ਇਹ ਮਹਿਜ਼ ਕੋਈ ਅਹੁੱਦਾ ਨਹੀਂ ਸਗੋਂ ਮਾਂ ਬੋਲੀ ਦੀ ਸੇਵਾ ਦਾ ਇਕ ਮੌਕਾ ਹੈ – ਜ਼ਿਲ੍ਹਾ ਭਾਸ਼ਾ ਅਫ਼ਸਰ
ਲੁਧਿਆਣਾ, 25 ਨਵੰਬਰ (ਰਾਜਕੁਮਾਰ ਸਾਥੀ)। ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ੍ਰੀ ਪਰਗਟ ਸਿੰਘ ਅਤੇ ਸਕੱਤਰ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਸ੍ਰੀ ਕ੍ਰਿਸ਼ਨ ਕੁਮਾਰ ਦੀ ਪਹਿਲ-ਕਦਮੀ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀਮਤੀ ਕਰਮਜੀਤ ਕੌਰ ਦੀ ਅਗਵਾਈ ਵਿਚ ਚਿਰੋਕਣੀ ਮੰਗ ਨੂੰ ਪ੍ਚਰਾ ਕਰਦਿਆਂ ਭਾਸ਼ਾ ਵਿਭਾਗ ਵਿਚ ਜਿਲ੍ਹਾ ਭਾਸ਼ਾ ਅਫ਼ਸਰਾਂ ਦੀਆਂ ਲੰਮੇ ਸਮੇਂ ਤੋਂ ਖਾਲੀ ਪਈਆਂ ਪੋਸਟਾਂ ਭਰੀਆਂ ਗਈਆਂ ਹਨ। ਇਸੇ ਤਹਿਤ ਜਿਲ੍ਹਾ ਲੁਧਿਆਣਾ ਵਿਖੇ ਡਾ. ਸੰਦੀਪ ਸ਼ਰਮਾ ਬਤੌਰ ਜਿਲ੍ਹਾ ਭਾਸ਼ਾ ਅਫ਼ਸਰ ਅਹੁੱਦਾ ਸੰਭਾਲਿਆ। ਜਿਕਰਯੋਗ ਹੈ ਕਿ ਸ੍ਰੀ ਸੰਦੀਪ ਸ਼ਰਮਾ ਸਕੂਲ ਸਿੱਖਿਆ ਦੇ ਖੇਤਰ ਵਿਚ ਉਘਾ ਯੋਗਦਾਨ ਪਾਉਂਦੇ ਰਹੇ ਹਨ ਅਤੇ ਬਤੌਰ ਸ਼ਾਇਰ ਉਹ ਸਾਹਿਤਿਕ ਜਗਤ ਵਿਚ ਵੀ ਸਰਗਰਮ ਹਨ। ਇਸ ਮੌਕੇ ਉਘੇ ਸਾਹਿਤਕਾਰ ਸ. ਗੁਰਭਜਨ ਗਿੱਲ ਨੇ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਉਪਰਾਲੇ ਨਾਲ ਪੰਜਾਬ ਰਾਜ ਭਾਸ਼ਾ ਐਕਟ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਵਿਚ ਚੰਗਾ ਯੋਗਦਾਨ ਪਾਇਆ ਜਾ ਸਕਦਾ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਰਵਿੰਦਰ ਭੱਠਲ ਤੇ ਹੋਰਾਂ ਨੇ ਕਿਹਾ ਕਿ ਪੰਜਾਬ ਵਿਚ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਅਨੇਕਾਂ ਮਹੱਤਵਪੂਰਣ ਕਾਰਜ ਹੋ ਰਹੇ ਹਨ ਪ੍ਰੰਤੂ ਅਜੇ ਵੀ ਕਈ ਖੇਤਰਾਂ ਵਿਚ ਲੋੜੀਂਦਾ ਕਾਰਜ ਕਰਨ ਦੀ ਜਰੂਰਤ ਹੈ। ਸ਼ਾਇਰ ਜਸਵੰਤ ਜ਼ਫ਼ਰ ਨੇ ਕਿਹਾ ਕਿ ਭਾਸ਼ਾ ਦਾ ਮਸਲਾ ਇਕ ਸੰਜੀਦਾ ਮਸਲਾ ਹੈ ਅਤੇ ਇਸ ਪ੍ਰਤੀ ਸੰਜੀਦਗੀ ਨਾਲ ਗੱਲ ਅੱਗੇ ਚਲਣੀ ਬਣਦੀ ਹੈ। ਪੰਜਾਬ ਦੀ ਸਭ ਤੋਂ ਪੁਰਾਣੀ ਸਾਹਿਤ ਸਭਾ, ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਲੰਮਾ ਸਮਾਂ ਪ੍ਰਧਾਨ ਰਹੇ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਡਾ. ਸੰਦੀਪ ਸ਼ਰਮਾ ਲੰਮੇ ਸਮੇਂ ਤੋਂ ਲਿਖਾਰੀ ਸਭਾ ਰਾਮਪੁਰ ਨਾਲ ਜੁੜੇ ਹਨ ਅਤੇ ਪੰਜਾਬੀ ਦੇ ਸੰਜੀਦਾ ਸ਼ਾਇਰ ਹਨ, ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਉਹ ਆਪਣੀ ਇਹ ਜਿੰਮੇਵਾਰੀ ਪੂਰੀ ਸੁਹਿਰਦਤਾ ਨਾਲ ਨਿਭਾਉਣਗੇ। ਸਾਹਿਤ ਜਗਤ ਵਿਚੋਂ ਪਰਮਜੀਤ ਸੋਹਲ, ਤਿਰਲੋਚਨ ਲੋਚੀ, ਜਸਵੀਰ ਝੱਜ, ਅਮਰਜੀਤ ਸ਼ੇਰਪੁਰੀ, ਅਵਤਾਰ ਧਮੋਟ, ਗੁਲਜਾਰ ਪੰਧੇਰ, ਬੁੱਧ ਸਿੰਘ ਨੀਲੋਂ, ਇਕਬਾਲ ਮਾਹਲ, ਹਰੀ ਕ੍ਰਿਸ਼ਨ ਮਾਇਰ, ਗੁਰਵਿੰਦਰ ਸਵੈਚ ਵੀ ਇਸ ਮੌਕੇ ਹਾਜ਼ਰ ਰਹੇ ਅਤੇ ਉਨ੍ਹਾਂ ਆਪਣੀਆਂ ਸ਼ੁਭਕਾਮਨਾਵਾਂ ਭੇਟ ਕਰਦਿਆਂ ਭਰੋਸਾ ਦਿਵਾਇਆ ਕਿ ਮਾਂ ਬੋਲੀ ਦੀ ਬਿਹਤਰੀ ਲਈ ਵਿਭਾਗ ਨੂੰ ਉਨ੍ਹਾਂ ਦਾ ਹਰ ਤਰਾਂ ਦਾ ਸਹਿਯੋਗ ਉਪਲਬਧ ਰਹੇਗਾ। ਸ੍ਰੀ ਸੰਦੀਪ ਸ਼ਰਮਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹਨਾ ਲਈ ਇਹ ਮਹਿਜ਼ ਕੋਈ ਅਹੁੱਦਾ ਨਹੀਂ ਸਗੋਂ ਮਾਂ ਬੋਲੀ ਦੀ ਸੇਵਾ ਦਾ ਇਕ ਮੌਕਾ ਹੈ ਅਤੇ ਇਸ ਲਈ ਉਹ ਸੁਹਿਰਦਤਾ ਨਾਲ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਮਨਦੀਪ ਸ਼ਰਮਾ, ਗੁਰਵਿੰਦਰ ਗਿੱਲ ਅਤੇ ਸਿੱਖਿਆ ਵਿਭਾਗ ਤੋਂ ਦਿਲਬਾਗ ਸਿੰਘ, ਇਕਬਾਲ ਸਿੰਘ, ਦਰਸ਼ਨ ਸਿੰਘ, ਰਾਜਵਿੰਦਰ ਸਿੰਘ ਆਦਿ ਵੀ ਮੌਜੂਦ ਸਨ। ਦਫ਼ਤਰ ਵਿਚ ਮੌਜੂਦ ਸਟਾਫ ਮੈਂਬਰ ਭੁਪਿੰਦਰਜੀਤ ਕੌਰ, ਸੁਖਦੀਪ ਸਿੰਘ, ਰਾਜੀਵ ਸ਼ਰਮਾ ਅਤੇ ਤਮਸਾ ਗਿੱਲ ਵੱਲੋਂ ਉਹਨਾਂ ਨੂੰ ਜੀ ਆਇਆ ਅਖਿਆ ਗਿਆ।