ਡਿਪਟੀ ਕਮਿਸ਼ਨਰ ਨੇ ਕਰਵਾਇਆ ਕੋਵਿਡ-19 ਟੀਕਾਕਰਣ
ਕੋਵਿਡ-19 ਵੈਕਸੀਨ ਹੈ ਪੂਰੀ ਤਰ੍ਹਾਂ ਸੁਰੱਖਿਅਤ – ਸ਼ਰਮਾ
ਲੁਧਿਆਣਾ (ਰਾਜਕੁਮਾਰ ਸਾਥੀ)। ਅੱਜ ਸਥਾਨਕ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕੋਵਿਡ-19 ਟੀਕਾਕਰਣ ਕਰਵਾਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਤੰਦਰੁਸਤ ਅਤੇ ਸਿਹਤਮੰਦ ਮਹਿਸੂਸ ਕਰ ਰਹੇ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਲਕੁੱਲ ਵੀ ਨਾ ਘਬਰਾਉਣ ਅਤੇ ਨਾ ਹੀ ਸੋਸ਼ਲ ਮੀਡੀਆਂ ‘ਤੇ ਫੈਲੀਆਂ ਅਫਵਾਹਾਂ ‘ਤੇ ਵਿਸ਼ਵਾਸ਼ ਕਰਨ ਕਿਉਂਕਿ ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਵੈਕਸੀਨੇਸ਼ਨ ਤੋਂ ਬਾਅਦ, ਡਿਪਟੀ ਕਮਿਸ਼ਨਰ ਲੁਧਿਆਣਾ ਨੇ ਜ਼ਿਲ੍ਹਾ ਲੋਕ ਸੰਪਰਕ ਦਫਤਰ ਲੁਧਿਆਣਾ ਦੇ ਅਧਿਕਾਰਤ ਫੇਸਬੁੱਕ ਪੇਜ ‘ਤੇ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਸੈਸ਼ਨ ਦੁਆਰਾ ਨਿਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੇ ਨਾਲ ਕਾਰਡੀਓਲੋਜੀ ਦੇ ਪ੍ਰੋਫੈਸਰ ਡਾ. ਬਿਸ਼ਵ ਮੋਹਨ ਅਤੇ ਡਾ. ਅਸ਼ਵਨੀ ਕੇ. ਚੌਧਰੀ ਪ੍ਰੋਫੈਸਰ ਅਤੇ ਹੈਡ ਕਮਿਊਨਿਟੀ ਮੈਡੀਸਨ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਸਵੇਰੇ ਲਗਭਗ 11 ਵਜੇ ਟੀਕਾ ਲਗਵਾਉਣ ਤੋਂ ਬਾਅਦ, ਉਹ ਆਪਣੇ ਦਫ਼ਤਰ ਵਿਚ ਦੋ ਮਹੱਤਵਪੂਰਨ ਮੀਟਿੰਗਾਂ ਦੀ ਪ੍ਰਧਾਨਗੀ ਕਰਨਗੇ, ਆਪਣੀ ਅਦਾਲਤ ਲਗਾਉਣਗੇ ਅਤੇ ਬਾਅਦ ਵਿਚ ਸਾਈਕਲਿੰਗ ਵੀ ਕਰਨਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੇ ਲਗਭਗ 34,000 ਸਿਹਤ ਕਰਮਚਾਰੀਆਂ ਵਿੱਚੋਂ 17,000 ਨੇ ਟੀਕੇ ਲਗਵਾਏ ਗਏ ਹਨ ਅਤੇ ਉਨ੍ਹਾਂ ਦਾ ਟੀਕਾਕਰਨ 19 ਫਰਵਰੀ, 2021 ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਦੂਜੇ ਪੜਾਅ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ 20,000 ਦੇ ਕਰੀਬ ਫਰੰਟ ਲਾਈਨ ਕਰਮਚਾਰੀ ਰਜਿਸਟਰਡ ਹੋਏ ਹਨ, ਜਿਨ੍ਹਾਂ ਵਿੱਚ 11,000 ਦੇ ਕਰੀਬ ਪੁਲਿਸ ਮੁਲਾਜ਼ਮ, 8000 ਦੇ ਕਰੀਬ ਸੈਨੀਟੇਸ਼ਨ ਕਰਮਚਾਰੀ, ਮਾਲ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਤਕਰੀਬਨ 1000 ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਤਕਰੀਬਨ 2,700 ਫਰੰਟ ਲਾਈਨ ਵਰਕਰਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਅਸੀਂ 5 ਮਾਰਚ 2021 ਤੱਕ ਵੱਧ ਤੋਂ ਵੱਧ ਫਰੰਟ ਲਾਈਨ ਵਰਕਰਾਂ ਨੂੰ ਸ਼ਾਮਲ ਕਰਨ ਦੀ ਉਮੀਦ ਕਰਦੇ ਹਾਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਇਹ ਟੀਕਾਕਰਨ ਪੂਰੀ ਤਰ੍ਹਾਂ ਸਵੈ-ਇੱਛੁਕ ਹੈ, ਪਰ ਫਿਰ ਵੀ ਸਾਰੇ ਲੋਕਾਂ ਨੂੰ ਆਪਣੇ ਆਪ ਟੀਕਾ ਲਗਵਾਉਣਾ ਚਾਹੀਦਾ ਹੈ ਕਿਉਂਕਿ ਇਹ ਟੀਕਾਕਰਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਮਿਸ਼ਨ ਫਤਿਹ ਦੀ ਸ਼ੁਰੂਆਤ ਕਰ ਚੁੱਕੇ ਹਨ, ਜਿਸ ਤਹਿਤ ਇਹ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਅਸੀਂ ਬਾਅਦ ਵਿੱਚ ਵੈਕਸੀਨੇਸ਼ਨ ਕਰਵਾਉਣਾ ਚਾਹੁੰਦੇ ਹਾਂ, ਤਾਂ ਸਾਡੀ ਵਾਰੀ ਸ਼ਾਇਦ ਆਸਾਨੀ ਨਾਲ ਨਾ ਆਵੇ। ਡਾ. ਅਸ਼ਵਨੀ ਕੇ. ਚੌਧਰੀ ਨੇ ਕਿਹਾ ਕਿ ਹੁਣ ਤੱਕ ਵੈਕਸੀਨੇਸ਼ਨ ਕਰਵਾ ਚੁੱਕੇ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਉਨ੍ਹਾਂ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰਾਂ ਅਤੇ ਸਮਾਜ ਦੇ ਹਿੱਤ ਵਿਚ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ। ਡਾ. ਬਿਸ਼ਵ ਮੋਹਨ ਨੇ ਦੱਸਿਆ ਕਿ ਦੇਸ਼ ਵਿੱਚ ਲੱਖਾਂ ਲੋਕ ਪਹਿਲਾਂ ਹੀ ਆਪਣੀ ਵੈਕਸੀਨੇਸ਼ਨ ਕਰਵਾ ਚੁੱਕੇ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਖੁਦ ਵੈਕਸੀਨੇਸ਼ਨ ਕਰਵਾਉਣ ਕਿਉਂਕਿ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਇਹ ਟੀਕਾ ਇਕ ਹਥਿਆਰ ਹੈ ਜਿਸ ਦੀ ਵਰਤੋਂ ਅਸੀਂ ਆਪਣੇ ਸਮਾਜ ਵਿਚੋਂ ਕੋਵਿਡ-19 ਨੂੰ ਖਤਮ ਕਰਨ ਲਈ ਕਰ ਸਕਦੇ ਹਾਂ।