ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਚੋਣ ਪ੍ਰਬੰਧਨ ਪਲਾਨ ਤੁਰੰਤ ਤਿਆਰ ਕੀਤੀ ਜਾਵੇ-ਚੰਦਰ ਗੈਂਦ
ਲੁਧਿਆਣਾ 18 ਨਵੰਬਰ (ਰਾਜਕੁਮਾਰ ਸਾਥੀ)। ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਚੱਲ ਰਹੀਆਂ ਤਿਆਰੀਆਂ ਦੇ ਮੱਦੇਨਜ਼ਰ ਪਟਿਆਲਾ ਡਵੀਜਨ ਦੇ ਕਮਿਸ਼ਨਰ ਚੰਦਰ ਗੈਂਦ ਨੇ ਲੁਧਿਆਣਾ ਜ਼ਿਲ੍ਹੇ ਦੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਅਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਸੰਦੀਪ ਕੁਮਾਰ, ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਪੂਨਮਪ੍ਰੀਤ ਕੌਰ ਸਮੇਤ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਦੇ ਇਲੈਕਟ੍ਰੋਲ ਰਜਿਸਟ੍ਰੇਸ਼ਨ ਅਧਿਕਾਰੀਆਂ (ਈ.ਆਰ.ਓਜ) ਨੂੰ ਨਾਲ ਪਟਿਆਲਾ ਵਿਖੇ ਮੀਟਿੰਗ ਮੌਕੇ ਹਦਾਇਤ ਕੀਤੀ ਕਿ ਜ਼ਿਲ੍ਹਾ ਚੋਣ ਪ੍ਰਬੰਧਨ ਪਲਾਨ ਤੁਰੰਤ ਤਿਆਰ ਕੀਤਾ ਜਾਵੇ। ਲੁਧਿਆਣਾ ਜ਼ਿਲ੍ਹੇ ‘ਚ ਵਿਧਾਨ ਸਭਾ ਚੋਣਾਂ ਨਾਲ ਸੰਬੰਧਤ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੀਤੀ ਇੱਕ ਬੈਠਕ ਦੌਰਾਨ ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਚੋਣ ਪ੍ਰਕ੍ਰਿਆ ਨੂੰ ਨਿਰਵਿਘਨ, ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਬਹੁਤ ਬਾਰੀਕੀ ਨਾਲ ਤਿਆਰੀਆਂ ਕੀਤੀਆਂ ਜਾਣ। ਉਨ੍ਹਾਂ ਨੇ ਵੋਟਾਂ ਬਣਵਾਉਣ ਤੋਂ ਪਿਛੇ ਰਹਿ ਗਏ ਨਾਗਰਿਕਾਂ, ਤੀਜੇ ਲਿੰਗ ਵਾਲੇ ਨਾਗਰਿਕਾਂ ਅਤੇ ਖਾਸ ਕਰਕੇ ਦਿਵਿਆਂਗਜਨਾਂ ਦੀਆਂ ਵੋਟਾਂ ਤੁਰੰਤ ਬਣਵਾਉਣ ਸਮੇਤ ਵੋਟਰਾਂ ਨੂੰ ਆਪਣੀਆਂ ਵੋਟਾਂ ਪਾਉਣ ਅਤੇ ਨੂੰ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਤੇਜ ਕਰਨ ਦੀ ਵੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਨੇ ਸ੍ਰੀ ਗੈਂਦ ਨੂੰ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ‘ਚ ਇਸ ਸਮੇਂ ਕੁਲ ਵੋਟਰ 26 ਲੱਖ 10 ਹਜ਼ਾਰ 121 ਹਨ, ਜਿਨ੍ਹਾਂ ‘ਚੋਂ 12,14,751 ਮਹਿਲਾ, 13,95,249 ਮਰਦ ਅਤੇ 121 ਤੀਜੇ ਲਿੰਗ ਵਾਲੇ ਵੋਟਰ ਹਨ, ਇਨ੍ਹਾਂ ਦੇ 100 ਫੀਸਦੀ ਫੋਟੋ ਪਛਾਣ ਵਾਲੀਆਂ ਵੋਟਰ ਸੂਚੀਆਂ ਅਤੇ ਐਪਿਕ ਕਾਰਡ ਬਣੇ ਹੋਏ ਹਨ ਜਦਕਿ ਰਹਿ ਗਏ ਨਾਗਰਿਕਾਂ ਜਾਂ 18 ਤੋਂ 19 ਸਾਲ ਦੇ ਬਾਲਗਾਂ, ਦਿਵਿਆਂਗਜਨਾਂ ਤੇ ਤੀਜੇ ਲਿੰਗ ਵਾਲੇ ਨਾਗਰਿਕਾਂ ਦੀਆਂ ਨਵੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ। ਚੰਦਰ ਗੈਂਦ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਦੀ ਹਦਾਇਤ ਮੁਤਾਬਕ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਹਰ ਬਾਲਗ ਅਤੇ ਖਾਸ ਕਰਕੇ ਤੀਜੇ ਲਿੰਗ ਵਾਲਾ ਹਰੇਕ ਨਾਗਰਿਕ ਵੋਟਰ ਵਜੋਂ ਰਜਿਸਟਰ ਹੋਣਾ ਚਾਹੀਦਾ ਹੈ, ਜਿਸ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਬੈਠਕ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸ੍ਰੀ ਚੰਦਰ ਗੈਂਦ ਨੇ ਵਿਧਾਨ ਸਭਾ ਹਲਕਿਆਂ, ਖੰਨਾ, ਸਮਰਾਲਾ, ਸਾਹਨੇਵਾਲ, ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮ, ਲੁਧਿਆਣਾ ਉਤਰੀ, ਗਿੱਲ, ਪਾਇਲ, ਦਾਖਾ, ਰਾਏਕੋਟ, ਜਗਰਾਓਂ ਲਈ ਲਗਾਏ ਗਏ ਈ.ਆਰ.ਓਜ ਵੱਲੋਂ ਆਪਣੇ ਹਲਕੇ ‘ਚ ਚੋਣ ਤਿਆਰੀਆਂ ਦੀ ਪੂਰੀ ਗੰਭੀਰਤਾ ਨਾਲ ਸਮੀਖਿਆ ਕੀਤੀ। ਡਿਵੀਜਨਲ ਕਮਿਸ਼ਨਰ ਨੇ ਹੋਰ ਕਿਹਾ ਕਿ ਵਿਧਾਨ ਸਭਾ ਹਲਕਿਆਂ ‘ਚ ਸੰਵੇਦਨਸ਼ੀਲ ਬੂਥਾਂ, ਜਿੱਥੇ ਨਸ਼ੇ, ਸ਼ਰਾਬ ਦੀ ਵਿਕਰੀ, ਕਿਸੇ ਮਾੜੇ ਅਨਸਰ ਜਾਂ ਕੋਈ ਗ਼ੈਰਕਾਨੂੰਨੀ ਗਤੀਵਿਧੀ ਹੋਣ ਦਾ ਖ਼ਦਸ਼ਾ ਹੋਵੇ ਤੋਂ ਇਲਾਵਾ ਜਿੱਥੇ ਪਿਛਲੀਆਂ ਚੋਣਾਂ ਦੌਰਾਨ ਵੋਟਾਂ ਦੀ ਪ੍ਰਤੀਸ਼ਤਤਾ ਵਧ ਰਹੀ ਹੋਵੇ ਜਾਂ ਕੋਈ ਬਸਤੀ, ਜਿੱਥੇ ਗਰੀਬੀ ਰੇਖਾ ਤੋਂ ਹੇਠਾਂ ਵੱਸੋਂ ਵੱਧ ਹੋਵੇ ਆਦਿ ਮੁੱਦਿਆਂ ਦੇ ਅਧਾਰ ‘ਤੇ ਇਲਾਕਿਆਂ ਦੀ ਪਛਾਣ ਮੁੜ ਤੋਂ ਕਰ ਲਈ ਜਾਵੇ। ਮੀਟਿੰਗ ‘ਚ ਲੁਧਿਆਣਾ ਜ਼ਿਲ੍ਹੇ ਦੇ ਚੋਣ ਅਧਿਕਾਰੀਆਂ ਸਮੇਤ ਚੋਣ ਤਹਿਸੀਲਦਾਰ ਵੀ ਮੌਜੂਦ ਸਨ।