ਲੁਧਿਆਣਾ (ਰਾਜਕੁਮਾਰ ਸਾਥੀ)। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਪ੍ਰੋਃ ਗੁਰਭਜਨ ਗਿੱਲ ਦੀ ਪੰਜਾਬੀ ਦੀ ਗੁਰਮੁਖੀ ਲਿਪੀ ਵਿੱਚ 2015 ਨੂੰ ਛਪੀ ਗ਼ਜ਼ਲ “ਗੁਲਨਾਰ” ਦੇ ਸ਼ਾਹਮੁਖੀ ਐਡੀਸ਼ਨ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਬਲਵਿੰਦਰ ਸੰਧੂ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਕਹਾਣੀਕਾਰ ਦੀਪ ਦੇਵਿੰਦਰ ਸਿੰਘ,ਬਲਕੌਰ ਸਿੰਘ ਗਿੱਲ,ਪਰ ਹਿੱਤ ਸਾਹਿੱਤਕ ਮੈਗਜ਼ੀਨ ਦੀ ਸਾਬਕਾ ਮੁੱਖ ਸੰਪਾਦਕ ਤੇ ਕਵਿੱਤਰੀ ਮਨਦੀਪ ਕੌਰ ਭਮਰਾ ਤੇ ਹੁਣ ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੋਸਾਂਝ ਸਮੇਤ ਸਾਥੀਆਂ ਨੇ ਲੋਕ ਅਰਪਣ ਕੀਤਾ। ਇਸ ਪੁਸਤਕ ਬਾਰੇ ਜਾਣਕਾਰੀ ਦੇਂਦਿਆਂ ਗੁਰਭਜਨ ਗਿੱਲ ਨੇ ਦੱਸਿਆ ਕਿ ਸ਼ਾਹਮੁਖੀ ਲਿਪੀ ਵਿੱਚ “ਗੁਲਨਾਰ” ਉਨ੍ਹਾਂ ਦੀ ਚੌਥੀ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਗ਼ਜ਼ਲ ਸੰਗ੍ਰਹਿ “ਰਾਵੀ”ਅਤੇ “ਸੁਰਤਾਲ” ਤੋਂ ਇਲਾਵਾ ਹਿੰਦ ਪਾਕਿ ਰਿਸ਼ਤਿਆਂ ਬਾਰੇ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ” ਸ਼ਾਹਮੁਖੀ ਵਿੱਚ ਛਪ ਚੁਕੇ ਹਨ। ਇਸ ਪੁਸਤਕ ਦਾ ਮੁੱਖ ਬੰਦ ਪੰਜਾਬੀ ਕਵੀ ਪ੍ਰੋਃ ਜਸਪਾਲ ਘਈ ਜੀ ਨੇ ਲਿਖਦਿਆਂ ਕਿਹਾ ਹੈ ਕਿ ਗੁਰਭਜਨ ਗਿੱਲ ਸਿਰਫ਼ ਚੜ੍ਹਦੇ ਪੰਜਾਬ ਦਾ ਹੀ ਨਹੀਂ, ਸਗੋਂ ਲਹਿੰਦੇ ਪੰਜਾਬ ਅਤੇ ਪਰਦੇਸੀਂ ਵੱਸੇ ਪੰਜਾਬ ਦਾ ਵੀ ਜਾਣਿਆ ਪਛਾਣਿਆ ਨਾਂ ਹੈ । ਉਹ ਇਕ ਵਧੀਆ ਸ਼ਾਇਰ ਹੋਣ ਦੇ ਨਾਲ ਨਾਲ ਇਕ ਵਧੀਆ ਅਦਬੀ ਅਤੇ ਸਕਾਫ਼ਤੀ ਕਾਰਕੁਨ ਵੀ ਹੈ । ਉਹ ਕਈ ਅਦਬੀ ਅਤੇ ਕਲਚਰਲ ਤਨਜ਼ੀਮਾਂ ਵਿਚ ਸੰਜੀਦਾ ਆਗੂ ਵਜੋਂ ਸਰਕਰਦਾ ਰੋਲ ਨਿਭਾ ਰਿਹਾ ਹੈ । ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਅਲਮ-ਬਰਦਾਰ ਹੈ ਅਤੇ ਪੰਜਾਬੀ ਜ਼ਬਾਨ ਤੇ ਪੰਜਾਬੀ ਰਹਿਤਲ ਦੀ ਸਲਾਮਤੀ, ਤਰੱਕੀ ਅਤੇ ਯਕਜਹਿਤੀ ਲਈ ਲਗਾਤਾਰ ਕੋਸ਼ਿਸ਼ ਕਰਦਾ ਆ ਰਿਹਾ ਹੈ । ਉਸ ਦੀ ਇਹ ਮਾਨਵਵਾਦੀ ਅਤੇ ਭਾਈਚਾਰਕ ਏਕੇ ਵਾਲੀ ਸੋਚ ਜਦੋਂ ਕਾਵਿ ਬਿੰਬ ਵਿਚ ਢਲਦੀ ਹੈ ਤਾਂ ‘ਗੁਲਨਾਰ’ ਵਰਗੀ ਖ਼ੂਬਸੂਰਤ ਸ਼ਾਇਰੀ ਵਜੂਦ ਵਿਚ ਆਉਂਦੀ ਹੈ । ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਵੀ ਪ੍ਰੋਃ ਗੁਰਭਜਨ ਗਿੱਲ ਦੀ ਪਹਿਲਕਦਮੀ ਸਦਕਾ ਸੁਲਤਾਨ ਖਾਰਵੀ, ਹਬੀਬ ਜਾਲਿਬ, ਫ਼ੈਜ਼ ਅਹਿਮਦ ਫ਼ੈਜ਼, ਮੌਲਾ ਬਖ਼ਸ਼ ਕੁਸ਼ਤਾ ਦੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕੀਤਾ ਜਾ ਚੁਕਾ ਹੈ। ਹੁਣ ਵੀ “ਪੰਜਾਬ ਦੇ ਲੱਜਪਾਲ ਪੁੱਤਰ” ਤੇ ਪੋਠੋਹਾਰੀ ਲੋਕ ਗੀਤਾਂ ਬਾਰੇ ਇੱਕ ਖੋਜ ਪੁਸਤਕ ਪ੍ਰਕਾਸ਼ਨ ਅਧੀਨ ਹੈ। ਇਸ ਮੌਕੇ ਬੋਲਦਿਆਂ ਦਰਸ਼ਨ ਬੁੱਟਰ ਨੇ ਕਿਹਾ ਕਿ ਸ਼ਾਹਮੁਖੀ ਵਿੱਚ ਪੁਸਤਕ ਪ੍ਰਕਾਸ਼ਿਤ ਹੋਣ ਨਾਲ ਸਾਡੀ ਪਹੁੰਚ ਤੇਰਾਂ ਕਰੋੜ ਪੰਜਾਬੀਆਂ ਤੀਕ ਆਸਾਨੀ ਨਾਲ ਹੋ ਜਾਂਦੀ ਹੈ। ਚੰਗੀ ਗੱਲ ਇਹ ਹੈ ਕਿ ਗੁਰਭਜਨ ਗਿੱਲ ਭਾ ਜੀ ਦੀ ਸ਼ਾਇਰੀ ਬਾਰੇ ਪਾਕਿਸਤਾਨ ਵਿੱਚ ਵੀ ਯੂਨੀਵਰਸਿਟੀਆਂ ਖੋਜ ਕਾਰਜ ਕਰਵਾ ਰਹੀਆਂ ਹਨ। ਸਾਨੂੰ ਸਾਰੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੀਆਂ ਲਿਖਤਾਂ ਵਿੱਚੋਂ ਘੱਟੋ ਘੱਟ ਇੱਕ ਕਿਤਾਬ ਜ਼ਰੂਰ ਸ਼ਾਹਮੁਖੀ ਚ ਪ੍ਰਕਾਸ਼ਿਤ ਕਰਵਾਈਏ। ਪਾਕਿਸਤਾਨ ਵਿੱਚ ਲਿਖੇ ਸਾਹਿੱਤ ਨੂੰ ਵੀ ਗੁਰਮੁਖੀ ਵਿੱਚ ਏਧਰ ਛਾਪਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਮੌਕੇ ਉੱਘੇ ਲੇਖਕ ਸ਼ੈਲਿੰਦਰਜੀਤ ਸਿੰਘ ਰਾਜਨ ਬਾਬਾ ਬਕਾਲਾ, ਤਰਲੋਚਨ ਝਾਂਡੇ,ਅਮਰਿੰਦਰ ਸੋਹਲ,ਗੁਰਮੀਤ ਸਿੰਘ ਬਾਜਵਾ ਕਲਾਨੌਰ, ਸੁਰਿੰਦਰਜੀਤ ਚੌਹਾਨ ਨਾਭਾ, ਅਸ਼ਵਨੀ ਬਾਗੜੀਆਂ,ਸਰਬਜੀਤ ਵਿਰਦੀ, ਮੱਖਣ ਭੈਣੀਵਾਲਾ ਬਾਬਾ ਬਕਾਲਾ ਤੇ ਹੋਰ ਵੀ ਲੇਖਕ ਤੇ ਸਾਹਿੱਤ ਪ੍ਰੇਮੀ ਹਾਜ਼ਰ ਸਨ।