ਦਫਤਰ ਦੇ ਗੇਟ ਤੇ ਕਾਫੀ ਸੰਖਿਆ ਵਿੱਚ ਤੈਨਾਤ ਸੀ ਪੁਲਿਸ ਬਲ, ਯੂਥ ਕਾਂਗਰਸੀਆਂ ਦੇ ਮੋਢੇ ਤੇ ਚੜ੍ਹ ਕੇ ਗਰਿੱਲ ਗੇਟ ਤਕ ਜਾ ਪਹੁੰਚੇ ਰਵਨੀਤ ਬਿੱਟੂ ਤੇ ਸੰਜੇ ਤਲਵਾਰ, ਦਫਤਰ ਦੇ ਬਾਹਰ ਪਹੁੰਚੇ ਹਜਾਰਾਂ ਕਾਂਗਰਸੀ, ਭਗਵੰਤ ਮਾਨ ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜੀ
ਲੁਧਿਆਣਾ (ਰਾਜਕੁਮਾਰ ਸਾਥੀ)। ਲੱਗਭੱਗ ਇਕ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਦ ਵੀ ਨਗਰ ਨਿਗਮ ਚੋਣਾਂ ਨਹੀਂ ਕਰਾਉਣ ਦੇ ਮੁੱਦੇ ਨੂੰ ਲੈ ਕੇ ਲੋਕਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਜਿਲ੍ਹਾ ਕਾਂਗਰਸ (ਸ਼ਹਿਰੀ) ਦੇ ਮੰਗਲਵਾਰ ਨੂੰ ਪ੍ਰਧਾਨ ਸੰਜੇ ਤਲਵਾਰ ਨੇ ਨਗਰ ਨਿਗਮ ਦੇ ਏ ਜੋਨ ਦਫਤਰ ਦੇ ਗੇਟ ਨੂੰ ਤਾਲਾ ਲਗਾ ਦਿੱਤਾ।
ਬਿੱਟੂ ਵੱਲੋਂ ਪਹਿਲਾਂ ਦੀ ਇਸਦਾ ਐਲਾਨ ਹੋਣ ਕਾਰਣ ਹਜਾਰਾਂ ਕਾਂਗਰਸੀ ਵਰਕਰ ਨਗਰ ਨਿਗਮ ਦਫਤਰ ਦੇ ਬਾਹਰ ਧਰਨਾ ਦੇਣ ਪਹੁੰਚੇ ਸਨ। ਵਰਕਰਾਂ ਦੀ ਅਗੁਵਾਈ ਬਿੱਟੂ ਤੋਂ ਇਲਾਵਾ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਸਾਬਕਾ ਵਿਧਾਇਕ ਜੋਗਿੰਦਰ ਪਾਲ ਪਾਂਡੇ, ਮਹਿਲਾ ਕਾਂਗਰਸ ਪ੍ਰਧਾਨ ਲੀਨਾ ਟਪਾਰੀਆ ਅਤੇ ਯੂਥ ਕਾਂਗਰਸ ਦੇ ਆਗੂਆਂ ਨੇ ਕੀਤੀ।
ਤਾਲਾਬੰਦੀ ਕਰਨ ਤੋਂ ਪਹਿਲਾਂ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬੀਆਂ ਨਾਲ ਕੇਵਲ ਵਾਅਦੇ ਹੀ ਕਰ ਰਹੇ ਹਨ। ਚੋਣਾਂ ਤੋ ਪਹਿਲਾਂ ਕੀਤੇ ਵਾਅਦੇ ਅਨੁਸਾਰ ਅੱਜ ਤੱਕ ਕਿਸੇ ਵੀ ਔਰਤ ਹਜਾਰ ਰੁਪਏ ਨਹੀਂ ਦਿੱਤੇ ਗਏ। ਗਰੀਬਾਂ ਦੀ ਮਦਦ ਕਰਨ ਦੀ ਥਾਂ ਰਾਸ਼ਨ ਕਾਰਡ ਹੀ ਕੱਟ ਦਿੱਤੇ ਗਏ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸਰਕਾਰ ਬਨਣ ਤੋਂ ਬਾਅਦ ਕੁਝ ਦਿੱਨਾਂ ਵਿੱਚ ਹੀ ਨਸ਼ਾ ਖਤਮ ਕਰਨ ਦੇ ਵਾਅਦੇ ਕਰ ਰਹੇ ਸਨ, ਪਰੰਤੁ ਨਸ਼ਾ ਬੰਦ ਕਰਨਾ ਤਾਂ ਦੂਰ ਘਰ-ਘਰ ਤੱਕ ਪਹੁੰਚਾ ਦਿੱਤਾ ਗਿਆ।
ਗੁੰਡਾਗਦਰੀ ਏਨੀ ਵਧ ਚੁੱਕੀ ਹੈ ਕਿ ਹਰ ਰੋਜ ਗੈਂਗਵਾਰਾਂ ਹੋ ਰਹੀਆਂ ਹਨ। ਬਿੱਟੂ ਨੇ ਕਿਹਾ ਕਿ ਆਪਣੇ ਛੇ ਸ਼ਹਿਰੀ ਵਿਧਾਇਕਾਂ ਦੇ ਦਫਤਰਾਂ ਵਿੱਚ ਰੌਣਕਾਂ ਲਗਵਾਉਣ ਲਈ ਮਾਨ ਸਰਕਾਰ 95 ਵਾਰਡਾਂ ਦੇ ਕੌਂਸਲਰਾਂ ਦੀਆਂ ਚੋਣਾਂ ਨਹੀਂ ਕਰਵਾ ਰਹੀ। ਕਿਓੰਕਿ ਉਸਨੂੰ ਪਤਾ ਹੈ ਕਿ ਜੇਕਰ ਚੋਣਾਂ ਹੋ ਗਈਆਂ ਤਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਫਤਰ ਸੁੰਨੇ ਹੋ ਜਾਣਗੇ।
ਵਿਧਾਇਕ ਸੁਰਿੰਦਰ ਡਾਬਰ ਨੇ ਕਿਹਾ ਕਿ ਗੂੰਗੀ-ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਦਾ ਧਰਨਾ ਲਗਾਇਆ ਗਿਆ ਹੈ। ਪੱਚੀ ਸੌ ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ। ਕਿਸੇ ਔਰਤ ਨੂੰ ਹਜਾਰ ਰੁਪੱਈਆ ਨਹੀਂ ਮਿਲਿਆ। ਐਨ.ਓ.ਸੀ. ਕਿਸੇ ਨੂੰ ਨਹੀਂ ਮਿਲਣ ਕਾਰਣ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਗਰੀਬ ਲੋਕਾਂ ਦੇ ਘਰਾਂ ਵਿੱਚ ਬਿਜਲੀ ਦੇ ਮੀਟਰ ਨਹੀਂ ਲੱਗ ਰਹੇ। ਪੰਜਾਬ ਦਾ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੈ। ਡਾਬਰ ਨੇ ਕਿਹਾ ਕਿ ਇਸ ਧਰਨੇ ਦਾ ਲੋਕਸਭਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸੀਂ ਤਾਂ ਸਿਰਫ ਸੁੱਤੀ ਪਈ ਮਾਨ ਸਰਕਾਰ ਨੂੰ ਜਗਾਉਣ ਆਏ ਹਾਂ।