ਸਿਧਵਾਂ ਨਹਿਰ ‘ਚ ਕੂੜੇ ਨੂੰ ਅੱਗ ਲਗਾਉਣ ਦੇ ਦੋਸ਼ ਵਜੋਂ ਲਾਇਆ ਜ਼ੁਰਮਾਨਾ
ਲੁਧਿਆਣਾ (ਰਾਜਕੁਮਾਰ ਸਾਥੀ) । ਗੁਰੂ ਨਾਨਕ ਪਬਲਿਕ ਸਕੂਲ (ਜੀ.ਐਨ.ਪੀ.ਐਸ.), ਸਰਾਭਾ ਨਗਰ ਦੇ ਅਧਿਆਪਕਾਂ/ਵਿਦਿਆਰਥੀਆਂ ਵੱਲੋਂ ਸਿੱਧਵਾਂ ਨਹਿਰ ਵਿੱਚ ਕੂੜਾ ਸਾੜਨ ਦਾ ਸਖਤ ਨੋਟਿਸ ਲੈਂਦਿਆ ਨਗਰ ਨਿਗਮ ਲੁਧਿਆਣਾ ਵਲੋਂ ਗੈਰ-ਕਾਨੂੰਨੀ ਗਤੀਵਿਧੀ ਲਈ ਸਕੂਲ ਦਾ 25000 ਰੁਪਏ ਦਾ ਚਲਾਨ ਕੱਟਿਆ ਹੈ। ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵਲੋਂ ਇਸ ਸਬੰਧੀ ਸਪੱਸ਼ਟ ਕੀਤਾ ਗਿਆ ਕਿ ਕੂੜਾ ਸਾੜਨਾ ਇੱਕ ਗੈਰ-ਕਾਨੂੰਨੀ ਗਤੀਵਿਧੀ ਹੈ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਪਿਛਲੇ ਸਮੇਂ ਇਸ ਸਬੰਧੀ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਨਿਗਮ ਲੁਧਿਆਣਾ ਵਲੋਂ ਸਕੂਲ ਪ੍ਰਿੰਸੀਪਲ ਨੂੰ 25000 ਹਜ਼ਾਰ ਰੁਪਏ ਦਾ ਚਲਾਨ ਜਾਰੀ ਕੀਤਾ ਗਿਆ ਹੈ ਅਤੇ ਉਨ੍ਹਾਂ ਦੱਸਿਆ ਕਿ ਫੀਲਡ ਸਟਾਫ ਨੂੰ ਵੀ ਚੌਕਸੀ ਰੱਖਣ ਲਈ ਕਿਹਾ ਗਿਆ ਹੈ ਅਤੇ ਨਾਲ ਹੀ ਉਲੰਘਣਾ ਕਰਨ ਵਾਲਿਆ ਦੇ ਚਲਾਨ ਕੱਟਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਸ਼ਹਿਰ ਵਾਸੀ ਨਹਿਰ ਵਿੱਚ ਕੂੜਾਂ ਨਾ ਸੁੱਟੇ।
ਜ਼ਿਕਰਯੋਗ ਹੈ ਕਿ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵਲੋਂ 18 ਨਵੰਬਰ, 2022 ਨੂੰ ਸਥਾਨਕ ਬੀ.ਆਰ.ਐਸ. ਨਗਰ ਨਹਿਰ ਦੇ ਪੁਲ ਨੇੜੇ ਨਹਿਰ ਵਾਲੀ ਥਾਂ ਦਾ ਦੌਰਾ ਕਰਦਿਆਂ ਉਲੰਘਣਾ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਹ ਨਹਿਰ ਵਿੱਚ ਕੂੜਾ ਸੁੱਟਦੇ ਜਾਂ ਸਾੜਦੇ ਫੜੇ ਗਏ ਤਾਂ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।