-ਅਧਿਕਾਰੀਆਂ ਨੂੰ ਆਗਾਮੀ ਮੌਨਸੂਨ ਸੀਜ਼ਨ ਲਈ ਤਿਆਰ ਰਹਿਣ ਦੀ ਅਪੀਲਲੁ
ਲੁਧਿਆਣਾਰਾਜਕੁਮਾਰ ਸਾਥੀ)। ਆਗਾਮੀ ਮੌਨਸੂਨ ਸੀਜ਼ਨ ਦੌਰਾਨ ਅਗਾਂਊ ਹੜ੍ਹ ਰੋਕਥਾਮ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਸ਼ਰਮਾ ਨੇ ਅੱਜ ਸੰਬੰਧਤ ਅਧਿਕਾਰੀਆਂ ਨਾਲ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।ਦੱਸਣਯੋਗ ਹੈ ਕਿ ਆਗਾਮੀ ਮੌਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਫਲੱਡ ਕੰਟਰੋਲ ਰੂਮ ਸਥਾਪਤ (0161-2433100) ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਬ ਡਵੀਜ਼ਨ ਅਤੇ ਤਹਿਸੀਲ ਪੱਧਰ ‘ਤੇ ਵੀ ਅਜਿਹੇ ਫਲੱਡ ਕੰਟਰੋਲ ਰੂਮ ਸਥਾਪਤ ਕਰਨ ਬਾਰੇ ਹਦਾਇਤ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਨਗਰ ਨਿਗਮ ਲੁਧਿਆਣਾ, ਸਿੰਚਾਈ ਵਿਭਾਗ, ਡਰੇਨੇਜ਼ ਵਿਭਾਗ ਅਤੇ ਹੋਰ ਵਿਭਾਗਾਂ ਵੱਲੋਂ ਕੀਤੀਆਂ ਤਿਆਰੀਆਂ ਬਾਰੇ ਵੇਰਵਾ ਲਿਆ। ਫੈਸਲਾ ਕੀਤਾ ਗਿਆ ਕਿ ਹੜ੍ਹ ਰੋਕਥਾਮ ਪ੍ਰਬੰਧਾਂ ਵਿੱਚ ਆਪਸੀ ਤਾਲਮੇਲ ਬਣਾਉਣ ਅਤੇ ਸਮੁੱਚੀਆਂ ਗਤੀਵਿਧੀਆਂ ‘ਤੇ ਨਿਗਰਾਨੀ ਰੱਖਣ ਲਈ ਇੱਕ ‘ਵਟਸਐਪ ਗਰੁੱਪ’ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੜ੍ਹ ਰੋਕਥਾਮ ਪ੍ਰਬੰਧਾਂ ਅਤੇ ਕਿਸੇ ਹੰਗਾਮੀ ਸਥਿਤੀ ਨਾਲ ਨਿਪਟਣ ਮੌਕੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਦਿਖਾਈ ਗਈ ਲਾਪਰਵਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ੍ਰੀ ਸ਼ਰਮਾ ਨੇ ਕਿਹਾ ਕਿ ਆਗਾਮੀ ਮੌਨਸੂਨ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਕਿਸੇ ਵੀ ਹੰਗਾਮੀ ਹਾਲਾਤ ਦਾ ਸਾਹਮਣਾ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ। ਵੱਖ-ਵੱਖ ਅਧਿਕਾਰੀਆਂ ਨੂੰ ਪੁੱਛਣ ‘ਤੇ ਪਤਾ ਲੱਗਾ ਕਿ ਸਾਰੇ ਵਿਭਾਗਾਂ ਨੇ ਆਪਣੇ-ਆਪਣੇ ਪੱਧਰ ‘ਤੇ ਪ੍ਰਬੰਧ ਮੁਕੰਮਲ ਕਰਨੇ ਸ਼ੁਰੂ ਕੀਤੇ ਹੋਏ ਹਨ। ਜਿਸ ‘ਤੇ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਅਧਿਕਾਰੀਆਂ ਵਿੱਚ ਆਪਸੀ ਤਾਲਮੇਲ ਹੋਰ ਬੇਹਤਰ ਬਣਾਉਣ ਅਤੇ ਸਮੁੱਚੇ ਪ੍ਰਬੰਧਾਂ ਦੀ ਨਜ਼ਰਸਾਨੀ ਲਈ ਇੱਕ ਵਟਸਐਪ ਗਰੁੱਪ ਬਣਾਇਆ ਜਾਵੇ ਤਾਂ ਜੋ ਸਾਰੇ ਅਧਿਕਾਰੀ ਇਸ ਵਿੱਚ ਆਪਣੀ ਸਮੇਂ-ਸਮੇਂ ‘ਤੇ ਰਿਪੋਰਟ ਪਾ ਸਕਣ। ਸਮੂਹ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਆਪਸੀ ਸੰਪਰਕ ਨੰਬਰ ਸਾਂਝੇ ਕਰ ਲੈਣ। ਉਨ੍ਹਾਂ ਸਮੂਹ ਐੱਸ.ਡੀ.ਐੱਮਜ਼ ਨੂੰ ਹਦਾਇਤ ਕੀਤੀ ਕਿ ਉਹ ਇੱਕ-ਇੱਕ ਵਾਹਨ ਵਿੱਚ ਵਾਇਰਲੈੱਸ ਪਬਲਿਕ ਐੱਡਰੈੱਸ ਸਿਸਟਮ ਲਗਾਉਣਾ ਯਕੀਨੀ ਬਣਾਉਣ ਤਾਂ ਜੋ ਹੰਗਾਮੀ ਸਥਿਤੀ ਮੌਕੇ ਲੋਕਾਂ ਤੱਕ ਸਪੀਕਰ ਰਾਹੀਂ ਸੁਨੇਹਾ ਪਹੁੰਚਾਇਆ ਜਾ ਸਕੇ। ਉਨ੍ਹਾਂ ਐੱਨ.ਡੀ.ਆਰ.ਐੱਫ. ਅਤੇ ਭਾਰਤੀ ਫੌਜ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਹ ਸਿਵਲ ਅਧਿਕਾਰੀਆਂ ਨੂੰ ਨਾਲ ਲੈ ਕੇ ਸੰਵੇਦਨਸ਼ੀਲ ਇਲਾਕਿਆਂ ਦਾ ਪਹਿਲਾਂ ਹੀ ਦੌਰਾ ਕਰ ਲੈਣ ਤਾਂ ਜੋ ਲੋੜ ਪੈਣ ‘ਤੇ ਕਾਰਵਾਈ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਦੁਬਿਧਾ ਨਾ ਰਹੇ। ਹਰ ਤਰ੍ਹਾਂ ਦੀ ਸਥਿਤੀ ‘ਤੇ ਕਾਬੂ ਪਾਉਣ ਲਈ ਕੁਝ ਹਦਾਇਤਾਂ ਜਾਰੀ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਸਮੂਹ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਅਗਲੇ ਹੁਕਮਾਂ ਤੱਕ ਬਿਨ੍ਹਾਂ ਉਨ੍ਹਾਂ ਦੀ ਪੂਰਵ ਪ੍ਰਵਾਨਗੀ ਤੋਂ ਹੈਡ ਕੁਆਰਟਰ (ਸਟੇਸ਼ਨ) ਨਹੀਂ ਛੱਡਣਗੇ ਅਤੇ ਇਸ ਦੇ ਨਾਲ ਨਾਲ ਆਪਣਾ ਮੋਬਾਇਲ ਫੋਨ ਵੀ 24 ਘੰਟੇ ਖੁੱਲ੍ਹਾ ਰੱਖਣਗੇ। ਸਾਰੇ ਉਪ ਮੰਡਲ ਮੈਜਿਸਟਰੇਟ/ਤਹਿਸੀਲਦਾਰ/ਡੀ.ਆਰ.ਓ. ਇਸ ਗੱਲ ਨੁੂੰ ਯਕੀਨੀ ਬਣਾਉਣਗੇ ਕਿ ਤਹਿਸੀਲ ਹੈੱਡ ਕੁਆਰਟਰਾਂ ਵਿੱਚ ਸਥਾਪਤ ਫਲੱਡ ਕੰਟਰੋਲ ਰੂਮ ਸਹੀ ਕੰਮ ਕਰਦੇ ਹੋਣ। ਇਸ ਤੋਂ ਇਲਾਵਾ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਕੰਟਰੋਲ ਰੂਮ ਦੇ ਨੰਬਰ ਚਾਲੂ ਹੋਣ ਅਤੇ ਜਿਹਨਾਂ ਕਰਮਚਾਰੀਆਂ ਦੀ ਡਿਊਟੀ ਲੱਗੀ ਹੈ ਉਹ ਸਮੇਂ ਸਿਰ ਹਾਜ਼ਰ ਹੋ ਕੇ ਪੂਰੀ ਡਿਊਟੀ ਦੇਣ। ਕਾਰਜਕਾਰੀ ਇੰਜੀਨੀਅਰ, ਡਰੇਨਜ, ਲੁਧਿਆਣਾ ਨੂੰ ਹਦਾਇਤ ਕੀਤੀ ਗਈ ਕਿ ਉਹ ਫਲੱਡ ਇੰਸਪੈਕਸਨ ਦੌਰਾਨ ਚੈੱਕ ਕੀਤੇ ਜਾਂਦੇ ਸਾਰੇ ਪੁਆਇੰਟਸ ਦਾ ਵਿਸ਼ੇਸ਼ ਤੌਰ ‘ਤੇ ਖਿਆਲ ਰੱਖਣਗੇ ਅਤੇ ਫਲੱਡ ਦੇਖਦੇ ਹੋਏ ਕੋਈ ਵੀ ਤੁਰੰਤ ਐਕਸ਼ਨ ਦੀ ਲੋੜ ਹੋਵੇ, ਉਹ ਲਿਆ ਜਾਵੇ। ਇਸ ਤੋਂ ਇਲਾਵਾ ਸੰਵੇਦਨਸ਼ੀਲ ਪੁਆਇੰਟਸ ਚੈੱਕ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਸਤਲੁੱਜ ਦਰਿਆ ਉੱਪਰ 24 ਘੰਟੇ ਨਜ਼ਰ ਰੱਖੀ ਜਾਵੇਗੀ ਅਤੇ ਸਮੇਂ-ਸਮੇਂ ‘ਤੇ ਸੂਚਨਾ ਦੇਣ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ/ਤਹਿਸੀਲਦਾਰ/ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ-ਆਪਣੇ ਹਲਕਿਆਂ ਵਿੱਚ ਪੈਂਦੇ ਸਾਰੇ ਪੁਆਇੰਟਸ ਦਾ ਵੀ ਦੌਰਾ ਕਰਨਗੇ ਅਤੇ ਕੀਤੀ ਗਈ ਕਾਰਵਾਈ ਸਬੰਧੀ ਰਿਪੋਰਟ ਦੇਣਗੇ। ਉਨ੍ਹਾਂ ਕਿਹਾ ਕਿ ਸਿੰਚਾਈ ਵਿਭਾਗ ਇਸ ਗੱਲ ਯਕੀਨੀ ਬਣਾਵੇਗਾ ਕਿ ਖਾਲ੍ਹਾਂ ਦੀ ਸਫਾਈ ਹੋਣੀ ਚਾਹੀਦੀ ਹੈ ਤਾਂ ਕਿ ਫਲੱਡ ਦੌਰਾਨ ਫਸਲਾਂ ਨੂੰ ਕੋਈ ਨੁਕਸਾਨ ਨਾ ਹੋਵੇ। ਕਮਿਸ਼ਨਰ ਨਗਰ ਨਿਗਮ, ਕਾਰਜ ਸਾਧਕ ਅਫ਼ਸਰਾਂ ਅਤੇ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਇਲਾਕੇ ਜਿਥੇ ਭਾਰੀ ਬਾਰਿਸ਼ ਦੀ ਸੂਰਤ ਵਿੱਚ ਉਹ ਨੀਵੇਂ ਇਲਾਕੇ ਜਿੱਥੇ ਪਾਣੀ ਖੜੇਗਾ, ਉਸ ਨੂੰ ਡਰੇਨ ਆਊਟ ਕਰਨਗੇ। ਸ਼ਹਿਰਾਂ ਆਦਿ ਵਿੱਚ ਕਿਤੇ ਵੀ ਸੀਵਰੇਜ ਦਾ ਖੁੱਲ੍ਹਿਆ ਹੋਇਆ ਮੇਨਹੋਲ ਨਾ ਹੋਵੇ।
ਉਨ੍ਹਾਂ ਸੰਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਲੋੜੀਂਦੀ ਮਸ਼ੀਨਰੀ ਦੀ ਪਹਿਲਾਂ ਤੋਂ ਹੀ ਲਿਸਟ ਤਿਆਰ ਕਰਕੇ ਸੰਬੰਧਤ ਵਿਭਾਗਾਂ ਨਾਲ ਤਾਲਮੇਲ ਕਰ ਲਿਆ ਜਾਵੇ। ਉਨ੍ਹਾਂ ਸਮੂਹ ਐਸ.ਡੀ.ਐਮਜ਼/ਤਹਿਸੀਲਦਾਰ/ਕਮਿਸ਼ਨਰ ਪੁਲਿਸ ਦਫ਼ਤਰ/ਐਸ.ਐਸ.ਪੀਜ਼. ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਕਮਿਉਨੀਕੇਸ਼ਨ ਸਿਸਟਮ ਨੂੰ ਚੱਲਦਾ ਰੱਖਣਾ ਯਕੀਨੀ ਬਨਾਉਣ ਤਾਂ ਕਿ ਲੋੜ ਪੈਣ ‘ਤੇ ਲੋਕਾਂ ਨਾਲ ਤਾਲਮੇਲ ਕੀਤਾ ਜਾ ਸਕੇ। ਇਸ ਮੌਕੇ ਜੁਆਇੰਟ ਸੀ.ਪੀ. ਸ੍ਰੀ ਜੇ.ਐਲਨਚੇਜ਼ੀਅਨ, ਵਧੀਕ ਨਗਰ ਨਿਗਮ ਕਮਿਸ਼ਨਰ ਸ.ਰਿਸ਼ੀਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਰਜੀਤ ਬੈਂਸ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ.ਸਕੱਤਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਗਰਾਂਉ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਐਸ.ਡੀ.ਐਮ. ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਐਸ.ਡੀ.ਐਮ. ਡਾ.ਬਲਜਿੰਦਰ ਸਿੰਘ ਢਿੱਲੋਂ, ਐਸ.ਡੀ.ਐਮ. ਗੀਤਿਕਾ ਸਿੰਘ, ਐਸ.ਡੀ.ਐਮ. ਹਿਮਾਂਸ਼ੂ ਗੁਪਤਾ, ਐਸ.ਡੀ.ਐਮ. ਮਨਕੰਵਲ ਸਿੰਘ ਚਾਹਲ, ਐਸ.ਡੀ.ਐਮ. ਸ.ਹਰਬੰਸ ਸਿੰਘ, ਆਰ.ਟੀ.ਏ. ਸਕੱਤਰ ਸੰਦੀਪ ਸਿੰਘ ਗੜ੍ਹਾ, ਸਿਵਲ ਸਰਜਨ ਡਾ. ਕਿਰਨ ਗਿੱਲ ਆਹਲੂਵਾਲੀਆ, ਡੀ.ਡੀ.ਪੀ.ਓ. ਸੰਜੀਵ ਕੁਮਾਰ, ਕਾਰਜਕਾਰੀ ਇੰਜੀਨੀਅਰ ਸ. ਹਰਜੋਤ ਵਾਲੀਆ, ਡੀ.ਐਮ.ਓ. ਦਵਿੰਦਰ ਸਿੰਘ, ਐਨ.ਡੀ.ਆਰ.ਐਫ. ਅਧਿਕਾਰੀ ਅਤੇ ਹੋਰ ਵੀ ਸ਼ਾਮਲ ਸਨ।