ਲੁਧਿਆਣਾ: (ਦੀਪਕ ਸਾਥੀ)। ਕੰਨਿਆ ਭਰੂਣ ਹੱਤਿਆ ਨੂੰ ਰੋਕਣ ਅਤੇ ਔਰਤਾਂ ਦੇ ਸਸ਼ਕਤੀਕਰਨ ਦੇ ਹਿੱਤ ਵਿੱਚ ਡਾ: ਕੋਟਨਿਸ ਐਕਯੂਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ ‘ਧੀਆਂ ਦੀ ਲੋਹੜੀ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਰਿੰਦਰ ਸਿੰਘ ਟਿਵਾਣਾ (ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਲੁਧਿਆਣਾ) ਅਤੇ ਅਮਨ ਬੱਗਾ (ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੇ ਸਪੁੱਤਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਵਰਿੰਦਰ ਸਿੰਘ ਜੀ ਨੇ ਮਹਿਲਾ ਸਸ਼ਕਤੀਕਰਨ ਦੇ ਇਰਾਦੇ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਸੰਸਥਾ ਦੀ ਸ਼ਲਾਘਾ ਕੀਤੀ। ਅਮਨ ਬੱਗਾ ਨੇ ਇਲਾਕੇ ਵਿੱਚ ਕੀਤੇ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਮਹਿਲਾ ਸਸ਼ਕਤੀਕਰਨ ਦੇ ਕੰਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਡਾ: ਕੋਟਨਿਸ ਐਕੂਪੰਕਚਰ ਹਸਪਤਾਲ ਵੱਲੋਂ ਇਸ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੇ ਸਮੂਹ ਮੁੱਖ ਮਹਿਮਾਨਾਂ ਅਤੇ ਸ: ਜਸਵੰਤ ਸਿੰਘ ਛਾਪਾ (ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ) ਅਤੇ ਇਕਬਾਲ ਸਿੰਘ ਗਿੱਲ (ਆਈ.ਪੀ.ਐਸ.) ਦਾ ਸਮਾਜ ਵਿੱਚ ਔਰਤਾਂ ਦੀ ਸਥਿਤੀ ਨੂੰ ਸੁਧਾਰਨ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਧੰਨਵਾਦ ਕੀਤਾ । ਇਸ ਮੌਕੇ 60 ਲੜਕੀਆਂ ਨੂੰ ਮੁਫਤ ਟੇਲਰਿੰਗ ਸਿਖਲਾਈ ਕੋਰਸ ਪੂਰਾ ਕਰਨ ਲਈ ਸਰਟੀਫਿਕੇਟ ਵੰਡੇ ਗਏ ਅਤੇ ਰਵਨੀਤ ਕੌਰ ਦੀ ਪਹਿਲੀ ਲੋਹੜੀ ਮਨਾਈ ਗਈ। ਪ੍ਰੋਗਰਾਮ ‘ਚ ਵੀਰ ਚੱਕਰ ਵਿਜੇਤਾ ਕਰਨਲ ਕਾਹਲੋਂ, ਡਾ: ਰਘੁਵੀਰ ਸਿੰਘ, ਅਸ਼ਵਨੀ ਵਰਮਾ, ਰੇਸ਼ਮ ਸਿੰਘ, ਦਿਨੇਸ਼ ਰਾਠੌਰ, ਗਗਨਦੀਪ ਕੁਮਾਰ, ਮਨੀਸ਼ਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |