ਲੁਧਿਆਣਾ (ਰਾਜਕੁਮਾਰ ਸਾਥੀ)। ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀ ਪੀ.ਐਸ. ਕਾਲੇਕਾ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਦੀ ਦੇਖ-ਰੇਖ ਹੇਠ ਕੋਰੋਨਾ ਵਾਇਰਸ (Covid-19) ਤੋਂ ਬਚਾਅ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਅੱਜ ਜਿਲ੍ਹਾ ਕਚਹਿਰੀਆ, ਕੰਪਲੈਕਸ, ਲੁਧਿਆਣਾ ਵਿੱਚ ਨਿਆਂਇਕ ਅਦਾਲਤਾਂ ਵਿੱਚ ਤੈਨਾਤ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਟੀਕਾਕਰਨ ਕੈਂਪ ਦਾ ਆਯੋਜਨ ਕਰਵਾਇਆ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਨਿਆਂਇਕ ਅਦਾਲਤਾਂ ਵਿੱਚ ਤੈਨਾਤ ਸਟਾਫ ਮੈਂਬਰਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਦੀ ਖੁਰਾਕ ਦਿੱਤੀ ਗਈ। ਇਸ ਕੈਂਪ ਵਿੱਚ ਸਿਵਲ ਸਰਜਨ, ਲੁਧਿਆਣਾ ਵੱਲੋਂ ਭੇਜੀ ਗਈ ਟੀਮ ਜਿਸ ਵਿੱਚ ਡਾ. ਸੀਮਾ ਕੌਸ਼ਲ, ਮੈਡੀਕਲ ਅਫਸਰ, ਮੈਡਮ ਰਜਨਦੀਪ ਕੌਰ, ਏ.ਐਨ.ਐਮ. ਅਤੇ ਮੈਡਮ ਨਵਨੀਤ ਕੌਰ, ਕੰਪਿਊਟਰ ਓਪਰੇਟਰ ਸ਼ਾਮਲ ਸਨ, ਵੱਲੋਂ ਸਟਾਫ ਮੈਂਬਰਾਂ ਦਾ ਟੀਕਾਕਰਣ ਕੀਤਾ ਗਿਆ। ਇਸ ਮੌਕੇ ਮਾਣਯੋਗ ਜਿਲ੍ਹਾ ਤੇ ਸੈਸ਼ਨ ਜੱਜ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਟੀਕਾਕਰਨ ਪੂਰਨ ਤੌਰ ‘ਤੇ ਸੁਰੱਖਿਅਤ ਹੈ ਅਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਬਹੁਤ ਉਪਯੋਗੀ ਹੈ । ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਕਿ ਕੋਰੋਨਾ ਵਾਇਰਸ ਨੂੰ ਹਰਾਉਣ ਅਤੇ ਇਸ ਤੋਂ ਬਚਾਅ ਲਈ ਸਾਨੂੰ ਸਭਨਾਂ ਨੂੰ ਛੇਤੀ ਤੋਂ ਛੇਤੀ ਆਪੋ-ਆਪਣੀ ਵੈਕਸੀਨੇਸ਼ਨ ਕਰਵਾ ਲੈਣੀ ਚਾਹੀਦੀ ਹੈ।