02 ਅਕਤੂਬਰ ਤੱਕ ਚਲਾਈਆਂ ਜਾਣਗੀਆਂ ਵੱਖ-ਵੱਖ ਗਤੀਵਿਧੀਆਂ, ਵਧੀਕ ਡਿਪਟੀ ਕਮਿਸ਼ਨਰ ਵਲੋਂ ਸਿਵਲ ਹਸਪਤਾਲ ‘ਚ ਜ਼ਿਲ੍ਹਾ ਪੱਧਰੀ ਸਮਾਗਮ ਦੀ ਕੀਤੀ ਪ੍ਰਧਾਨਗੀ, ਪ੍ਰੋਗਰਾਮ ਤਹਿਤ ਨਵੇਂ ਆਯੂਸ਼ਮਾਨ ਕਾਰਡ ਬਣਾਉਣ ਤੋਂ ਇਲਾਵਾ ਖੂਨ ਦਾਨ ਕੈਂਪ ਅਤੇ ਅੰਗਦਾਨ ਲਈ ਵੀ ਸਹੁੰ ਚੁਕਾਈ ਜਾਵੇਗੀ
ਲੁਧਿਆਣਾ (ਦੀਪਕ ਸਾਥੀ)। ਸਿਹਤ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਮੰਤਵ ਨਾਲ ਸਥਾਨਕ ਸਿਵਲ ਹਸਪਤਾਲ ਲੁਧਿਆਣਾ ਵਿਖੇ ਆਯੂਸ਼ਮਾਨ ਭਵ ਪ੍ਰੋਗਰਾਮ ਦੀ ਲਾਂਚਿੰਗ ਕੀਤੀ ਗਈ ਜਿਸਦੇ ਤਹਿਤ 17 ਸਤੰਬਰ ਤੋਂ 02 ਅਕਤੂਬਰ ਤੱਕ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਪ੍ਰੋਗਰਾਮ ਦੀ ਅਗਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਮੇਜ਼ਰ ਅਮਿਤ ਸਰੀਨ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਪੱਧਰੀ ਸਮਾਗਮ ਰਾਹੀਂ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਹੈ ਅਤੇ ਹੁਣ ਲਗਾਤਾਰ ਸਿਹਤ ਜਾਗਰੂਕਤਾ ਲਿਆਉਣ ਲਈ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਆਯੂਸ਼ਮਾਨ ਸਕੀਮ ਤਹਿਤ ਹਰ ਯੋਗ ਲਾਭਪਾਤਰੀ ਨੂੰ ਕਵਰ ਕਰਨ ਲਈ ਨਵੇਂ ਕਾਰਡ ਬਣਾਉਣ ਸਬੰਧੀ 17, 23 ਅਤੇ 30 ਸਤੰਬਰ ਨੂੰ ਕੈਪਾਂ ਦਾ ਆਯੋਜਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿਹਤ ਸੰਸਥਾਵਾਂ ਵਿਖ ਖੂਨ ਦਾਨ ਕੈਂਪ ਵੀ ਲਗਾਏ ਜਾਣਗੇ ਅਤੇ ਨਾਲ ਹੀ ਅੰਗਦਾਨ ਨੂੰ ਉਤਸਾਹਿਤ ਕਰਨ ਸਬੰਧੀ ਸੋਹੰ ਚੁੱਕ ਸਮਾਗਮ ਵੀ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਫ ਸਫਾਈ ਦੇ ਮਹੱਤਵ ਨੂੰ ਹੁਲਾਰਾ ਦੇਣ ਲਈ ਸਵੱਛਤਾ ਅਭਿਆਨ ਵੀ ਸਿਹਤ ਸੰਸਥਾਵਾਂ ਵਿਖੇ ਚਲਾਏ ਜਾਣਗੇ ਅਤੇ ਇਹ ਪ੍ਰੋਗਰਾਮ 2 ਅਕਤੂਬਰ ਨੂੰ ਮੁਕੰਮਲ ਹੋਵੇਗਾ। ਪ੍ਰੋਗਰਾਮ ਬਾਰੇ ਹੋਰ ਚਾਨਣਾ ਪਾਉਂਦਿਆਂ ਮੇਜਰ ਅਮਿਤ ਸਰੀਨ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਪਹਿਲੇ ਹਫਤੇ ਕਮਿਊਨੀਕੇਬਲ ਡਿਸੀਜ਼ ਸਬੰਧੀ ਜਾਗਰੂਕਤਾ ਫੈਲਾਈ ਜਾਵੇਗੀ ਜਦਕਿ ਦੂਸਰੇ ਹਫ਼ਤੇ ਨਾਨ-ਕਮਿਊਨੀਕੇਬਲ ਡਿਸੀਜ਼ ਅਤੇ ਤੀਸਰੇ ਹਫ਼ਤੇ ਜੱਚਾ ਬੱਚਾ ਸਿਹਤ ਸੰਭਾਲ ਬਾਰੇ ਜਾਗਰੂਕਤਾ ਪ੍ਰੋਗਰਾਮ ਹੋਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਸਾਰੇ ਸਿਹਤ ਕਾਮੇ, ਆਂਗਣਵਾੜੀ ਸੈਂਟਰ ਅਤੇ ਪੇਂਡੂ ਵਿਕਾਸ ਦੇ ਕਾਮੇ ਜਾਗਰੂਕਤਾ ਫੈਲਾਉਣ ਲਈ ਲਗਾਤਾਰ ਪ੍ਰੋਗਰਾਮ ਉਲੀਕਣਗੇ।