ਦੋਰਾਹਾ ‘ਚ ਬਣੇਗਾ ਇੰਟਰਨੈਸ਼ਨਲ ਡਰਾਈਵਿੰਗ ਟ੍ਰੇਨਿੰਗ ਇੰਸਟੀਚਿਊਟ

Share and Enjoy !

Shares

 ਸਿਖਲਾਈ ਸੰਸਥਾ ਵਲੋਂ ਪ੍ਰਮਾਣਿਤ, ਮਾਹਰ ਅਤੇ ਹੁਨਰਮੰਦ ਡਰਾਈਵਰ ਕੀਤੇ ਜਾਣਗੇ ਤਿਆਰ, ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ‘ਚ ਵੀ ਸਹਾਈ ਸਿੱਧ ਹੋਵੇਗੀ

ਲੁਧਿਆਣਾ (ਰਾਜਕੁਮਾਰ ਸਾਥੀ) ।  ਹੁਨਰਮੰਦ, ਪੇਸ਼ੇਵਰ ਅਤੇ ਪ੍ਰਮਾਣਿਤ ਡਰਾਈਵਰ ਤਿਆਰ ਕਰਨ ਅਤੇ ਸੜ੍ਹਕ ਦੁਰਘਟਨਾਵਾਂ ਨੂੰ ਘੱਟ ਕਰਨ ਦੇ ਮੰਤਵ ਨਾਲ, ਪੰਜਾਬ ਸਰਕਾਰ ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਹਿਯੋਗ ਨਾਲ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇਅ, ਦੋਰਾਹਾ ਵਿਖੇ 27 ਏਕੜ ਜ਼ਮੀਨ ‘ਤੇ ਉੱਤਰੀ ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਡਰਾਈਵਿੰਗ ਸਿਖਲਾਈ ਸੰਸਥਾਨ ਸਥਾਪਿਤ ਕਰੇਗੀ। ਸਿਖਲਾਈ ਸੰਸਥਾ ਲਈ ਪੰਜਾਬ ਸਰਕਾਰ ਵੱਲੋਂ ਜ਼ਮੀਨ ਮੁਫ਼ਤ ਦਿੱਤੀ ਗਈ ਹੈ ਅਤੇ 32.86 ਕਰੋੜ ਰੁਪਏ ਦੀ ਰਾਸ਼ੀ ਵਿੱਚ 15.23 ਕਰੋੜ ਰੁਪਏ ਪੂੰਜੀ ਨਿਵੇਸ਼ ਅਤੇ ਹੋਰ ਖਰਚੇ ਕੇਂਦਰ ਸਰਕਾਰ ਵੱਲੋਂ ਇੱਕ ਸਾਲ ਵਿੱਚ ਖਰਚ ਕੀਤੇ ਜਾਣਗੇ। ਇਹ ਸੰਸਥਾ ਇੱਕ ਸਾਲ ਵਿੱਚ 3600 ਨੌਜਵਾਨਾਂ ਨੂੰ ਐਲ.ਟੀ.ਵੀ. (ਲਾਈਟ ਟ੍ਰਾਂਸਪੋਰਟ ਵਹੀਕਲ)  ਅਤੇ ਐਚ.ਟੀ.ਵੀ. (ਹੈਵੀ ਟ੍ਰਾਂਸਪੋਰਟ ਵਹੀਕਲ) ਵਾਹਨਾਂ, ਭਾਰੀ ਉਪਕਰਣਾਂ ਦੇ ਸੰਚਾਲਕਾਂ ਅਤੇ ਮਕੈਨਿਕਾਂ ਦੀ ਸਿਖਲਾਈ ਦੇਵੇਗੀ। ਜਿਨ੍ਹਾਂ 10ਵੀਂ ਜਮਾਤ ਪਾਸ ਕੀਤੀ ਹੋਵੇ ਉਨ੍ਹਾਂ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਇਸ ਇੰਸਟੀਚਿਊਟ ਵਿੱਚ ਡਰਾਈਵਿੰਗ ਟੈਸਟ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲਿਆਂ ਨੂੰ ਇੱਥੇ ਅੰਤਰਰਾਸ਼ਟਰੀ ਲਾਇਸੈਂਸ ਪ੍ਰਾਪਤ ਕਰਨ ਲਈ ਵੀ ਸਹਾਇਤਾ ਪ੍ਰਾਪਤ ਹੋਵੇਗੀ। ਇਸ ਸੰਸਥਾ ਦੀ ਸਥਾਪਨਾ ਲਈ ਰੂਪ-ਰੇਖਾ ਅਤੇ ਸੰਭਾਵਿਤਾ ਬਾਰੇ ਵਿਚਾਰ ਕਰਨ ਲਈ ਸਥਾਨਕ ਉਦਯੋਗਪਤੀਆਂ ਅਤੇ ਲਾਈਟ/ਹੈਵੀ ਕਮਰਸ਼ੀਅਲ ਵਾਹਨਾਂ ਦੇ ਨਿਰਮਾਤਾਵਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਡਾਇਰੈਕਟਰ, ਡੀ.ਪੀ.ਐਸ. ਖਰਬੰਦਾ ਅਤੇ ਡਿਪਟੀ ਡਾਇਰੈਕਟਰ ਜਨਰਲ (ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ) ) ਸੰਧਿਆ ਸਲਵਾਨ ਨੇ ਕਿਹਾ ਕਿ ਦੇਸ਼ ਵਿੱਚ ਤਜ਼ਰਬੇਕਾਰ ਅਤੇ ਸਿਖਿਅਤ ਡਰਾਈਵਰਾਂ ਦੀ ਭਾਰੀ ਮੰਗ ਹੈ, ਖਾਸ ਕਰਕੇ ਐਲ.ਟੀ.ਵੀ/ਐਚ.ਟੀ.ਵੀ. ਕਮਰਸ਼ੀਅਲ ਵਾਹਨਾਂ ਲਈ। ਖਰਬੰਦਾ ਨੇ ਕਿਹਾ ਕਿ ਇੰਸਟੀਚਿਊਟ ਵਿੱਚ ਸ਼ਾਨਦਾਰ ਕਲਾਸਰੂਮ, ਅਧਿਆਪਨ ਸਟਾਫ, ਟੈਸਟਿੰਗ ਉਪਕਰਣ, ਸਿਖਲਾਈ ਵਾਹਨ, ਇੱਕ ਵਰਕਸ਼ਾਪ, ਇੱਕ ਲੈਬ, ਇੱਕ ਲਾਇਬ੍ਰੇਰੀ, ਟਰੈਕ ਅਤੇ ਡਰਾਈਵਿੰਗ ਰੇਂਜ, ਇੱਕ ਕੰਟਰੋਲ ਰੂਮ ਅਤੇ ਸਿਮੂਲੇਟਰ ਹੋਣਗੇ। ਅੰਤਰਰਾਸ਼ਟਰੀ ਡਰਾਈਵਿੰਗ ਸਿਖਲਾਈ ਪ੍ਰੋਗਰਾਮ ਦੇ ਤਹਿਤ, ਟੈਕਸੀ ਡਰਾਈਵਰ, ਕਮਰਸ਼ੀਅਲ ਵਾਹਨ ਡਰਾਈਵਰ, ਫੋਰਕਲਿਫਟ ਆਪਰੇਟਰ, ਐਂਬੂਲੈਂਸ ਡਰਾਈਵਰ, ਆਟੋ/ਈ-ਰਿਕਸ਼ਾ ਡਰਾਈਵਰ, (ਸਾਰੇ ਪੱਧਰ-4), ਡਰਾਈਵਰ ਸਿਖਲਾਈ (ਪੱਧਰ-5), ਜੂਨੀਅਰ ਬੈਕਹੋ ਲੋਡਰ ਆਪਰੇਟਰ, ਜੂਨੀਅਰ ਐਕਸੈਵੇਟਰ ਆਪਰੇਟਰ, ਜੂਨੀਅਰ ਇੰਜਣ ਅਤੇ ਮਕੈਨਿਕ ਸਮੇਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਗ ਦੇ ਨਾਲ ਵੱਖ-ਵੱਖ ਨੌਕਰੀਆਂ ਦੀਆਂ ਭੂਮਿਕਾਵਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦੇ ਡਾਇਰੈਕਟਰ ਨੇ ਦੱਸਿਆ ਕਿ ਇਹ ਆਉਣ ਵਾਲੀ ਸਿਖਲਾਈ ਸੰਸਥਾ ਉੱਤਰੀ ਭਾਰਤ ਅਤੇ ਖਾਸ ਤੌਰ ‘ਤੇ ਪੰਜਾਬ ਲਈ ਬੇਹੱਦ ਲਾਹੇਵੰਦ ਸਿੱਧ ਹੋਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਹੁਨਰਮੰਦ, ਪ੍ਰਮਾਣਿਤ ਅਤੇ ਸਿੱਖਿਅਤ ਡਰਾਈਵਰਾਂ ਨਾਲ ਸੜਕ ਹਾਦਸਿਆਂ ਵਿੱਚ ਜਿੱਥੇ ਗਿਰਾਵਟ ਆਵੇਗੀ ਉੱਥੇ  ਕੀਮਤੀ ਜਾਨਾਂ ਵੀ ਬਚਣਗੀਆਂ। ਇਸ ਤੋਂ ਇਲਾਵਾ, ਇਹ ਵਿਦੇਸ਼ ਵਿੱਚ ਨੌਕਰੀ ਕਰਨ ਦੀ ਰੂਚੀ ਰੱਖਣ ਵਾਲੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਵੀ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਇਹ ਸੰਸਥਾ ਆਟੋਮੋਟਿਵ, ਉਸਾਰੀ ਅਤੇ ਲੌਜਿਸਟਿਕਸ ਖੇਤਰਾਂ ਵਿੱਚ ਪ੍ਰਮਾਣਿਤ ਕਮਰਸ਼ੀਅਲ ਡਰਾਈਵਰਾਂ ਦੀ ਵੱਡੀ ਮੰਗ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰੇਗੀ। ਡਿਪਟੀ ਡਾਇਰੈਕਟਰ ਜਨਰਲ (ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲਾ) ਸੰਧਿਆ ਸਲਵਾਨ ਨੇ ਕਿਹਾ ਕਿ ਉਦਯੋਗਪਤੀਆਂ ਨੇ ਸਿਖਲਾਈ ਕੋਰਸਾਂ ਦੀ ਲੋੜ, ਸਮਾਂ-ਸਾਰਣੀ ਅਤੇ ਮਾਪਦੰਡਾਂ ਬਾਰੇ ਕੀਮਤੀ ਜਾਣਕਾਰੀ ਦਿੱਤੀ ਹੈ, ਜੋ ਕੇਂਦਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਵਿੱਚ ਮਦਦ ਕਰੇਗਾ। ਉਨ੍ਹਾਂ ਸੰਸਥਾ ਲਈ ਮੁਫ਼ਤ ਜ਼ਮੀਨ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ, ਐਸ.ਐਮ.ਐਲ.ਇਸੂਜ਼ੂ ਲਿਮਟਿਡ, ਐਸਕਾਰਟਸ ਕੰਸਟਰਕਸ਼ਨ ਇਕੁਇਪਮੈਂਟ ਪ੍ਰਾਈਵੇਟ ਲਿਮਟਿਡ, ਲਾਰਸਨ ਐਂਡ ਟਰਬੋ ਲਿਮਟਿਡ, ਏ.ਸੀ.ਈ. ਕੰਸਟ੍ਰਕਸ਼ਨ ਇਕੁਇਪਮੈਂਟ, ਭਾਰਤਬੈਂਜ਼, ਟਾਟਾ ਇੰਡਸਟਰੀਜ਼ ਲਿਮਟਿਡ, ਈ.ਆਈ.ਸੀ.ਯੂ, ਅਸ਼ੋਕ ਲੇਲੈਂਡ, ਸ਼ਿਵਾਂਸ਼ ਇੰਡਸਟਰੀਜ਼, ਜੇ.ਸੀ.ਬੀ.ਐਲ. ਇੰਡੀਆ, ਜੇ.ਸੀ.ਬੀ. ਪਾਰਟਸ ਨਿਰਮਾਤਾ, ਅਰਥ ਮੂਵਿੰਗ ਉਪਕਰਣ, ਐਕਸੈਵੇਟਰ ਪਾਰਟਸ ਨਿਰਮਾਤਾ, ਪਾਇਨੀਅਰ ਕ੍ਰੇਨਜ਼ ਅਤੇ ਐਲੀਵੇਟਰਜ਼ ਲਿਮਿਟੇਡ, ਦਾਦਾ ਮੋਟਰਜ਼, ਗਰੋਵਰ ਲੇਲੈਂਡ, ਵੋਲਵੋ ਕੰਸਟ੍ਰਕਸ਼ਨ ਅਤੇ ਹੁੰਡਈ ਕੰਸਟਰਕਸ਼ਨ ਇਕੁਇਪਮੈਂਟ ਇੰਡੀਆ ਦੇ ਨੁਮਾਇੰਦੇ ਹਾਜ਼ਰ ਸਨ।

Share and Enjoy !

Shares

About Post Author

Leave a Reply

Your email address will not be published. Required fields are marked *