ਜੀ-20 ਸੈਸ਼ਨਾਂ ‘ਚ  ਆਪਣੇ ਅਮੀਰ ਸੱਭਿਆਚਾਰ ਤੇ ਵਿਰਸੇ ਨੂੰ ਦੁਨੀਆ ਸਾਹਮਣੇ ਪੇਸ਼ ਕਰੇਗਾ ਪੰਜਾਬ – ਸੰਧਵਾਂ

Share and Enjoy !

Shares

 
ਭਾਰਤ ਦੀ ਆਜ਼ਾਦੀ ਲਈ 80 ਫੀਸਦੀ ਕੁਰਬਾਨੀਆਂ ਦਿੱਤੀਆਂ ਪੰਜਾਬੀਆਂ ਨੇ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾ ਕੇ ਸ਼ਹੀਦਾਂ ਦੇ ਸੁਪਨੇ ਨੂੰ ਕਰੇਗੀ ਪੂਰਾ,  ਸਪੀਕਰ ਨੇ ਭਾਰਤੀ ਸੰਵਿਧਾਨ ਨਿਰਮਾਤਾ ਡਾ ਬੀ ਆਰ ਅੰਬੇਡਕਰ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ, 74ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਤਿਰੰਗਾ ਲਹਿਰਾਇਆ


ਲੁਧਿਆਣਾ (ਰਾਜਕੁਮਾਰ ਸਾਥੀ)।  ਜੀ-20 ਸੈਸ਼ਨ ਦੀ ਮੇਜ਼ਬਾਨੀ ਨੂੰ ਪੰਜਾਬ ਲਈ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦਾ ਸੁਨਹਿਰੀ ਮੌਕਾ ਦੱਸਦਿਆਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਸਮਾਗਮ ਸੂਬੇ ਨੂੰ ਦੁਨੀਆਂ ਦੇ ਨਕਸ਼ੇ ‘ਚ ਸਿਖ਼ਰਾਂ ‘ਤੇ ਪਹੁੰਚਾ ਦੇਵੇਗਾ। ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਤਿਰੰਗਾ ਝੰਡਾ ਲਹਿਰਾਉਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ ਨੇ ਕਿਹਾ ਕਿ ਸਿੱਖਿਆ ਅਤੇ ਕਿਰਤ ਵਿਸ਼ੇ ‘ਤੇ ਜੀ-20 ਸੰਮੇਲਨ ਦੇ ਦੋ ਸੈਸ਼ਨ ਇਸ ਸਾਲ ਫਰਵਰੀ ਅਤੇ ਜੂਨ ਵਿਚ ਪੰਜਾਬ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੋਵਾਂ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਯਤਨਸ਼ੀਲ ਹੈ, ਜਿਸ ਵਿੱਚ 46 ਦੇਸ਼ਾਂ ਦੇ ਆਗੂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ ਕਿਉਂਕਿ ਪੰਜਾਬੀ ਜਿੱਥੇ ਨਿੱਘੇ ਸੁਭਾਅ ਦੇ ਮਾਲਕ ਹਨ ਉੱਥੇ ਆਓ ਭਗਤ ਵਿੱਚ ਵੱਡਾ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਇਸ ਸਫ਼ਲ ਆਯੋਜਨ ਨਾਲ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਹੋਰ ਹੁਲਾਰਾ ਮਿਲੇਗਾ। ਅਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਕੌਮੀ ਆਜ਼ਾਦੀ ਦੀ ਲਹਿਰ ਵਿੱਚ 80 ਫੀਸਦੀ ਕੁਰਬਾਨੀਆਂ ਇਕੱਲੇ ਪੰਜਾਬੀਆਂ ਨੇ ਦਿੱਤੀਆਂ ਹਨ। ਸੰਧਵਾਂ ਨੇ ਕਿਹਾ ਕਿ ਜਿਸ ਰੰਗਲੇ ਪੰਜਾਬ ਦਾ ਸੁਪਨਾ ਸਾਡੇ ਸ਼ਹੀਦਾਂ ਨੇ ਦੇਖਿਆ ਸੀ, ਓਸ ਪੰਜਾਬ ਦੀ ਸਿਰਜਣਾ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਇਸ ਨੂੰ ਰੰਗਲਾ ਪੰਜਾਬ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ।

ਇਸ ਤੋਂ ਇਲਾਵਾ, ਸਰਕਾਰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਸਿਹਤ, ਸਿੱਖਿਆ, ਰੁਜ਼ਗਾਰ, ਵਾਤਾਵਰਣ, ਉਦਯੋਗਿਕ ਅਤੇ ਹੋਰ ਪ੍ਰਮੁੱਖ ਖੇਤਰਾਂ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ। ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਨਿਵੇਸ਼ ਲਈ ਇੱਕ ਉੱਤਮ ਸਥਾਨ ਬਣਾਉਣ ‘ਤੇ ਜ਼ੋਰ ਦੇ ਰਹੀ ਹੈ ਅਤੇ ਪ੍ਰਮੁੱਖ ਕਾਰੋਬਾਰੀ ਟਾਟਾ ਸਟੀਲਜ਼ ਅਤੇ ਹੋਰਾਂ ਨੇ ਲੁਧਿਆਣਾ ਅਤੇ ਸੂਬੇ ਦੇ ਹੋਰ ਹਿੱਸਿਆਂ ਵਿੱਚ ਪਹਿਲਾਂ ਹੀ ਆਪਣੇ ਪਲਾਂਟਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸਰਕਾਰ ਦੀਆਂ ਅਹਿਮ ਪ੍ਰਾਪਤੀਆਂ ਅਤੇ ਇਤਿਹਾਸਕ ਫੈਸਲਿਆਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਰੱਖਣ, ਸ਼ਹੀਦਾਂ ਨੂੰ 1 ਕਰੋੜ ਰੁਪਏ ਦੀ ਐਕਸਗ੍ਰੇਸ਼ੀਆ, 600 ਯੂਨਿਟ ਮੁਫਤ ਬਿਜਲੀ, 500 ਆਮ ਆਦਮੀ ਕਲੀਨਿਕ, ਸਕੂਲ ਆਫ ਐਮੀਨੈਂਸ, ਕਰੀਬ 9000 ਏਕੜ ਜ਼ਮੀਨ ਕਬਜਿਆਂ ਤੋਂ ਖਾਲੀ ਕਰਵਾਈ ਗਈ, ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 30 ਫੀਸਦੀ ਦੀ ਕਮੀ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ ਅਤੇ ਹੁਣ ਹਰ ਪੰਜਾਬੀ ਆਪਣੇ ਆਪ ਨੂੰ ਸਰਕਾਰ ਦਾ ਹਿੱਸਾ ਮਹਿਸੂਸ ਕਰ ਰਿਹਾ ਹੈ।

ਸਪੀਕਰ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ. ਅੰਬੇਦਕਰ ਨੂੰ ਇੱਕ ਵਿਸ਼ਾਲ ਅਤੇ ਸਰਵੋਤਮ ਸੰਵਿਧਾਨ ਦੇਣ ਲਈ ਸ਼ਰਧਾਂਜਲੀ ਭੇਟ ਕੀਤੀ ਜਿਸ ਕਾਰਨ ਦੇਸ਼ ਨੂੰ ਲੋਕਤੰਤਰ ਦੀ ਮਾਂ ਕਿਹਾ ਜਾਂਦਾ ਹੈ। ਲੋਕਾਂ ਨੂੰ ਸਪੱਸ਼ਟ ਸੱਦਾ ਦਿੰਦਿਆਂ ਸਪੀਕਰ ਨੇ ਉਨ੍ਹਾਂ ਨੂੰ ਦੇਸ਼ ਲਈ ਆਪਣਾ ਪਿਆਰ ਨਿਛਾਵਰ ਕਰਨ ਵਾਲੇ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਸੂਬੇ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਲਈ ਜੋਸ਼ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਰਾਜ ਅਤੇ ਦੇਸ਼ ਪ੍ਰਤੀ ਫਰਜ਼ਾਂ ਵੱਲ ਧਿਆਨ ਦੇਣ। ਇਸ ਤੋਂ ਪਹਿਲਾਂ ਪਰੇਡ ਕਮਾਂਡਰ ਆਈ.ਪੀ.ਐਸ. ਜਸਰੂਪ ਕੌਰ ਬਾਠ ਦੀ ਅਗਵਾਈ ਹੇਠ ਪੰਜਾਬ ਪੁਲਿਸ, ਹੋਮ ਗਾਰਡਜ਼, ਐਨ.ਸੀ.ਸੀ., ਭਾਰਤ ਸਕਾਊਟਸ ਅਤੇ ਗਾਈਡਜ਼ ਦੀਆਂ ਟੁਕੜੀਆਂ ਨੇ ਪ੍ਰਭਾਵਸ਼ਾਲੀ ਮਾਰਚ ਪਾਸਟ ਦੌਰਾਨ ਮੁੱਖ ਮਹਿਮਾਨ ਨੇ ਸਲਾਮੀ ਲਈ। ਇਸੇ ਤਰ੍ਹਾਂ ਰੰਗਾਰੰਗ ਪ੍ਰੋਗਰਾਮ ਜਿਸ ਵਿੱਚ ਇੱਕ ਸਮੂਹ ਪੀ.ਟੀ. ਸ਼ੋਅ, ਗਿੱਧਾ, ਭੰਗੜਾ ਅਤੇ ਹੋਰ ਰਵਾਇਤੀ ਲੋਕ ਨਾਚਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਬਾਅਦ ਵਿੱਚ ਮੰਤਰੀ ਸੰਧਵਾਂ ਵਲੋਂ ਉੱਘੇ ਸੁਤੰਤਰਤਾ ਸੈਨਾਨੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਪ੍ਰਮੁੱਖ ਅਧਿਕਾਰੀਆਂ/ਕਰਮਚਾਰੀਆਂ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਵਿਅਕਤੀਆਂ ਨੂੰ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਵੀ ਕੀਤਾ। ਇਸ ਮੌਕੇ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਦਲਜੀਤ ਸਿੰਘ ਭੋਲਾ ਗਰੇਵਾਲ, ਚੌਧਰੀ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਗੁਰਪ੍ਰੀਤ ਬੱਸੀ ਗੋਗੀ, ਜੀਵਨ ਸਿੰਘ ਸੰਗੋਵਾਲ, ਕੁਲਵੰਤ ਸਿੰਘ ਸਿੱਧੂ, ਮਨਵਿੰਦਰ ਸਿੰਘ ਗਿਆਸਪੁਰਾ, ਹਾਕਮ ਸਿੰਘ ਠੇਕੇਦਾਰ, ਹਰਦੀਪ ਸਿੰਘ ਮੁੰਡੀਆਂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਭੁਪਿੰਦਰ ਸਿੰਘ ਧਰੌੜ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ.ਕੇ.ਐਨ.ਐਸ. ਕੰਗ, ਏ.ਡੀ.ਜੀ.ਪੀ. ਸੁਧਾਂਸ਼ੂ ਐਸ. ਸ੍ਰੀਵਾਸਤਵ, ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਗਲ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਅਤੇ ਹੋਰ ਹਾਜ਼ਰ ਸਨ।

Share and Enjoy !

Shares

About Post Author

Leave a Reply

Your email address will not be published. Required fields are marked *