ਲੁਧਿਆਣਾ (ਰਾਜਕੁਮਾਰ ਸਾਥੀ)। ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਅੱਜ ਤੋਂ ਠੀਕ 40 ਦਿਨਾਂ ਬਾਅਦ ਪੰਜਾਬ ਸਮੇਤ ਪੂਰੇ ਦੇਸ਼ ਦੇ ਹਰ ਗਰੀਬ ਪਰਿਵਾਰ ਨੂੰ ਦੁੱਗਣਾ ਮੁਫਤ ਰਾਸ਼ਨ ਅਤੇ 8500 ਰੁਪਏ ਹਰ ਮਹੀਨੇ ਦਿੱਤੇ ਜਾਣਗੇ।
ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਲੜੀਵਾਰ ਮੀਟਿੰਗਾਂ ਦੌਰਾਨ ਉਹਨਾਂ ਕਿਹਾ ਕਿ 4 ਜੁਲਾਈ, 2024 ਤੋਂ ਗਰੀਬਾਂ ਦੇ ਖਾਤਿਆਂ ਵਿੱਚ ਸਿੱਧੇ ਪੈਸੇ ਜਮਾ ਹੋਣੇ ਸ਼ੁਰੂ ਹੋ ਜਾਣਗੇ। ਵੜਿੰਗ ਨੇ ਸਾਬਕਾ ਮੰਤਰੀ ਅਤੇ ਸੂਬਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨਾਲ ਮਿਲ ਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਦੇ ਉਲਟ ਜੋ ਝੂਠ ਬੋਲਣ ਦੀ ਕਲਾ ਵਿਚ ਮਾਹਿਰ ਹਨ, ਕਾਂਗਰਸ ਦੀਆਂ ਗਾਰੰਟੀਆਂ ਸਮੇਂ ਵਿਚ ਪੂਰੀਆਂ ਹੋ ਜਾਂਦੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਕੇਂਦਰ ਵਿੱਚ ਇੰਡੀਆ ਦੀ ਸਰਕਾਰ ਬਣਨ ਤੋਂ ਬਾਅਦ ਜੁਲਾਈ 2024 ਤੋਂ ਪੰਜਾਬੀਆਂ ਸਮੇਤ ਲਗਭਗ 80 ਕਰੋੜ ਗਰੀਬ ਭਾਰਤ ਵਾਸੀਆਂ ਨੂੰ ਮਿਲਣ ਵਾਲੇ ਪੰਜ ਕਿੱਲੋ ਕਣਕ ਦੀ ਬਜਾਏ ਦਸ ਕਿੱਲੋ ਮੁਫ਼ਤ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ 4 ਜੂਨ ਤੋਂ ਤੁਰੰਤ ਬਾਅਦ ਸਰਕਾਰ ਬਣਨ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਦੋਵੇਂ ਭਲਾਈ ਸਕੀਮਾਂ ਸ਼ੁਰੂ ਕਰਨ ਲਈ ਇੱਕ ਮਹੀਨੇ ਦੀ ਸਮਾਂ ਸੀਮਾ ਤੈਅ ਕੀਤੀ ਹੈ।
ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ’ਮਹਾਲਕਸ਼ਮੀ’ ਸਕੀਮ ਤਹਿਤ ਦੇਸ਼ ਭਰ ਦੇ ਹਰ ਗਰੀਬ ਪਰਿਵਾਰ ਨੂੰ ਹਰ ਮਹੀਨੇ 8500 ਰੁਪਏ ਮਿਲਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪੈਸੇ ਪਰਿਵਾਰ ਦੀ ਸਭ ਤੋਂ ਵੱਡੀ ਔਰਤ ਦੇ ਬੈਂਕ ਖਾਤੇ ਵਿੱਚ ਜਮਾ ਕਰਵਾਏ ਜਾਣਗੇ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਗਾਰੰਟੀਆਂ ਨੂੰ ਤੁਰੰਤ ਪੂਰਾ ਕਰਨ ਦਾ ਕਾਂਗਰਸ ਪਾਰਟੀ ਦਾ ਰਿਕਾਰਡ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਅਤੇ ਤੇਲੰਗਾਨਾ ਵਰਗੇ ਸੂਬਿਆਂ ਵਿੱਚ, ਜਿੱਥੇ ਪਿਛਲੇ ਸਾਲ ਕਾਂਗਰਸ ਨੇ ਸਰਕਾਰਾਂ ਬਣਾਈਆਂ, ਕੁਝ ਮਹੀਨਿਆਂ ਵਿੱਚ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ’ਨਿਆਏ ਪੱਤਰ’ ਵਿੱਚ ਵਾਅਦਾ ਕੀਤੀਆਂ ਗਈਆਂ ਭਲਾਈ ਸਕੀਮਾਂ ਨੂੰ ਵੀ ਪਾਰਟੀ ਦੇ ਸੱਤਾ ਵਿੱਚ ਆਉਣ ਦੇ ਪਹਿਲੇ ਮਹੀਨੇ ਦੇ ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ। ਭਾਜਪਾ ਅਤੇ ’ਆਪ’ ’ਤੇ ਝੂਠੇ ਵਾਅਦੇ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਹਰ ਸਾਲ 2 ਕਰੋੜ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਸੀ, ਮਤਲਬ ਕਿ ਹੁਣ ਤੱਕ 20 ਕਰੋੜ ਨੌਕਰੀਆਂ ਪੈਦਾ ਹੋ ਚੁੱਕੀਆਂ ਹੋਣਗੀਆਂ। ਪਰ, ਅਸਲੀਅਤ ਇਹ ਹੈ ਕਿ ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਪਿਛਲੇ 45 ਸਾਲਾਂ ਵਿੱਚ ਸਭ ਤੋਂ ਮਾੜੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿੱਚ 70 ਕਰੋੜ ਬੇਰੁਜ਼ਗਾਰ ਹਨ। ਇਸੇ ਤਰ੍ਹਾਂ, ਉਨ੍ਹਾਂ ਨੇ ’ਆਪ’ ਨੂੰ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਾਸਿਕ ਨਕਦ ਸਹਾਇਤਾ ਦੇਣ ਦਾ ਵਾਅਦਾ ਯਾਦ ਕਰਵਾਇਆ। ਉਨ੍ਹਾਂ ਕਿਹਾ ਕਿ ਢਾਈ ਸਾਲ ਬੀਤ ਗਏ ਹਨ ਅਤੇ ‘ਆਪ’ ਵਾਅਦੇ ਭੁੱਲ ਗਈ ਹੈ ਅਤੇ ਕਾਂਗਰਸ ਨੂੰ ਯਾਦ ਆਉਣ ’ਤੇ ਹੀ ਇਨ੍ਹਾਂ ਨੂੰ ਯਾਦ ਆਉਂਦੀ ਹੈ। ਉਨ੍ਹਾਂ ਨੇ ਕਿਹਾ, “ਮੇਰੀ ਗੱਲ ਮੰਨ ਲਓ, ਸਾਡੇ ਵੱਲੋਂ ਕੇਂਦਰੀ ਸਕੀਮ ਸ਼ੁਰੂ ਕਰਨ ਤੋਂ ਬਾਅਦ ਵੀ ਇਹ ਇਸਦਾ ਭੁਗਤਾਨ ਨਹੀਂ ਕਰ ਸਕਣਗੇ।”