ਕੋਵਿਡ-19 ਵੈਕਸੀਨ ਲਗਾਉਣ ਦੀ ਡ੍ਰਾਈ ਰਨ ਹੈ ਸਿਰਫ ਰਿਹਰਸਲ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਕੀਤਾ ਪਹਿਲੇ ਦਿਨ ਦੀ ਡ੍ਰਾਈ ਰਨ ਦਾ ਨਿਰੀਖਣ
ਲੁਧਿਆਣਾ (ਰਾਜਕੁਮਾਰ ਸਾਥੀ) । ਕੋਵਿਡ-19 ਵੈਕਸੀਨ ਲਗਾਉਣ ਲਈ ਵਿੱਢੀ ਗਈ ਡ੍ਰਾਈ ਰਨ ਪ੍ਰਤੀ ਬਣੀ ਬਣੀ ਸ਼ੰਕਾ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਪੱਸ਼ਟ ਕੀਤਾ ਗਿਆ ਕਿ ਕੋਵਿਡ-19 ਵੈਕਸੀਨ ਲਗਾਉਣ ਦੀ ਡ੍ਰਾਈ ਰਨ ਪ੍ਰਸ਼ਾਸਨ ਵੱਲੋਂ ਅਭਿਆਸ ਲਈ ਸਿਰਫ ਇੱਕ ਰਿਹਰਸਲ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਹਾਲਾਂਕਿ, 72 ਘੰਟੇ ਦੀ ਪੂਰੀ ਪ੍ਰਕਿਰਿਆ ਜਿਸ ਵਿੱਚ ਦਵਾਈ ਦੇ ਬਕਸੇ ਤਿਆਰ ਕਰਨੇ, ਲਾਭਪਾਤਰੀਆਂ ਨੂੰ ਐਸ.ਐਮ.ਐਸ. ਭੇਜਣ ਤੋਂ ਲੈ ਕੇ, ਉਨ੍ਹਾਂ ਨੂੰ ਵੈਕਸੀਨੇਸ਼ਨ ਸੈਂਟਰਾਂ ਤੱਕ ਬੁਲਾਇਆ ਜਾਣਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਅਸਲ ਵੈਕਸੀਨੇਸ਼ਨ ਮੁਹਿੰਮ ਸਿਰਫ ਵੈਕਸੀਨੇਸ਼ਨ ਪ੍ਰਾਪਤ ਕਰਨ ਤੋਂ ਬਾਅਦ ਹੀ ਚਲਾਈ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਅੱਜ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ. ਰਾਜੇਸ਼ ਬੱਗਾ ਅਤੇ ਐਸ.ਡੀ.ਐਮ. ਲੁਧਿਆਣਾ(ਪੂਰਬੀ) ਡਾ.ਬਲਜਿੰਦਰ ਸਿੰਘ ਢਿੱਲੋਂ ਵੱਲੋਂ ਪਹਿਲੇ ਦਿਨ ਦੀ ਡ੍ਰਾਈ ਰਨ ਦਾ ਜ਼ਿਲ੍ਹਾ ਸਿਵਲ ਹਸਪਤਾਲ ਵਿਖੇ ਨਿਰੀਖਣ ਕੀਤਾ।
ਡ੍ਰਾਈ ਰਨ ਦੇ ਪਹਿਲੇ ਦਿਨ ਲਾਭਪਾਤਰੀਆਂ ਨੂੰ ਦੂਜੇ ਦਿਨ ਯਾਨੀ ਮੰਗਲਵਾਰ ਨੂੰ ਵੈਕਸੀਨੇਸ਼ਨ ਕੇਂਦਰਾਂ ‘ਤੇ ਪਹੁੰਚਣ ਲਈ ਐਸ.ਐਮ.ਐਸ. ਭੇਜੇ ਗਏ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਮੁਹਿੰਮ ਜ਼ਿਲ੍ਹੇ ਵਿੱਚ 7 ਥਾਵਾਂ ਜਿਸ ਵਿੱਚ ਸਿਵਲ ਹਸਪਤਾਲ ਲੁਧਿਆਣਾ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਇਲਾਵਾ ਸਬ ਡਵੀਜ਼ਨਾਂ ਵਿੱਚ ਰਾਏਕੋਟ, ਜਗਰਾਉਂ, ਮਾਛੀਵਾੜਾ, ਖੰਨਾ ਅਤੇ ਪਾਇਲ ਵਿਖੇ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਗਤੀਵਿਧੀ ਦਾ ਉਦੇਸ਼ ਸਿਹਤ ਪ੍ਰਣਾਲੀ ਵਿਚ ਕੋਵਿਡ-19 ਵੈਕਸੀਨੇਸ਼ਨ ਲਈ ਕੀਤੀ ਗਈ ਤਿਆਰੀ ਦੀ ਜਾਂਚ ਕਰਨਾ ਹੈ। ਉਨ੍ਹਾਂ ਕਿਹਾ ਕਿ ਡ੍ਰਾਈ ਰਨ ਕੋਵਿਡ-19 ਵੈਕਸੀਨੇਸ਼ਨ ਪ੍ਰਕਿਰਿਆ ਤਹਿਤ ਪਹਿਲਾਂ- ਪਛਾਣ ਕੀਤੇ ਲਾਭਪਾਤਰੀਆਂ ਦਾ ਟੀਕਾਕਣ ਕਰੇਗੀ। ਜ਼ਿਕਰਯੋਗ ਹੈ ਕਿ ਵੈਕਸੀਨੇਸ਼ਨ ਪ੍ਰਾਪਤ ਕਰਨ ਉਪਰੰਤ ਪਹਿਲੇ ਪੜਾਅ ਵਿੱਚ, ਜ਼ਿਲ੍ਹਾ ਲੁਧਿਆਣਾ ਦੇ 30,000 ਤੋਂ ਵੱਧ ਸਿਹਤ ਕਰਮਚਾਰੀ (ਸਰਕਾਰੀ ਅਤੇ ਨਿੱਜੀ ਦੋਵੇਂ), ਜਿਨ੍ਹਾਂ ਨੇ ਸਰਕਾਰੀ ਪੋਰਟਲ ‘ਤੇ ਆਪਣਾ ਨਾਮ ਦਰਜ ਕਰਵਾਇਆ ਹੈ, ਨੂੰ ਕੋਵਿਡ-19 ਵੈਕਸੀਨ ਲਗਾਈ ਜਾਵੇਗੀ।