2 ਹਜ਼ਾਰ ਆਈਸੋਲੇਸ਼ਨ ਗਾਉਨ, 2500 ਐਨ-95 ਮਾਸਕ ਤੇ ਮਰੀਜ਼ਾਂ ਲਈ 40 ਕੰਬਲ ਵੀ ਸੌਂਪੇ
ਲੁਧਿਆਣਾ (ਰਾਜਕੁਮਾਰ ਸਾਥੀ) । ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਿਵਲ ਹਸਪਤਾਲ ਵਿਖੇ ਕੋਵਿਡ-19 ਮਹਾਂਮਾਰੀ ‘ਚ ਸੇਵਾਂਵਾਂ ਵਿੱਚ ਰੁੱਝੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਦੇ 85 ਫਰੰਟਲਾਈਨ ਕੋਰੋਨਾ ਯੋਧਿਆਂ ਨੂੰ 3.07 ਲੱਖ ਰੁਪਏ ਦਾ ਵਿਸ਼ੇਸ਼ ਮਾਣ ਭੱਤਾ ਦਿੱਤਾ। ਸਿਵਲ ਹਸਪਤਾਲ ਵਿਖੇ ਕਰਵਾਏ ਗਏ ਇਕ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਦੇ ਨਾਲ, ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਲਈ 2000 ਆਈਸੋਲੇਸ਼ਨ ਗਾਊਨਜ਼ ਅਤੇ 2500 ਐਨ-95 ਮਾਸਕ ਦੇ ਨਾਲ-ਨਾਲ ਮਰੀਜ਼ਾਂ ਲਈ 40 ਕੰਬਲ ਵੀ ਸੌਂਪੇ। ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਤੌਰ ‘ਤੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਤੌਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਦੌਰਾਨ ਇਨ੍ਹਾਂ ਯੋਧਿਆਂ ਵੱਲੋਂ ਜਾਰੀ ਅਣਥੱਕ ਯਤਨਾਂ ਦੀ ਕਦਰ ਕਰਦਾ ਹੈ ਅਤੇ ਇਹ ਮਾਣ ਭੱਤਾ ਮਹਿਜ਼ ਸ਼ਲਾਘਾ ਦੀ ਇੱਕ ਛੋਟੀ ਜਿਹੀ ਭੇਂਟ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੁਆਰਾ ਪੇਸ਼ ਕੀਤੀ ਗਈ ਬੇਮਿਸਾਲ ਦ੍ਰਿੜ ਸੰਕਲਪ ਭਾਵਨਾ ਦੂਜਿਆਂ ਲਈ ਇੱਕ ਉਦਾਹਰਣ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਕੋਰੋਨਾ ਖ਼ਿਲਾਫ਼ ਲੜਾਈ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ ਕਿਉਂਕਿ ਦੁਸ਼ਮਣ ਬਿਲਕੁਲ ਅਦਿੱਖ ਸੀ, ਪਰ ਖ਼ਤਰਾ ਵੱਡਾ ਸੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਡਾਕਟਰਾਂ ਅਤੇ ਨਰਸਿੰਗ ਸਟਾਫ ਨੇ ਲੜਾਈ ਦੌਰਾਨ ਮਿਸਾਲੀ ਹਿੰਮਤ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ ਜਿਸ ਕਾਰਨ ਕਈ ਕੀਮਤੀ ਜਾਨਾਂ ਬਚਾਈਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਕੋਰੋਨਾ ਵਾਰੀਅਰਜ਼ ਸਾਡੇ ਹੀਰੋ ਹਨ ਜਿਨ੍ਹਾਂ ਨੇ ਮਹਾਂਮਾਰੀ ‘ਤੇ ਫਤਿਹ ਪਾਉਣ ਲਈ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸ੍ਰੀ ਸ਼ਰਮਾ ਨੇ ਉਮੀਦ ਜ਼ਾਹਰ ਕੀਤੀ ਕਿ ਜਦੋਂ ਤੱਕ ਕੋਰੋਨਾ ਖ਼ਿਲਾਫ਼ ਲੜਾਈ ਨਹੀਂ ਜਿੱਤ ਜਾਂਦੇ ਉਹ ਉਦੋਂ ਤੱਕ ਆਪਣਾ ਸ਼ਾਨਦਾਰ ਪ੍ਰਦਰਸ਼ਨ ਨਿਰੰਤਰ ਜਾਰੀ ਰੱਖਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ‘ਮਿਸ਼ਨ ਫਤਿਹ’ ਦਾ ਮੰਤਵ ਕੋਵਿਡ-19 ਮਹਾਂਮਾਰੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਸਰਕਾਰ ਅਤੇ ਲੋਕਾਂ ਵਿਚਾਲੇ ਇਕ ਕੜੀ ਵਜੋਂ ਸੇਵਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਣ ਜੋ ਕਿ ਲੋਕਾਂ ਨੂੰ ਜਾਗਰੁਕ ਕਰਦਿਆਂ ਸੁਰੱਖਿਅਤ ਰਹਿਣ ਲਈ ਵੀ ਸਹਾਈ ਸਿੱਧ ਹੋਵੇਗਾ।