੇਗੀ
ਲੁਧਿਆਣਾ (ਰਾਜਕੁਮਾਰ ਸਾਥੀ)। ਨਸ਼ਿਆਂ ਦੇ ਕੋਹੜ ਦੇ ਖਾਤਮੇ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਹੁਲਾਰਾ ਦਿੰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਅਤੇ ਪੁਲਿਸ ਕਮਿਸ਼ਨਰ ਡਾ ਕੌਸਤੁਭ ਸ਼ਰਮਾ ਵੱਲੋਂ ਅੱਜ ਸਾਂਝੇ ਤੌਰ ‘ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮੰਤਵ ਨਾਲ ਪਹਿਲਦਮੀ ਕਰਦਿਆਂ ‘ਹੈਲਦੀ ਕੈਂਪਸ’ ਮੁਹਿੰਮ ਦੀ ਸ਼ੁਰੂਆਤ ਕੀਤੀ। ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਕਾਲਜਾਂ ਵਿੱਚ ਜਾਣ ਵਾਲੇ ਅਲ੍ਹੜ ਉਮਰ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਉਹ ਨਸ਼ਿਆਂ ਤੋਂ ਦੂਰੀ ਬਣਾ ਸਕਣ।
ਉਨ੍ਹਾਂ ਕਿਹਾ ਕਿ ਹੈਲਦੀ ਕੈਂਪਸ ਦੀ ਪਹਿਲਕਦਮੀ ਤਹਿਤ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਇੱਕ ਜ਼ਿਲ੍ਹਾ ਪੱਧਰੀ ਸਾਂਝਾ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇਗਾ, ਜਿਸ ਵਿੱਚ ਕਾਲਜਾਂ ਦੇ ਸਹਿਯੋਗ ਨਾਲ ਇੱਕ ਵੈਬਸਾਈਟ ਬਣਾਈ ਜਾਵੇਗੀ ਜਿੱਥੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਨੂੰ ਸਮਝਣ ਲਈ ਸਾਰੀ ਲੋੜੀਂਦੀ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁਹਿੰਮ ਤਹਿਤ ਨਸ਼ਾ ਵਿਰੋਧੀ ਕਲੱਬਾਂ ਦਾ ਗਠਨ ਵੀ ਕੀਤਾ ਜਾਵੇਗਾ, ਜਿਸ ਵਿੱਚ ਵਿਦਿਆਰਥੀਆਂ ਦੇ ਕੋਰ ਗਰੁੱਪ ਕਾਲਜ ਪੱਧਰ ‘ਤੇ ਵੱਖ-ਵੱਖ ਗਤੀਵਿਧੀਆਂ ਨੂੰ ਯਕੀਨੀ ਬਣਾਉਣਗੇ ਤਾਂ ਜੋ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਵਿਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਕਾਲਜ਼ਾਂ ਵਿੱਚ ਨਸ਼ਾ ਵਿਰੋਧੀ ਮਾਹਿਰ ਬੁਲਾਰਿਆਂ ਨੂੰ ਨਿਯਮਤ ਤੌਰ ‘ਤੇ ਬੁਲਾਉਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਦਿਨ ਪ੍ਰਤੀ ਦਿਨ ਤਣਾਅ ਨਾਲ ਨਜਿੱਠਣ ਵਿੱਚ ਸਹਾਇਤਾ ਕਰਨ ਲਈ ਮਨੋਵਿਗਿਆਨੀਆਂ ਨੂੰ ਵੀ ਨਾਲ ਲੈ ਕੇ ਚੱਲਣ ਤਾਂ ਜੋ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਨਾ ਹੋਣ। ਇਸੇ ਤਰ੍ਹਾਂ ਕਾਲਜਾਂ ਵਿੱਚ ਹਫ਼ਤਾਵਾਰੀ ਗਰੁੱਪ ਚਰਚਾ ਵੀ ਸ਼ੁਰੂ ਕੀਤੀ ਜਾਵੇ ਜਿੱਥੇ ਨਸ਼ਿਆਂ ਤੋਂ ਕਿਨਾਰਾ ਕਰਕੇ ਮੁੱਖਧਾਰਾ ਵਿੱਚ ਆਏ ਲੋਕ ਆਪਣੇ ਮਾੜੇ ਸਮੇਂ ਦੀਆਂ ਕੌੜੀਆਂ ਯਾਦਾਂ ਸਾਂਝੀਆਂ ਕਰਨ ਕਿ ਉਨ੍ਹਾਂ ਨੇ ਇਸ ਕੋਹੜ ਤੋਂ ਕਿਵੇਂ ਛੁਟਕਾਰਾ ਪਾਇਆ ਜੋ ਨਸ਼ਿਆਂ ਦੀ ਦਲਦਲ ਵਿੱਚ ਧੱਸੇ ਵਿਦਿਆਰਥੀਆਂ ਨੂੰ ਇਸ ਤੋਂ ਪਾਸਾ ਵੱਟਣ ਲਈ ਪ੍ਰੇਰਿਤ ਕਰਨਗੇ। ਦੋਵਾਂ ਅਧਿਕਾਰੀਆਂ ਨੇ ਵਿਦਿਅਕ ਸੰਸਥਾਵਾਂ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਸਮੂਹ ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਨਾਲ ਇੱਕ ਜ਼ਿਲ੍ਹਾ ਪੱਧਰੀ ਵਟਸਐਪ ਗਰੁੱਪ ਵੀ ਬਣਾਇਆ ਜਾਵੇਗਾ ਤਾਂ ਜੋ ਇਸ ਮੁਹਿੰਮ ਦੇ ਸਬੰਧ ਵਿੱਚ ਯੋਜਨਾਬੰਦੀ ਅਤੇ ਅਮਲ ਦੀ ਰੂਪ ਰੇਖਾ ਸਾਂਝੀ ਕੀਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਇਸ ਅਲਾਮਤ ਵਿਰੁੱਧ ਕਾਲਜ ਵਿੱਚ ਨਿਯਮਤ ਸਹੁੰ ਚੁੱਕ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ। ਮੀਟਿੰਗ ਦੌਰਾਨ ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਵੱਲੋਂ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਦਾ ਸਵਾਗਤ ਕਰਦਿਆ ਆਪਣਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਨਸ਼ਿਆਂ ‘ਤੇ ਨਕੇਲ ਪਾਉਣ ਵਿਰੁੱਧ ਚੱਲ ਰਹੇ ਯਤਨਾਂ ਨੂੰ ਹੋਰ ਤੇਜ਼ੀ ਲਿਆਂਦੀ ਜਾਵੇਗੀ। ਪ੍ਰਿੰਸੀਪਲਾਂ ਵੱਲੋਂ ਅੱਗੇ ਦੱਸਿਆ ਗਿਆ ਕਿ ਵਿਦਿਆਰਥੀਆਂ ਨੂੰ ਜਿੱਥੇ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ ਉੱਥੇ ਹੀ ਉਹ ਨਿਯਮਿਤ ਸਮਾਗਮਾਂ ਰਾਹੀਂ ਸਮਾਜ ਵਿੱਚ ਜਾਗਰੂਕਤਾ ਵੀ ਪੈਦਾ ਕੀਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ, ਏ.ਡੀ.ਸੀ.ਪੀ. ਸ੍ਰੀਮਤੀ ਪ੍ਰਗਿਆ ਜੈਨ ਅਤੇ ਸ਼ਹਿਰ ਦੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ।