ਡੀਸੀ ਨੇ ਐਨ.ਐਚ.ਏ.ਆਈ. ਦੇ ਸੜਕ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਫਿਰੋਜ਼ਪੁਰ ਰੋਡ ਐਲੀਵੇਟਡ ਪ੍ਰੋਜੈਕਟ ਅਤੇ ਲਾਢੋਵਾਲ ਬਾਈਪਾਸ ਸਾਈਟਾਂ ਦਾ ਵੀ ਕੀਤਾ ਦੌਰਾ

ਲੁਧਿਆਣਾ (ਰਾਜਕੁਮਾਰ ਸਾਥੀ)। ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਸ਼ਰਮਾ ਨੇ ਵੀਰਵਾਰ ਨੂੰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨਾਲ ਸਬੰਧਤ ਸੜਕ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ । ਉਹਨਾਂ ਨੇ ਏਡੀਸੀ ਜਗਰਾਉਂ ਅਤੇ ਪ੍ਰੋਜੈਕਟਾਂ ਦੀ ਇੰਚਾਰਜ ਨੀਰੂ ਕਤਿਆਲ ਗੁਪਤਾ, ਡੀ.ਸੀ.ਪੀ. (ਟ੍ਰੈਫਿਕ) ਸੁਖਪਾਲ ਸਿੰਘ ਬਰਾੜ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਨਾਲ ਲੈ ਕੇ ਫਿਰੋਜ਼ਪੁਰ ਰੋਡ ਐਲੀਵੇਟਿਡ ਪ੍ਰਾਜੈਕਟ ਅਤੇ ਲਾਢੋਵਾਲ ਬਾਈਪਾਸ ਪ੍ਰਾਜੈਕਟ ਦਾ ਦੌਰਾ ਵੀ ਕੀਤਾ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਐਨ.ਐਚ.ਏ.ਆਈ. ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਲੁਧਿਆਣਾ ਸ਼ਹਿਰ ਵਿੱਚ ਟ੍ਰੈਫਿਕ ਨੂੰ ਧਿਆਨ ਵਿੱਚ ਰੱਖਦਿਆਂ, ਉਹਨਾਂ ਦੇ ਪ੍ਰਾਜੈਕਟਾਂ ਨਾਲ ਸਬੰਧਤ ਵੱਧ ਤੋਂ ਵੱਧ ਕੰਮ ਨਿਰਧਾਰਤ ਸਮੇਂ ਸੀਮਾ ਦੇ ਅੰਦਰ ਮੁਕੰਮਲ ਹੋ ਜਾਣ। ਉਹਨਾਂ ਨੁਮਾਇੰਦਿਆਂ ਨੂੰ ਅਗਲੇ ਦਿਨਾਂ ਵਿਚ ਸਾਰੇ ਪ੍ਰਾਜੈਕਟਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕਰਨ ਲਈ ਕਿਹਾ ਤਾਂ ਜੋ ਨਿਯਮਤ ਅਧਾਰ ‘ਤੇ ਉਹਨਾਂ ਦੀ ਸਮੀਖਿਆ ਕੀਤੀ ਜਾ ਸਕੇ।
ਉਹਨਾਂ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਦਾ ਨਿੱਜੀ ਤੌਰ ‘ਤੇ ਦੌਰਾ ਕਰਨ ਅਤੇ ਇਸ ਸਬੰਧ ਵਿੱਚ ਰਿਪੋਰਟ ਪੇਸ਼ ਕਰਨ। ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫਿਰੋਜ਼ਪੁਰ ਰੋਡ ਤੋਂ ਸ਼ੁਰੂ ਹੋ ਕੇ ਸਮਰਾਲਾ ਚੌਕ ਤੱਕ ਐਲੀਵੇਟਡ ਸੜਕ ਦੇ ਨਿਰਮਾਣ ਨਾਲ ਜੁੜੇ ਕੰਮਾਂ ਨੂੰ ਤੇਜ਼ ਕੀਤਾ ਜਾਵੇ ਤਾਂ ਜੋ ਸ਼ਹਿਰ ਵਿੱਚ ਟ੍ਰੈਫਿਕ ਜਾਮ ਨੂੰ ਠੱਲ ਪਾਈ ਜਾ ਸਕੇ।