ਪੰਚਾਇਤ ਵੱਲੋਂ ਸਬ-ਸਟੇਸ਼ਨ ਬਣਾਉਣ ਲਈ 10 ਕਨਾਲ ਜ਼ਮੀਨ ਪੀ.ਐਸ.ਪੀ.ਸੀ.ਐਲ. ਨੂੰ ਦਿੱਤੀ ਗਈ ਸੀ ਮੁਫਤ
ਲੁਧਿਆਣਾ (ਰਾਜਕੁਮਾਰ ਸਾਥੀ) । ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗਹਿਲੇਵਾਲ ਵਿਖੇ 66 ਕੇਵੀ ਸਬ-ਸਟੇਸ਼ਨ ਲੋਕ ਅਰਪਣ ਕੀਤਾ। ਇਸ ਸਬ-ਸਟੇਸ਼ਨ ਦਾ ਨਿਰਮਾਣ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਰਜਿੰਦਰਪਾਲ ਕੌਰ ਛੀਨਾ, ਮਦਨ ਲਾਲ ਬੱਗਾ ਦੇ ਨਾਲ ਕੈਬਨਿਟ ਮੰਤਰੀ ਨੇ ਕਿਹਾ ਕਿ ਇੱਥੇ 12.5 ਮੈਗਾ ਵੋਲਟ ਐਂਪੀਅਰ (ਐਮ.ਵੀ.ਏ) ਦਾ ਪਾਵਰ ਟਰਾਂਸਫਾਰਮਰ ਲਗਾਇਆ ਗਿਆ ਹੈ ਜੋ ਕਿ ਬਿਜਲੀ ਸਪਲਾਈ ਵਿੱਚ ਸੁਧਾਰ ਕਰੇਗਾ ਅਤੇ ਸਾਹਨੇਵਾਲ ਖੇਤਰ ਦੇ ਕਈ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਏਗਾ। ਉਨ੍ਹਾਂ ਦੱਸਿਆ ਕਿ ਇੱਥੇ 66 ਕੇਵੀ ਚੌਂਤਾ ਅਤੇ ਕੋਹਾੜਾ ਲਾਈਨ ਨੂੰ ਟੈਪ ਕਰਕੇ 2.5 ਕਿਲੋਮੀਟਰ ਦਾ ਲਿੰਕ ਬਣਾਇਆ ਗਿਆ ਹੈ। ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਮਿਆਰੀ ਅਤੇ ਨਿਰਵਿਘਨ ਬਿਜਲੀ ਸਪਲਾਈ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਇਸ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ 66 ਕੇ.ਵੀ. ਸਬ-ਸਟੇਸ਼ਨ ਚੌਂਤਾ ਅਤੇ 66 ਕੇ.ਵੀ. ਸਬ-ਸਟੇਸ਼ਨ ਭੈਣੀ ਸਾਹਿਬ ਨੂੰ ਰਾਹਤ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਬਿਜਲੀ ਸਬੰਧੀ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ। ਇਸ ਸਬ-ਸਟੇਸ਼ਨ ਦੇ ਬਣਨ ਨਾਲ ਆਸ-ਪਾਸ ਦੇ ਪਿੰਡਾਂ ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਸ਼ੇਰੀਆਂ, ਮੱਲੇਵਾਲ, ਫਤਿਹਗੜ੍ਹ ਜੱਟਾਂ, ਫਤਿਹਗੜ੍ਹ ਗੁੱਜਰਾਂ, ਕਾਲਸ ਕਲਾਂ, ਕਾਲਸ ਖੁਰਦ, ਮਾੜੇਵਾਲ, ਭਮਾਂ ਕਲਾਂ, ਭਮਾਂ ਖੁਰਦ ਅਤੇ ਹਾੜੀਆਂ ਆਦਿ ਨੂੰ ਸਿੱਧੇ ਤੌਰ ‘ਤੇ ਬਿਜਲੀ ਸਪਲਾਈ ਮੁਹੱਈਆ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸਿੱਧੇ ਤੌਰ ‘ਤੇ ਹੋਰ 12 ਪਿੰਡਾਂ ਨੂੰ ਜਿਵੇਂਕਿ ਪ੍ਰਿਥੀਪੁਰ, ਪੰਜੇਟਾ, ਰਜੂਲ, ਜਿਉਣੇਵਾਲ, ਬਲੀਵਾਲ, ਭੁਪਾਣਾ ਅਤੇ ਸਤਿਆਣਾ ਆਦਿ ਨੂੰ ਬਿਜਲੀ ਸਪਲਾਈ ਵਿੱਚ ਸੁਧਾਰ ਮਿਲੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਵੋਲਟੇਜ ਦੇ ਉਤਰਾਅ-ਚੜ੍ਹਾਅ ਦੀਆਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਹੱਲ ਕੀਤਾ ਜਾਵੇਗਾ। ਕੈਬਨਿਟ ਮੰਤਰੀ ਵੱਲੋਂ ਪਾਵਰਕੌਮ ਨੂੰ ਬਿਜਲੀ ਸਬ ਸਟੇਸ਼ਨ ਸਥਾਪਤ ਕਰਨ ਲਈ 10 ਕਨਾਲ ਜ਼ਮੀਨ ਮੁਫ਼ਤ ਦੇਣ ਲਈ ਗਹਿਲੇਵਾਲ ਦੀ ਪੰਚਾਇਤ ਦਾ ਧੰਨਵਾਦ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੇਣ ਦੇ ਫੈਸਲੇ ਨਾਲ ਲਗਭਗ 80 ਫੀਸਦੀ ਬਿਜਲੀ ਖਪਤਕਾਰਾਂ ਨੂੰ ਫਾਇਦਾ ਹੋਇਆ ਹੈ। ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਇੱਥੇ ਗਰਿੱਡ ਸਬ-ਸਟੇਸ਼ਨ ਸਥਾਪਤ ਕਰਨ ਲਈ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਸਰਕਾਰ ਵੱਲੋਂ ਗਹਿਲੇਵਾਲ ਵਿੱਚ ਆਮ ਆਦਮੀ ਕਲੀਨਿਕ ਵੀ ਬਣਾਇਆ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ, ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀ.ਪੀ.ਐਸ. ਗਰੇਵਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।