ਡੀ.ਜੀ.ਪੀ. ਨੇ ਲੁਧਿਆਣਾ ਵਿੱਚ ਸੁੱਰਖਿਆ, ਕਾਨੂੰਨ ਵਿਵਸਥਾ ਅਤੇ ਕੋਵਿਡ-19 ਸਥਿਤੀ ਦਾ ਲਿਆ ਜਾਇਜ਼ਾ
ਪੁਲਿਸ ਕਮਿਸ਼ਨਰ ਨੂੰ ਦਿੱਤੇ ਨਿਰਦੇਸ਼, ਕਿਹਾ! ਕੋਵਿਡ-19 ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਹੋਰ ਵੀ ਚੌਕਸ ਰਹਿਣ ਦੀ ਹੈ ਲੋੜ
ਲੁਧਿਆਣਾ, 26 ਨਵੰਬਰ (ਰਾਜ ਕੁਮਾਰ ਸਾਾਥੀ) ਡਾਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਸ੍ਰੀ ਦਿਨਕਰ ਗੁਪਤਾ ਨੇ ਅੱਜ ਸਥਾਨਕ ਪੁਲਿਸ ਲਾਈਨਜ਼ ਲੁਧਿਆਦਾ ਵਿਖੇ ਸ਼ਹਿਰ ਵਿੱਚ ਹੋਏ ਅਪਰਾਧ ਅਤੇ ਕੋਵਿਡ-19 ਸਥਿਤੀ ਦਾ ਜਾਇਜ਼ਾ ਲਿਆ।
ਡੀ.ਜੀ.ਪੀ. ਗੁਪਤਾ ਵੱਲੋਂ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਅਤੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਲੁਧਿਆਣਾ ਰੇਂਜ ਸ੍ਰ. ਨੌਨਿਹਾਲ ਸਿੰਘ ਦੇ ਨਾਲ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਜੁਆਇੰਟ ਪੁਲਿਸ ਕਮਿਸ਼ਨਰ ਸ੍ਰੀ ਜੇ. ਐਲਨਚੇਜੀਅਨ, ਡੀ.ਸੀ.ਪੀ. ਲਾਅ ਐਂਡ ਆਰਡਰ ਸ੍ਰੀ ਅਸ਼ਵਨੀ ਕਪੂਰ, ਡੀ.ਸੀ.ਪੀ. ਡਿਟੈਕਟਿਵ ਸ੍ਰ. ਸਿਮਰਤਪਾਲ ਸਿੰਘ ਅਤੇ ਡੀ.ਸੀ.ਪੀ. ਟ੍ਰੈਫਿਕ ਸ੍ਰ.ਸੁਖਪਾਲ ਸਿੰਘ ਬਰਾੜ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।
ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਤਲ ਨਾਲ ਸਬੰਧਤ ਟ੍ਰੇਸ ਕੀਤੇ ਜਾਣ ਵਾਲੇ ਸਾਰੇ ਕੇਸਾਂ ਦਾ ਜਾਇਜ਼ਾ ਲਿਆ ਅਤੇ ਪੁਲਿਸ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਦਾ ਪਤਾ ਲਗਾਉਣ ਲਈ ਹੋਰ ਯਤਨ ਕਰਨ। ਉਨ੍ਹਾਂ ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕਰਨ ਅਤੇ ਅਪਰਾਧੀਆਂ ਵੱਲੋਂ ਵਰਤੇ ਜਾ ਰਹੇ ਗੈਰ ਕਾਨੂੰਨੀ ਹਥਿਆਰਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੇ ਵੀ ਨਿਰਦੇਸ਼ ਦਿੱਤੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਲੁਧਿਆਣਾ ਪੁਲਿਸ ਨੂੰ ਥਾਣਿਆਂ ਵਿੱਚ ਜਗ੍ਹਾ ਖਾਲੀ ਕਰਨ ਲਈ ਲਾਵਾਰਿਸ ਪੁਰਾਣੇ ਵਾਹਨਾਂ ਦੀ ਨਿਲਾਮੀ ਕਰਨ ਦੀ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਉਸਦੇ ਨਾਲ ਹੀ ਪੁਲਿਸ ਵੱਲੋਂ ਚਲਾਈ ਗਈ ਭਿਖਾਰੀ ਮੁਕਤ ਮੁਹਿੰਮ ਦੀ ਵੀ ਸਰਾਹਨਾ ਕੀਤੀ।
ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਕੋਵਿਡ-19 ਸਥਿਤੀ ਦਾ ਮੁਕਾਬਲਾ ਕਰਨ ਲਈ ਸ਼ਲਾਘਾਯੋਗ ਕੰਮ ਕੀਤਾ ਅਤੇ ਨਾਲ ਹੀ ਸੁਚੇਤ ਕਰਦਿਆਂ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦੀ ਸੰਭਾਵਨਾ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਚੌਕਸ ਰਹਿਣ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਦੁਆਰਾ ਮਾਸਕ ਪਹਿਨਣ ਨੂੰ ਸਖਤੀ ਨਾਲ ਲਾਗੂ ਕਰਨ।
ਉਨ੍ਹਾਂ ਪੁਲਿਸ ਕਮਿਸ਼ਨਰ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਟ੍ਰੈਫਿਕ ਵਿੰਗ ਵਿਚ ਹੋਰ ਪੁਲਿਸ ਮੁਲਾਜ਼ਮ ਤਾਇਨਾਤ ਕਰਨ ਤਾਂ ਜੋ ਸ਼ਹਿਰ ਵਿਚ ਆਵਾਜਾਈ ਸੁਚਾਰੂ ਬਣੀ ਰਹੇ।
ਇਸ ਮੌਕੇ ਡੀ.ਜੀ.ਪੀ. ਨੇ ਨਾਗਰਿਕਾਂ ਨੂੰ ਪੁਲਿਸ ਸੇਵਾਵਾਂ ਦੀ ਸਪੁਰਦਗੀ ਵਿੱਚ ਸੁਧਾਰ ਲਿਆਉਣ ਦੇ ਉਪਾਵਾਂ ਸੰਬੰਧੀ ਮੀਟਿੰਗ ਵਿੱਚ ਹਾਜ਼ਰ ਪੁਲਿਸ ਅਧਿਕਾਰੀਆਂ ਦੇ ਸੁਝਾਅ ਵੀ ਸੁਣੇ।