ਅੰਮ੍ਰਿਤਸਰ (ਜਸਵੰਤ ਸਿੰਘ ਮਿੰਟੂ) । ਦੋਸਤੋ ਮੈਂ ਮੇਰੇ ਨਾਲ ਹੋਏ ਕੁਝ ਅਨੁਭਵ ਸਾਂਝੇ ਕਰ ਰਿਹਾਂ। ਜਦੋਂ ਮੈਂ ਇਲੈਕਟ੍ਰਾਨਿਕਸ ਦੇ ਡਿਪਲੋਮੇ ਦੀ ਪੜ੍ਹਾਈ ਕਰ ਰਿਹਾ ਸੀ। ਤਾਂ ਪੜ੍ਹਾਈ ਦੇ ਦੌਰਾਨ ਇੱਕ ਸਬਜੈਕਟ ਹੁੰਦਾ ਸੀ। ਜਿਹਦੇ ਵਿੱਚ ਨੈਗੇਟਿਵ ਤੇ ਪੋਜ਼ੀਟਿਵ ਦੀ ਮਹੱਤਤਾ ਬਾਰੇ ਚਰਚਾ ਹੁੰਦੀ ਸੀ ਕਿ ਇਹ ਦੋਵੇਂ ਮਿਲ ਕੇ ਕਿਸ ਤਰ੍ਹਾਂ ਕੰਮ ਕਰਦੇ ਹਨ। ਇਨ੍ਹਾਂ ਦੀ ਪਰਿਭਾਸ਼ਾ ਕੀ ਹੈ। ਇਨ੍ਹਾਂ ਦੀ ਗਤੀ ਨੂੰ ਕਿਵੇਂ ਮਾਪਿਆ ਜਾਂਦਾ ਹੈ। ਵਗੈਰਾ- ਵਗੈਰਾ। ਪੰਦਰਾਂ ਦਿਨ ਦੀ ਇਸ ਕਲਾਸ ‘ਚ ਆਸਾਨ ਸ਼ਬਦਾਂ ਵਿੱਚ ਜੋ ਮੈਨੂੰ ਸਮਝ ਆਇਆ ਉਹ ਇਹ ਸੀ, ਕਿ ਕਿਸੇ ਵੀ ਬਿਜਲੀ ਦੇ ਉਪਕਰਨ ਨੂੰ ਚਲਾਉਣ ਲਈ ਨੈਗੇਟਿਵ ਤੇ ਪੋਜ਼ੀਟਿਵ ਦੋਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਦਾਹਰਨ ਦੇ ਤੌਰ ਤੇ ਤੁਹਾਡੇ ਪੱਖੇ ਨੂੰ ਚਲਾਉਣ ਲਈ ਦੋ ਤਾਰਾਂ ਰਾਹੀਂ ਕਰੰਟ ਆ ਰਿਹਾ ਹੈ। ਉਨ੍ਹਾਂ ਵਿੱਚੋਂ ਇੱਕ ਨੈਗੇਟਿਵ ਅਤੇ ਦੂਜੀ ਪੋਜ਼ੀਟਿਵ ਹੈ। ਜੇ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਟੁੱਟ ਜਾਵੇ, ਬ੍ਰੇਕ ਹੋ ਜਾਵੇ, ਜਾਂ ਸੜ ਜਾਵੇ ਤਾਂ ਪੱਖਾ ਬੰਦ ਹੋ ਜਾਵੇਗਾ। ਯਾਨੀ ਕਿ ਦੋਹਾਂ ਦੀ ਮੌਜੂਦਗੀ ਹੀ ਤੁਹਾਡੇ ਪੱਖੇ ਨੂੰ ਚਲਾ ਸਕਦੀ ਹੈ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਨੈਗੇਟਿਵ ਅਤੇ ਪੋਜ਼ੀਟਿਵ ਦੋਵੇਂ ਹੀ ਇੱਕ ਦੂਸਰੇ ਦੇ ਦੁਸ਼ਮਣ ਨੇ, ਇੱਕ ਦੂਸਰੇ ਨੂੰ ਵੇਖ ਨਹੀਂ ਸਖਾਉਂਦੇ। ਜਿੱਥੇ ਹੀ ਇਹ ਦੋਵੇਂ ਇਕੱਠੇ ਹੁੰਦੇ ਨੇ, ਜਾਂ ਇੱਕ ਦੂਸਰੇ ਨਾਲ ਜੁੜ ਜਾਂਦੇ ਨੇ ਤਾਂ ਉੱਥੇ ਹੀ ਸਪਾਰਕ ਯਾਨੀ ਕਿ ਪਟਾਕੇ ਪੈ ਜਾਂਦੇ ਨੇ। ਫਿਰ ਇੰਨੇ ਖਤਰਨਾਕ ਮਾਹੌਲ ਵਿੱਚ ਪੱਖਾ ਕਿਵੇਂ ਘੁੰਮਣ ਲੱਗ ਜਾਂਦਾ ਹੈ। ਅਸਲੀ ਖੇਡ ਇੱਥੇ ਹੀ ਸ਼ੁਰੂ ਹੁੰਦੀ ਏ। ਜਦੋਂ ਅਸੀਂ ਆਪਣੇ ਪੱਖੇ ਨੂੰ ਚਲਾਉਣ ਲਈ ਸਵਿੱਚ ਔਨ ਕਰਦੇ ਹਾਂ। ਤਾਂ ਨੈਗੇਟਿਵ ਤੇ ਪੋਜ਼ੀਟਿਵ ਅਲੱਗ-ਅਲੱਗ ਤਾਰਾਂ ਰਾਹੀਂ ਪੱਖੇ ਵੱਲ ਇੰਜ ਭੱਜਦੇ ਨੇ, ਜਿਵੇਂ ਦੋ ਸਾਨ੍ਹ ਆਪਸ ਵਿੱਚ ਭਿੜਨ ਲਈ ਇੱਕ ਦੂਸਰੇ ਵੱਲ ਭੱਜਦੇ ਨੇ। ਜਿਵੇਂ ਹੀ ਇਹ ਪੱਖੇ ਦੇ ਸੈਂਟਰ ਪੁਆਇੰਟ, ਯਾਨੀ ਕਿ ਲੜਾਈ ਦੇ ਮੈਦਾਨ ਵਿੱਚ ਦਾਖ਼ਲ ਹੁੰਦੇ ਨੇ ਤਾਂ ਪੱਖਾ ਇਨ੍ਹਾਂ ਦੋਵਾਂ ਦੀ ਮੌਜੂਦਗੀ ਨੂੰ ਭਾਂਪਦਿਆਂ ਹੋਇਆਂ। ਇੱਕ ਰੈਫਰੀ ਵਾਂਗ ਚੁਕੰਨਾ ਹੋ ਜਾਂਦਾ ਹੈ ਤੇ ਵਿਸਲ ਵਜਾ ਦਿੰਦਾ ਹੈ। ਵਿਸਲ ਸੁਣਦਿਆਂ ਹੀ ਪੱਖੇ ਅੰਦਰ ਲੱਗੇ ਛੋਟੇ-ਮੋਟੇ ਪੁਰਜ਼ੇ ਦਰਸ਼ਕਾਂ ਵਾਂਗ ਤਮਾਸ਼ਾ ਵੇਖਣ ਲਈ ਹੁਲੜਬਾਜ਼ੀ ਕਰਦੇ ਨੇ। ਸੀਟੀਆਂ, ਤਾੜੀਆਂ, ਸ਼ੋਰ ਮਚਾਉਂਦੇ ਨੇ। ਦਰਸ਼ਕਾਂ ਵੱਲੋਂ ਹੱਲਾਸ਼ੇਰੀ ਮਿਲਦਿਆਂ ਹੀ ਨੈਗੇਟਿਵ ਤੇ ਪੋਜ਼ੀਟਿਵ ਹੋਰ ਪੰਪ ਵਿੱਚ ਆ ਜਾਂਦੇ ਨੇ। ਪੱਖੇ ਦੇ ਬਾਹਰ ਲੱਗਾ ਕੰਡੈਂਸਰ ਲੜਾਈ ਦੇ ਮੈਦਾਨ ‘ਤੇ ਦਰਸ਼ਕਾਂ ਤੋਂ ਦੂਰ ਬੈਠਾ, ਸਾਡੇ ਲੀਡਰਾਂ ਵਾਂਗ ਮੌਕੇ ਦਾ ਫ਼ਾਇਦਾ ਚੁੱਕਦਿਆਂ ਹੋਇਆਂ, ਮਾਹੌਲ ਨੂੰ ਹੋਰ ਗਰਮ ਕਰਨ ਲਈ, ਬਾਕੀ ਪੁਰਜ਼ਿਆਂ ਨੂੰ ਲੋੜ ਤੋਂ ਵੱਧ ਊਰਜਾ ਦੇ ਦਿੰਦਾ ਹੈ। ਇਹ ਊਰਜਾ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਇਲੈਕਸ਼ਨਾਂ ਵਿਚ ਵੰਡੀ ਗਈ ਮਾੜੀ ਸ਼ਰਾਬ। ਜਿਹਨੂੰ ਪੀ ਕੇ ਲੋਕ ਬੌਂਦਲ ਜਾਂਦੇ ਨੇ ਤੇ ਆਪਣਾ ਸਮਰਥਨ ਦੇ ਬਹਿੰਦੇ ਨੇ। ਉਸੇ ਤਰ੍ਹਾਂ ਇਹ ਪੁਰਜ਼ੇ ਵੀ ਬੌਂਦਲ ਜਾਂਦੇ ਨੇ ਤੇ ਇੰਨਾ ਸ਼ੋਰ ਮਚਾਉਂਦੇ ਨੇ ਜਿਹਦੇ ਨਾਲ ਲੜਾਈ ਦੇ ਮੈਦਾਨ ਵਿੱਚ ਚੁੰਬਕੀ ਖੇਤਰ ਬਣ ਜਾਂਦਾ ਹੈ। ਤੇ ਪੱਖੇ ਦੇ ਅੰਦਰ (ਵਾਈਬ੍ਰੇਸ਼ਨ) ਕੰਪਨ ਹੁੰਦੀ ਹੈ। ਜਿਸ ਨਾਲ ਪੱਖਾ ਘੁੰਮਣਾ ਸ਼ੁਰੂ ਕਰ ਦਿੰਦਾ ਹੈ। ਪੱਖੇ ਦੇ ਘੁੰਮਦਿਆਂ ਹੀਂ ਦੋਵੇਂ ਸਾਨ੍ਹਾਂ ਵਿੱਚ ਦੂਰੀ ਵੱਧ ਜਾਂਦੀ ਹੈ। ਦੋਵੇਂ ਸਾਨ੍ਹ ਗੁੱਸੇ ਵਿੱਚ ਆਪਣਾ ਪੂਰਾ ਜ਼ੋਰ ਲਾਉਂਦੇ ਹੋਏ ਇੱਕ ਦੂਜੇ ਵੱਲ ਫਿਰ ਤੋਂ ਵੱਧਦੇ ਹਨ। ਪਰ ਕੰਡੈਂਸਰ ਖਚਰਾ ਹਾਸਾ ਹੱਸਦਿਆਂ ਹੋਇਆਂ ਆਪਣੀ ਊਰਜਾ ਹੋਰ ਵਧਾ ਦਿੰਦਾ ਹੈ। ਜਿਹਦੇ ਨਾਲ ਪੱਖਾ ਹੋਰ ਤੇਜ਼ ਘੁੰਮਦਾ ਹੈ। ਬੱਸ ਫਿਰ ਇਸੇ ਤਰ੍ਹਾਂ ਨੈਗੇਟਿਵ ਤੇ ਪੋਜ਼ੀਟਿਵ ਆਪਸ ਵਿੱਚ ਲੜਨ ਲਈ ਸੰਘਰਸ਼ ਕਰਦੇ ਰਹਿੰਦੇ ਨੇ, ਪੱਖਾ ਘੁੰਮਦਾ ਰਹਿੰਦਾ ਹੈ। ਤੇ ਕੰਡੈਂਸਰ ਬਾਹਰ ਬੈਠਾ “ਵਾਹ-ਵਾਹ ਬਹੁਤ ਖ਼ੂਬ” ਕਹਿੰਦਾ ਹੋਇਆ ਪੁਰਜ਼ਿਆਂ ਨੂੰ ਆਪਣੀ ਊਰਜਾ ਦੇ ਦੇਸੀ ਪੈੱਗ ਚੱਕਾਈ ਜਾਂਦਾ ਹੈ। ਤੇ ਇਸ ਯੁੱਧ ਤੋਂ ਬੇਖਬਰ ਹੋਏ ਅਸੀਂ ਪੱਖੇ ਹੇਠਾਂ ਬੈਠ ਕੇ ਠੰਢੀ ਹਵਾ ਦਾ ਆਨੰਦ ਮਾਣਦੇ ਰਹਿੰਦੇ ਹਾਂ। ਵੈਸੇ ਦੇਖਿਆ ਜਾਵੇ ਤਾਂ ਨੈਗੇਟਿਵ ਤੇ ਪੋਜ਼ੀਟਿਵ ਕੁਦਰਤ ਦੀ ਹਰ ਸ਼ੈਅ ਵਿਚ ਮੌਜੂਦ ਹੈ। ਅਸੀਂ ਇੰਨਸਾਨ ਵੀ ਪੂਰਨਤੌਰ ਤੇ ਇਸ ਉੱਪਰ ਹੀ ਨਿਰਭਰ ਕਰਦੇ ਹਾਂ। ਜੇ ਸਾਡੇ ਨਾਲ ਕੁਝ ਚੰਗਾ ਹੋ ਗਿਆ ਤਾਂ ਉਹ ਪੋਜ਼ੀਟਿਵ। ਜੇ ਮਾੜਾ ਹੋ ਗਿਆ ਤਾਂ ਉਹ ਨੈਗੇਟਿਵ । ਵੈਸੇ ਤਾਂ ਸਾਨੂੰ ਪੋਜ਼ੀਟਿਵ ਜ਼ਿਆਦਾ ਵਧੀਆ ਲੱਗਦਾ ਹੈ। ਪਰ ਦੂਸਰਿਆਂ ਪ੍ਰਤੀ ਅਸੀਂ ਆਪਣੀ ਸੋਚ, ਵਿਚਾਰ ਦੇਣ ਲੱਗਿਆਂ,ਹਮੇਸ਼ਾਂ ਨੈਗੇਟਿਵ ਨੂੰ ਹੀ ਚੁਣਦੇ ਹਾਂ। ਯਾਨੀ ਕਿ ਜੋ ਲੜਾਈ ਪੱਖੇ ਦੇ ਅੰਦਰ ਚੱਲ ਰਹੀ ਹੈ। ਉਹੀ ਲੜਾਈ ਸਾਡੇ ਅੰਦਰ ਵੀ ਚੱਲ ਰਹੀ ਹੈ। ਨੈਗੇਟਿਵ ਤੇ ਪੋਜ਼ੀਟਿਵ ਦੀ ਲੜਾਈ। ਜਿਹਨੂੰ ਹੱਲਾਸ਼ੇਰੀ ਦਿੰਦਾ ਹੈ ਸਾਡਾ ਮਨ ‘ਤੇ ਊਰਜਾ ਦਿੰਦਾ ਹੈ ਸਾਡਾ ਸਮਾਜ। ਇੱਕ ਮਿੰਟ ਤੁਸੀਂ ਸੋਚਦੇ ਹੋਵੋਗੇ ਕਿ ਨੈਗੇਟਿਵ ਪੋਜ਼ੀਟਿਵ ਦੀ ਗੱਲ ਕਰਕੇ ਆਖ਼ਿਰ ਮੈਂ ਕਹਿਣਾ ਕੀ ਚਾਹੁੰਦਾ ਹਾਂ। ਇਸ ਵਿੱਚ ਨਵਾਂ ਕੀ ਹੈ। ਇਹਦਾ ਤਾਂ ਸਾਰਿਆਂ ਨੂੰ ਪਤਾ ਹੈ। ਜਦੋਂ ਤੁਸੀਂ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ ਸੀ, ਉਦੋਂ ਤਾਂ ਤੁਸੀਂ ਨੈਗੇਟਿਵ ਨਹੀਂ ਸੀ। ਫਿਰ ਹੁਣ ਕਿਵੇਂ ? ਖੈਰ। ਜਦੋਂ ਈਰਖਾ ਤੇ ਗੁੱਸਾ ਸਾਡੇ ਅੰਦਰ ਪ੍ਰਵੇਸ਼ ਕਰਦੇ ਨੇ ਤਾਂ ਇਹ ਦੋਵੇਂ ਰਲ ਕੇ ਪੋਜ਼ੀਟਿਵ ਨੂੰ ਦਹਿਲੀਜ਼ਾਂ ਤੋਂ ਬਾਹਰ ਧੱਕ ਦਿੰਦੇ ਨੇ ’ਤੇ ਨੈਗੇਟਿਵ ਨੂੰ ਹੱਲਾਸ਼ੇਰੀ ਦੇ ਕੇ ਅੰਦਰ ਖਿੱਚ ਲੈਂਦੇ ਨੇ। ਜੇ ਫਿਰ ਵੀ ਤੁਹਾਨੂੰ ਇਹ ਪੋਸਟ ਬੇਫਾਲਤੂ ਲੱਗ ਰਹੀ ਹੈ ਤਾਂ ਤੁਸੀਂ ਇਸ ਨੂੰ ਇੱਥੇ ਹੀ ਛੱਡ ਕੇ ਜਾ ਸਕਦੇ ਹੋ। ਮੈਂ ਤੁਹਾਡਾ ਸਮਾਂ ਖ਼ਰਾਬ ਨਹੀਂ ਕਰਨਾ ਚਾਹੁੰਦਾ। ਪਰ ਜਾਣ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਪੋਸਟ ਦਾ ਟਾਈਟਲ ਫਿਰ ਤੋਂ ਪੜ੍ਹ ਲੈਣਾ ਚਾਹੀਦਾ ਹੈ। “ਨੈਗੇਟਿਵ ਬਨਾਮ ਪੋਜ਼ੀਟਿਵ ” ਸ਼ਾਇਦ ਪੜ੍ਹਦਿਆਂ ਹੋਇਆਂ ਵੀ, ਅਸੀਂ ਇਹੀ ਸਫ਼ਰ ਤੈਅ ਕਰ ਰਹੇ ਆਂ। ਜੋ ਜਾ ਚੁੱਕੇ ਨੇ ਉਨ੍ਹਾਂ ਦਾ ਇੱਥੋਂ ਤੱਕ ਪੜ੍ਹਨ ਲਈ ਧੰਨਵਾਦ। ਜੋ ਅਜੇ ਵੀ ਜੁੜੇ ਹੋਏ ਨੇ ਉਨ੍ਹਾਂ ਲਈ ਅੱਗੇ ਚੱਲਦੇ ਹਾਂ। ਸਾਡੇ ਥੀਏਟਰ ਤੇ ਟੀਵੀ ਦੀ ਦੁਨੀਆਂ ਵਿੱਚ ਵੀ ਨੈਗੇਟਿਵ ਅਤੇ ਪੋਜ਼ੀਟਿਵ ਬੜੇ ਮਾਇਨੇ ਰੱਖਦੇ ਨੇ।
ਡਾਇਰੈਕਟਰ ਅਕਸਰ ਐਕਟਰ ਨੂੰ ਸਮਝਾ ਰਹੇ ਹੁੰਦੇ ਨੇ ਕਿ ਤੇਰਾ ਕਰੈਕਟਰ ਨੈਗੇਟਿਵ ਹੈ ਤੇ ਤੇਰਾ ਪੋਜ਼ੀਟਿਵ। ਸਟੇਜ ਦੇ ਉੱਪਰ ਆਹ ਵਾਲਾ ਰੰਗ ਨੈਗੇਟਿਵ‘ਤੇ ਆਹ ਵਾਲਾ ਰੰਗ ਪੋਜ਼ੀਟਿਵ ਫੀਲ ਦਿੰਦਾ ਹੈ। ਇੱਥੋਂ ਤੱਕ ਕਿ ਸਾਡੇ ਹਾਵ- ਭਾਵ, ਚਾਲ-ਢਾਲ, ਸਭ ਨੈਗਟਿਵ ਜਾਂ ਪੋਜ਼ੀਟਿਵ ਸੰਕੇਤ ਦਿੰਦੇ ਹਨ। ਬੇਸਿਕਲੀ ਰੰਗਮੰਚ ਜਾਂ ਟੀਵੀ ਇੱਕ ਸ਼ੀਸ਼ੇ ਵਾਂਗ ਹੈ। ਇਸ ਵਿੱਚ ਉਹੀ ਕੁੱਝ ਦਿੱਸਦਾ ਹੈ ਜੋ ਸਾਡੇ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ। ਤਾਂ ਹੀ ਤਾਂ ਦਰਸ਼ਕ ਪਾਤਰਾਂ ਨਾਲ ਇਸ ਕਦਰ ਜੁੜ ਜਾਂਦੇ ਨੇ ਕਿ ਉਸ ਪਾਤਰ ਵਿੱਚਲੀ ਨੈਗੇਟਿਵ ਜਾਂ ਪੋਜ਼ੀਟਿਵ ਸ਼ਕਤੀ ਨੂੰ ਆਪਣੇ ਅੰਦਰ ਫ਼ੀਲ ਕਰਨ ਲੱਗ ਪੈਂਦੇ ਨੇ। ਉਂਝ ਵੱਖਰੀ ਗੱਲ ਹੈ ਕਿ ਮੀਡੀਆ ਅਤੇ ਦਰਸ਼ਕਾਂ ਦੇ ਵਿੱਚਕਾਰ ਇੱਕ ਜੰਗ ਚੱਲ ਰਹੀ ਹੈ। ਮੀਡੀਆ ਕਹਿੰਦਾ ਹੈ ਕਿ ਅਸੀਂ ਉਹ ਵਿਖਾਉਂਦੇ ਹਾਂ ਜੋ ਸਮਾਜ ਵਿੱਚ ਵਾਪਰਦਾ ਹੈ। ਤੇ ਸਮਾਜ ਕਹਿੰਦਾ ਹੈ ਕਿ ਅਸੀਂ ਉਹ ਕਰਦੇ ਹਾਂ ਜੋ ਮੀਡੀਆ ਸਾਨੂੰ ਵਿਖਾਉਂਦਾ ਹੈ। ਮਤਲਬ ਕਿ ਇੱਥੇ ਵੀ ਨੈਗੇਟਿਵ ਤੇ ਪੋਜ਼ੀਟਿਵ ਦੀ ਜੰਗ ਜਾਰੀ ਹੈ। ਜ਼ਰਾ ਗੌਰ ਨਾਲ ਸੋਚ ਕੇ ਵੇਖੋ। ਇਸ ਵੇਲੇ ਇਹ ਦੋ ਸ਼ਬਦ ਇਸ ਕੋਰੋਨਾ ਕਾਲ ਵਿੱਚ ਕਿੰਨੇ ਹਾਵੀ ਹੋ ਚੁੱਕੇ ਨੇ। ਹਰ ਦੂਸਰੇ ਸ਼ਖ਼ਸ ਕੋਲੋਂ ਤੁਹਾਨੂੰ ਇਹ ਸ਼ਬਦ ਸੁਣਨ ਨੂੰ ਮਿਲ ਜਾਏਗਾ । ਉਹ ਫਲਾਣਾ ਕੋਰੋਨਾ ਪੋਜ਼ੀਟਿਵ ਆ ਗਿਆ ਉਹ ਫਲਾਣਾ ਨੈਗੇਟਿਵ ਹੋ ਗਿਆ। ਪਿਛਲੇ ਦੋ ਸਾਲਾਂ ਤੋਂ ਪੂਰੀ ਦੁਨੀਆਂ ਵਿੱਚ ਨੈਗੇਟਿਵ ਪੋਜ਼ੀਟਿਵ ਦੇ ਅੰਕੜੇ ਲੱਖਾਂ ਕਰੋੜਾਂ ‘ਚ ਪਹੁੰਚ ਗਏ ਨੇ। ਪਰ ਅਜੇ ਵੀ ਬਹੁਤ ਸਾਰੇ ਲੋਕ ਇਸ ਕੋਰੋਨਾ ਨੂੰ ਫੇਕ ਮੰਨਦੇ ਨੇ। ਇੱਥੇ ਮੈਨੂੰ ਡਾ: ਸੁਰਜੀਤ ਪਾਤਰ ਜੀ ਦੀਆਂ ਕੁੱਝ ਲਾਈਨਾਂ ਯਾਦ ਆ ਰਹੀਆਂ ਨੇ। “ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ। ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ। ਭਾਵੇਂ ਦੂਰ ਕਿਤੇ ਅੱਗ ਲੱਗੀ ਹੋਵੇ। ਸੇਕ ਕਦੋਂ ਤੁਹਾਡੇ ਘਰ ਤੱਕ ਪਹੁੰਚ ਜਾਏ। ਪਤਾ ਨਹੀਂ। ਔਰ ਇਹ ਗੱਲ ਸੱਚ ਹੈ। ਮੈਂ ਏਸ ਸੇਕ ਨੂੰ ਆਪਣੇ ਘਰ ਵਿੱਚ ਹੰਢਾ ਰਿਹਾ ਹਾਂ। ਘਰ ਵਿੱਚ ਤਿੰਨ ਮੈਂਬਰ ਕੋਰੋਨਾ ਪੋਜ਼ੀਟਿਵ ਹੋ ਗਏ ਨੇ। ਜਿਹੜੀ ਬਿਮਾਰੀ ਬਾਰੇ ਹੁਣ ਤੱਕ ਤੁਸੀਂ ਟੀਵੀ ਤੇ ਦੇਖ ਰਹੇ ਹੋਵੋ ਤੇ ਉਹੀ ਬਿਮਾਰੀ ਤੁਹਾਡੇ ਘਰ ਵਿੱਚ ਦਾਖਲ ਹੋ ਜਾਵੇ ਤਾਂ ਸੋਚੋ ਕੀ ਬੀਤੇਗੀ। ਖ਼ੈਰ, ਮੇਰੇ ਮਾਤਾ, ਪਿਤਾ ਤੇ ਭਰਾ ਇਹ ਤਿੰਨ ਮੈਂਬਰ ਨੇ ਜੋ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਨੇ। ਜਿਵੇਂ ਹੀ ਤਿੰਨਾਂ ਦੀ ਰਿਪੋਰਟ ਪੋਜ਼ੀਟਿਵ ਆਈ ਤਾਂ ਇਹ ਤਿੰਨੇ ਡਰ ਗਏ। ਤੇ ਆਪਣੇ ਪ੍ਰਤੀ ਇੰਨੇ ਜ਼ਿਆਦਾ ਨੈਗੇਟਿਵ ਹੋ ਗਏ ਕਿ ਆਪਣੇ ਆਪ ਨੂੰ ਡਿਪਰੈਸ਼ਨ ਦੇ ਹਵਾਲੇ ਕਰ ਦਿੱਤਾ। ਬਿਮਾਰੀ ਇੰਨੀ ਖ਼ਤਰਨਾਕ ਨਹੀਂ ਹੁੰਦੀ ਜਿੰਨੀ ਸਾਡੀ ਸੋਚ ਹੋ ਜਾਂਦੀ ਹੈ। ਜਿਵੇਂ ਹੀ ਆਸ-ਪਾਸ ਗੁਆਂਢੀਆਂ ਨੂੰ ਪਤਾ ਲੱਗਾ ਕਿ ਸਾਡੇ ਘਰ ਕੋਰੋਨਾ ਦੇ ਤਿੰਨ ਮਰੀਜ਼ ਨਿਕਲ ਆਏ ਨੇ। ਤਾਂ ਖੁਸਰ ਫੁਸਰ ਯਾਨੀ ਕਿ ਨੈਗੇਟਿਵ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। “ਲਓ ਜੀ ਬੇੜਾ ਗਰਕ ਹੋ ਗਿਆ ਜੇ, ਹੁਣ ਤਾਂ ਸਾਡੀ ਕਲੋਨੀ ਵੀ ਸੀਲ ਹੋਈ ਸਮਝੋ” “ਕਿਤੇ ਸਰਕਾਰ ਧੱਕੇ ਨਾਲ ਸਾਡੇ ਵੀ ਟੈਸਟ ਨਾ ਕਰਨ ਆ ਜਾਏ। ਕੋਰੋਨਾ ਦੇ ਮਰੀਜ਼ ਤਾਂ ਘਰ ਵਿੱਚ ਰੱਖਣੇ ਹੀ ਨਹੀਂ ਚਾਹੀਦੇ।“ ਪੂਰੀ ਕਲੋਨੀ ਵਿੱਚ ਸਾਡੇ ਘਰ ਪ੍ਰਤੀ ਨੈਗੇਟਿਵ ਵਿਚਾਰ ਚੱਲ ਰਹੇ ਸਨ। ਮਾਵਾਂ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਇਹ ਟ੍ਰੇਨਿੰਗ ਦੇਣ ਲੱਗ ਪਈਆਂ ਸਨ। ਕਿ ਉਹ ਜਦੋਂ ਸਾਡੇ ਘਰ ਵੱਲ ਵੇਖਣ ਤਾਂ ਆਪਣੇ ਹੱਥਾਂ ਨਾਲ ਆਪਣੇ ਮੂੰਹ ਨੂੰ ਢੱਕ ਲੈਣ। ਕਿਉਂਕਿ ਸਾਡੇ ਘਰ ਵੱਲ ਵੇਖਣ ਨਾਲ ਵੀ ਉਨ੍ਹਾਂ ਨੂੰ ਕੋਰੋਨਾ ਹੋ ਸਕਦਾ ਹੈ। ਹਾ-ਹਾ-ਹਾ-ਹਾ-ਹਾ— ਕਈ ਬੱਚਿਆਂ ਨੂੰ ਤੇ ਮੈਂ ਮੂੰਹ ਉਤੇ ਮੋਮੀ ਲਿਫ਼ਾਫ਼ਾ ਪਾ ਕੇ ਲੰਘਦਿਆਂ ਵੀ ਵੇਖਿਆ ਹੈ। ਮੇਰੇ ਦੋਨੋਂ ਬੇਟੇ ਜਦੋਂ ਬਾਹਰ ਜਾਂਦੇ ਤਾਂ ਘਰ ਆ ਕੇ ਮੈਨੂੰ ਕਹਿੰਦੇ ਕਿ ਪਾਪਾ ਸਰਕਾਰ ਨੇ ਤਾਂ ਦੋ ਗਜ਼ ਦੀ ਦੂਰੀ ਰੱਖਣ ਲਈ ਕਿਹਾ ਸੀ। ਪਰ ਸਾਡੇ ਦੋਸਤ ਤਾਂ ਸਾਡੇ ਤੋਂ ਦੋ ਸੌ ਗੱਜ਼ ਦੂਰ ਜਾ ਖਲੋਂਦੇ ਨੇ । ਅਖੀਰ ਉਨ੍ਹਾਂ ਦੋਵਾਂ ਨੇ ਬਾਹਰ ਜਾਣਾ ਹੀ ਛੱਡ ਦਿੱਤਾ। ਤੇ ਆਪਣੇ ਆਪ ਨੂੰ ਘਰ ਵਿੱਚ ਹੀ ਕੈਦ ਕਰ ਲਿਆ। ਹੁਣ ਪੂਰੀ ਜੰਗ ਚੱਲ ਰਹੀ ਸੀ। ਘਰ ਵਿੱਚ ਕੋਰੋਨਾ ਪੋਜ਼ੀਟਿਵ ਨਾਲ ਤੇ ਬਾਹਰ ਨੈਗੇਟਿਵ ਸਮਾਜ ਨਾਲ। ਮੈਂ 15 ਦਿਨਾਂ ਲਈ ਤਿੰਨਾਂ ਨੂੰ ਉੱਪਰਲੀ ਮੰਜ਼ਿਲ ਤੇ ਸ਼ਿਫਟ ਕਰ ਦਿੱਤਾ। ਘਰ ਦੇ ਬਾਕੀ ਮੈਂਬਰਾਂ ਨੂੰ ਮੈਂ ਉੱਪਰ ਆਉਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਦੀ ਦੇਖਭਾਲ ਦਵਾਈ ਵਗੈਰਾ ਸਭ ਆਪ ਕਰਨ ਲੱਗਾ। ਸਾਰਾ ਦਿਨ ਉਨ੍ਹਾਂ ਨਾਲ ਗੱਲਾਂ ਕਰਨੀਆਂ, ਉਨ੍ਹਾਂ ਨੂੰ ਪੋਜ਼ੀਟਿਵ ਵਿਚਾਰਾਂ ਵਾਲੀਆਂ ਫ਼ਿਲਮਾਂ ਵਿਖਾਉਣੀਆਂ, ਬਚਪਨ ਦੀਆਂ , ਰਿਸ਼ਤੇਦਾਰਾਂ ਦੀਆਂ ਗੱਲਾਂ ਯਾਦ ਕਰਕੇ ਹਾਸਾ ਮਜ਼ਾਕ ਕਰਨਾ, ਤੇ ਜਦੋਂ ਸਾਡੇ ਹੱਸਣ ਦੀਆਂ ਆਵਾਜ਼ਾਂ ਬਾਹਰ ਪਹੁੰਚਦੀਆਂ ਸਨ, ਤਾਂ ਕਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਸੀ। ਕਿਉਂਕਿ ਸਾਡੀਆਂ ਪੋਜ਼ੀਟਿਵ ਅਵਾਜ਼ਾਂ ਲੋਕਾਂ ਦੇ ਨੈਗੇਟਿਵ ਵਿਚਾਰਾਂ ਨਾਲ ਟਕਰਾ ਰਹੀਆਂ ਸਨ। ਫੇਰ ਸਪਾਰਕ ਤਾਂ ਹੋਣੀ ਹੀ ਸੀ,ਪਟਾਕੇ ਤਾਂ ਪੈਣੇ ਹੀ ਸਨ। ਮੈਨੂੰ ਆਪਣੇ ਡਿਪਲੋਮੇ ਵਾਲੇ ਉਹ ਪੰਦਰਾਂ ਦਿਨ ਯਾਦ ਆ ਗਏ। ਜਦੋਂ ਮੈਂ ਨੈਗੇਟਿਵ ਤੇ ਪੋਜ਼ੀਟਿਵ ਦੀ ਮਹੱਤਤਾ ਬਾਰੇ ਪੜ੍ਹ ਰਿਹਾ ਸੀ। ਹੁਣ ਫਿਰ ਟਾਰਗੈੱਟ ਪੰਦਰਾਂ ਦਿਨ ਦਾ ਹੈ। ਨੈਗੇਟਿਵ ਤੇ ਪੋਜ਼ੀਟਿਵ ਨੂੰ ਨੇੜੇ ਤੋਂ ਜਾਨਣ ਦਾ। ਹੁਣ ਮਾਤਾ ਜੀ ਦੀ ਹਾਲਤ ਕੁੱਝ ਜ਼ਿਆਦਾ ਖ਼ਰਾਬ ਹੋ ਰਹੀ ਸੀ। ਕਿਉਂਕਿ ਉਨ੍ਹਾਂ ਨੂੰ ਸ਼ੂਗਰ ਵੀ ਸੀ। ਤੇ ਉਨ੍ਹਾਂ ਦੇ ਦਿਲ ਦਾ ਆਪ੍ਰੇਸ਼ਨ ਵੀ ਹੋਇਆ ਸੀ। ਉਨ੍ਹਾਂ ਦੀ ਇੱਕ ਲੱਤ ਵੀ ਕਾਫ਼ੀ ਕਮਜ਼ੋਰ ਹੈ। ਰਾਤ ਨੂੰ ਲੱਤ ਘੁੱਟੇ ਬਗੈਰ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਇੱਕ ਰਾਤ ਉਨ੍ਹਾਂ ਨੂੰ ਇੱਕ ਸੌ ਚਾਰ ਬੁਖਾਰ ਹੋ ਗਿਆ। ਛਾਤੀ ਵਿੱਚ ਰੇਸ਼ਾ ਬਹੁਤ ਜ਼ਿਆਦਾ ਜੰਮ ਚੁੱਕਾ ਸੀ। ਉਹ ਬੁਖਾਰ ਨਾਲ ਹੂੰਗ ਰਹੇ ਸਨ। ਮੈਂ ਮੱਥੇ ਤੇ ਠੰਢੇ ਪਾਣੀ ਦੀਆਂ ਪੱਟੀਆਂ ਕਰਨ ਤੋਂ ਬਾਅਦ ਲੱਤਾਂ ਘੁੱਟ ਰਿਹਾ ਸੀ ਤਾਂ ਮਾਤਾ ਜੀ ਕਹਿਣ ਲੱਗੇ। ”ਪੁੱਤ ਤੂੰ ਇਨ੍ਹਾਂ ਲਾਗੇ ਨਾ ਆਇਆ ਕਰ, ਕਿਤੇ ਤੈਨੂੰ ਵੀ ਕੋਰੋਨਾ ਨਾ ਹੋ ਜਾਵੇ” ਮੈਨੂੰ ਇੱਕਦਮ ਝੱਟਕਾ ਲੱਗਾ,ਕਿ ਗੱਲ ਤਾਂ ਸਹੀ ਹੈ ਇਹ ਤਾਂ ਮੈਂ ਸੋਚਿਆ ਈ ਨਹੀਂ। ਪਰ ਘਰ ਵਿੱਚ ਬਾਕੀ ਵੀ ਦੋ ਮਰੀਜ਼ ਨੇ ਉਨ੍ਹਾਂ ਨੇ ਤਾਂ ਇਹ ਗੱਲ ਨਹੀਂ ਆਖੀ। ਪਰ ਇਹ ਗੱਲ ਤਾਂ ਸਿਰਫ਼ ਇੱਕ ਮਾਂ ਹੀ ਸੋਚ ਸਕਦੀ ਏ। ਆਪ ਭਾਵੇਂ ਉਹ ਤਾਪ ਨਾਲ ਤੱਪ ਰਹੀ ਹੈ। ਪਰ ਆਪਣੇ ਬੱਚੇ ਨੂੰ ਉਹ ਤੱਤੀ ਵਾਅ ਵੀ ਨਹੀਂ ਲੱਗਣ ਦੇਣਾ ਚਾਹੁੰਦੀ। ਮੈਂ ਤਿੰਨਾਂ ‘ਚੋਂ ਕਿਸੇ ਨੂੰ ਵੀ ਮੋਬਾਇਲ ਜਾਂ ਟੀਵੀ ਤੇ ਨਿਊਜ਼ ਨਹੀਂ ਵੇਖਣ ਦਿੰਦਾ ਸੀ। ਪਰ ਮੈਂ ਆਪ ਹਰ ਰੋਜ਼ ਨਿਊਜ਼ ਵੇਖਦਾ ਸੀ। ਇਹ ਜਾਣਨ ਲਈ ਲਈ ਕਿ ਕੋਰੋਨਾ ਦੇ ਮਰੀਜ਼ ਕਿੰਨੇ ਕੁ ਘੱਟ ਰਹੇ ਨੇ। ਤੇ ਕਿਵੇਂ ਠੀਕ ਹੋ ਰਹੇ ਨੇ। ਪਰ ਰੋਜ਼ ਮੀਡੀਆ ਵਿੱਚ ਵੇਖਣ ਨੂੰ ਮਿਲ ਰਿਹਾ ਸੀ ਕਿ ਮਰੀਜ਼ਾਂ ਨੂੰ ਸਿਲੰਡਰ ਨਹੀਂ ਮਿਲ ਰਹੇ। ਹਸਪਤਾਲਾਂ ਵਿੱਚ ਬੁਰਾ ਹਾਲ ਹੋ ਰਿਹਾ ਹੈ। ਆਕਸੀਜਨ ਨਾ ਮਿਲਣ ਕਾਰਨ ਕਿੰਨੀਆਂ ਮੌਤਾਂ ਹੋ ਰਹੀਆਂ ਨੇ। ਹਰ ਪਾਸੇ ਨੈਗੇਟਿਵ ਹੀ ਨੈਗੇਟਿਵ। ਅਗਲੇ ਹੀ ਦਿਨ ਮਾਤਾ ਜੀ ਦਾ ਆਕਸੀਜਨ ਲੈਵਲ 65 ਰਹਿ ਗਿਆ। ਜੋ ਕਿ 95 ਤੋਂ 100 ਹੋਣਾ ਚਾਹੀਦਾ ਸੀ। ਮਾਤਾ ਜੀ ਨੂੰ ਵੇਖ ਕੇ ਬਾਕੀ ਦੋਵੇਂ ਮਰੀਜ਼ ਵੀ ਘਬਰਾ ਗਏ। ਸਾਨੂੰ ਹੱਥਾਂ ਪੈਰਾਂ ਦੀ ਪੈ ਗਈ। ਘਰ ਵਿੱਚ ਟੈਨਸ਼ਨ ਵਾਲਾ ਮਾਹੌਲ ਬਣ ਗਿਆ ਤੇ ਬਾਹਰ ਕਾਲੋਨੀ ਵਿੱਚ ਖ਼ੁਸ਼ੀ ਦਾ। ਲੋਕ ਆਪਣੀਆਂ ਕੀਤੀਆਂ ਗੱਲਾਂ ਨੂੰ, ਕਿਸੇ ਭਵਿੱਖਵਾਣੀ ਵਾਂਗ ਯਕੀਨੀ ਦੱਸਣ ਲੱਗੇ। “ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ, ਇਹ ਮਰੀਜ਼ ਘਰ ‘ਚ ਨਹੀਂ ਰੱਖੀਦੇ। ਹੁਣ ਹੋ ਗਿਆ ਨਾ ਕੰਮ ਖ਼ਰਾਬ” ਭਾਂਤ-ਭਾਂਤ ਦੀਆਂ ਨੈਗੇਟਿਵ ਗੱਲਾਂ। ਮੈਂ ਫਿਰ ਇੱਕ ਦੋ ਡਾਕਟਰਾਂ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਆਖਿਆ ਕਿ ਮਾਤਾ ਜੀ ਦੀ ਹਾਲਤ ਜ਼ਿਆਦਾ ਵਿਗੜ ਰਹੀ ਹੈ। ਦਾਖਿਲ ਕਰਨਾ ਪੈਣਾ। ਮੈਂ ਮਾਤਾ ਜੀ ਨੂੰ ਹਸਪਤਾਲ ਜਾਣ ਲਈ ਆਖਿਆ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ। ਕਹਿੰਦੇ’ “ਮੈਂ ਪਹਿਲਾਂ ਹੀ ਬੜਾ ਹਸਪਤਾਲਾਂ ਦਾ ਨਰਕ ਭੋਗਿਆ ਹੁਣ ਨਹੀਂ ਜਾਣਾ। ਜੇ ਮੇਰੀ ਵਧੀ ਏ ਤਾਂ ਮੈਂ ਆਪੇ ਠੀਕ ਹੋ ਜਾਊ” ਮੈਂ ਕਿਹਾ “ਜ਼ਿੱਦ ਨਾ ਕਰੋ ਤੁਹਾਡੀ ਹਾਲਤ ਜ਼ਿਆਦਾ ਖ਼ਰਾਬ ਏ।” ਅੱਗੋਂ ਕਹਿੰਦੇ
“ਹਸਪਤਾਲ ‘ਚ ਹੋਰ ਜ਼ਿਆਦਾ ਹੋ ਜਾਣੀ ਆਂ। ਨੁੱਕਰ ‘ਚ ਸੁੱਟ ਦੇਣਾ ਉਨ੍ਹਾਂ ਨੇ ਮੈਨੂੰ, ਕਿਸੇ ਨਾਲ ਨਹੀਂ ਮਿਲਣ ਦੇਣਾ। ਤੂੰ ਘਰੇ ਲਾਜ ਕਰ ਲੈ ਜੇ ਹੁੰਦਾ ਈ ਤਾਂ। ਮੈਂ ਨ੍ਹੀਂ ਜਾਣਾ ਆ ਤੇ” ਮਾਤਾ ਜੀ ਦਾ ਇਹ ਫ਼ੈਸਲਾ ਪੱਥਰ ਤੇ ਲੀਕ ਸੀ। ਇਹ ਸੱਚ ਸੀ ਕਿ ਉਹ ਸਾਡੇ ਪੈਦਾ ਹੋਣ ਤੋਂ ਲੈ ਕੇ, ਹੁਣ ਤੱਕ ਅੱਠ ਵਾਰ ਹਸਪਤਾਲ ਦਾਖਿਲ ਹੋ ਚੁੱਕੇ ਸੀ। ਤਾਂ ਹੀ ਹਸਪਤਾਲ ਦਾ ਨਾਮ ਲੈਂਦਿਆਂ ਹੀ ਉਨ੍ਹਾਂ ਦੀਆਂ ਅੱਖਾਂ ਅੱਗੇ ਓਪਰੇਸ਼ਨ ਥੀਏਟਰ ਦੇ ਬਾਹਰ, ਖ਼ਤਰੇ ਵਾਲੀ ਲਾਲ ਬੱਤੀ ਜੱਗ ਜਾਂਦੀ ਸੀ। ਖੈਰ, ਫਿਰ ਮੈਂ ਘਰ ਵਿੱਚ ਰਹਿ ਕੇ ਹੀ ਇਲਾਜ ਕਰਨ ਦਾ ਮਨ ਬਣਾ ਲਿਆ। ਡਾਕਟਰਾਂ ਤੇ ਦੋਸਤਾਂ ਦੀ ਸਲਾਹ ਨਾਲ ਉਨ੍ਹਾਂ ਨੂੰ ਦਵਾਈ, ਕਾਹੜੇ,ਸਟੀਮ,ਹੋਰ ਜੋ-ਜੋ ਟਰੀਟਮੈਂਟ ਸੀ ਉਹ ਮੈਂ ਕੀਤਾ। ਹੁਣ ਮੇਰੇ ਤੋਂ ਵੀ ਜ਼ਿਆਦਾ ਕਾਹਲੀ ਮਾਤਾ ਜੀ ਨੂੰ ਸੀ ਠੀਕ ਹੋਣ ਦੀ। ਪਤਾ ਨਹੀਂ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਅੰਦਰ ਇੱਛਾ ਸ਼ਕਤੀ ਪੈਦਾ ਕਰ ਲਈ, ਕਿ ਦੋ ਦਿਨ ਦੇ ਅੰਦਰ ਹੀ ਉਨ੍ਹਾਂ ਦਾ ਆਕਸੀਜਨ ਲੈਵਲ 98 ਹੋ ਗਿਆ। ਮਾਤਾ ਜੀ ਨੂੰ ਵੇਖ ਕੇ ਬਾਕੀ ਦੋਵੇਂ ਮਰੀਜ਼ਾਂ ਵਿੱਚ ਵੀ ਇੱਛਾ ਸ਼ਕਤੀ ਜਾਗ ਪਈ। ਹੁਣ ਉਹ ਵੀ ਬੜੀ ਤੇਜ਼ੀ ਨਾਲ ਠੀਕ ਹੋ ਰਹੇ ਸੀ। ਘਰ ਵਿੱਚ ਇੱਕ ਵਾਰ ਫਿਰ ਤੋਂ ਖੁਸ਼ੀ ਦਾ ਮਾਹੌਲ ਹੋ ਗਿਆ ਤੇ ਬਾਹਰ ਕਾਲੋਨੀ ਵਿੱਚ ਟੈਨਸ਼ਨ ਦਾ। ਕਿਉਂਕਿ ਕਈ ਵਿਦਵਾਨਾਂ ਦੀਆਂ ਭਵਿੱਖਬਾਣੀਆਂ ਝੂਠੀਆਂ ਸਾਬਿਤ ਹੋ ਰਹੀਆਂ ਸੀ। ਇਸ ਨੈਗੇਟਿਵ ਤੇ ਪੋਜ਼ੀਟਿਵ ਦੀ ਲੜਾਈ ਵੇਖਦਿਆਂ-ਵੇਖਦਿਆਂ ਪੰਦਰਾਂ ਦਿਨ ਬੀਤ ਗਏ। ਤੇ ਪੰਦਰਾਂ ਦਿਨ ਬਾਅਦ ਜਦੋਂ ਦੁਬਾਰਾ ਤਿੰਨਾਂ ਦਾ ਟੈਸਟ ਕਰਵਾਇਆ ਤਾਂ ਤਿੰਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੋ ਚੁੱਕੀ ਸੀ। ਤੇ ਅਸੀਂ ਸਾਰੇ ਘਰ ਵਾਲੇ ਖ਼ੁਸ਼ੀ ਨਾਲ ਪੋਜ਼ੀਟਿਵ। ਤੇ ਰਹੀ ਗੱਲ ਕਲੋਨੀ ਵਾਲਿਆਂ ਦੀ, ਬਾਹਰੋਂ ਉਹ ਭਾਵੇਂ ਜੋ ਮਰਜ਼ੀ ਹੋਣ,ਪਰ ਅੰਦਰੋਂ ਪੌਜ਼ੀਟਿਵ ਹੋ ਚੁੱਕੇ ਸੀ। ਹੁਣ ਉਹ ਸਾਡੇ ਘਰ ਮਰੀਜ਼ਾਂ ਦਾ ਪਤਾ ਲੈਣ ਆ ਰਹੇ ਸੀ ਤੇ ਆਪਣੀਆਂ ਕੀਤੀਆਂ ਹੋਈਆਂ ਭਵਿੱਖਬਾਣੀਆਂ ਨੂੰ ਆਪ ਹੀ ਬਦਲ ਰਹੇ ਸੀ। “ਭੈਣਾਂ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਕੋਰੋਨਾ ਦੇ ਮਰੀਜ਼ ਨੂੰ ਘਰ ‘ਚ ਹੀ ਰੱਖਣਾ ਚਾਹੀਦਾ” “ਲੋਕੀਂ ਤਾਂ ਐਵੇਂ ਭੌਂਕਦੇ ਫਿਰਦੇ ਆ ਲੋਕਾਂ ਦੀ ਕਿਹੜੀ ਗੱਲ ਆ,ਇਹ ਤਾਂ ਮੁੰਡੇ ਦੀ ਬਹਾਦਰੀ ਆ ਜਿੰਨੇ ਘਰੇ ਠੀਕ ਕਰ ਲਿਆ” “ਐਵੇਂ ਦੁਨੀਆਂ ਕਹਿੰਦੀ ਕਰੋਨੇ ਦਾ ਇਲਾਜ ਹੈਨੀ, ਕਰ ਲਿਆ ਨਾ ਅਗਲੇ ਨੇ” ਦੋਸਤੋ ਕਿੰਨੀ ਅਜੀਬ ਗੱਲ ਹੈ। ਉਂਜ ਤਾਂ ਅਸੀਂ ਪੋਜ਼ੀਟਿਵ ਰਹਿਣ ਦਾ ਉਪਦੇਸ਼ ਦਿੰਦੇ ਰਹਿੰਦੇ ਹਾਂ। ਪਰ ਜਦੋਂ ਕੋਈ ਕਿਸੇ ਬਿਮਾਰੀ ਨਾਲ ਪੋਜ਼ੀਟਿਵ ਹੁੰਦਾ ਹੈ ਤਾਂ ਅਸੀਂ ਨੈਗੇਟਿਵ ਕਿਉਂ ਹੋ ਜਾਂਦੇ ਹਾਂ। ਤੁਹਾਡਾ ਵਿਵਹਾਰ ਇੱਕ ਮਰੀਜ਼ ਨੂੰ ਮੌਤ ਦੇ ਮੂੰਹ ਤੱਕ ਵੀ ਲੈ ਜਾ ਸਕਦਾ ਹੈ। ਤੇ ਉਸ ਨੂੰ ਨਵੀਂ ਜ਼ਿੰਦਗੀ ਵੀ ਦੇ ਸਕਦਾ ਹੈ। ਇਹ ਸਿਰਫ਼ ਤੇ ਸਿਰਫ਼ ਤੁਹਾਡੇ ਵਿਵਹਾਰ ਤੇ ਨਿਰਭਰ ਕਰਦਾ ਹੈ। ਮੇਰੇ ਕੋਲ ਕੋਈ ਡਾਕਟਰੀ ਤਜੁਰਬਾ ਨਹੀਂ ਸੀ। ਮੈਂ ਜੋ ਕੁਝ ਵੀ ਕਰ ਸਕਿਆ ਉਹਦੇ ਪਿੱਛੇ ਸਿਰਫ਼ ਤੇ ਸਿਰਫ਼ ਮੇਰਾ ਹੁਣ ਤੱਕ ਦਾ ਥੀਏਟਰ ਦਾ ਤਜੁਰਬਾ ਹੀ ਸੀ। ਮੈਂ ਥੀਏਟਰ ਤੋਂ ਹੀ ਸਿੱਖਿਆ ਹੈ। ਦੂਜੇ ਪਾਤਰਾਂ ਦਾ ਦਰਦ ਮਹਿਸੂਸ ਕਰਨਾ। ਉਨ੍ਹਾਂ ਦੇ ਅੰਦਰਲੀ ਨੈਗੇਟਿਵ ਤੇ ਪੋਜ਼ੀਟਿਵ ਸ਼ਕਤੀ ਨੂੰ ਮਹਿਸੂਸ ਕਰਨਾ। ਆਪਣੇ ਅੰਦਰ ਠਹਿਰਾਵ ਲਿਆਉਣਾ। ਕਾਸ਼ ਕਿਤੇ ਇਹ ਦੁਨੀਆ ਥੀਏਟਰ ਦੀ ਇਸ ਤਕਨੀਕ ਨੂੰ ਅਪਣਾ ਲਵੇ। ਇੱਕ ਦੂਜੇ ਦਾ ਦਰਦ ਮਹਿਸੂਸ ਕਰ ਲਵੇ। ਇੱਕ ਦੂਜੇ ਦੇ ਪਾਤਰ ਨੂੰ ਸਮਝ ਜਾਵੇ। ਆਪਣੇ ਅੰਦਰ ਠਹਿਰਾਵ ਲੈ ਆਵੇ। ਤਾਂ ਸੱਚਮੁੱਚ ਜ਼ਿੰਦਗੀ ਕੁਝ ਹੋਰ ਹੀ ਹੋਏਗੀ। ਇਸ ਦੁਨੀਆਂ ਵਿੱਚ ਅਸੀਂ ਸਭ ਇੱਕ ਪਾਤਰ ਹੀ ਤਾਂ ਹਾਂ। ਜਿਵੇਂ ਸਾਡਾ ਪਾਤਰ ਖ਼ਤਮ ਅਸੀਂ ਇਸ ਰੰਗਮੰਚੀ ਦੁਨੀਆਂ ਨੂੰ ਅਲਵਿਦਾ ਕਹਿ ਜਾਣਾ,ਤੇ ਪਿੱਛੇ ਰਹਿ ਜਾਣੇ, ਸਾਡੇ ਪ੍ਰਤੀ ਦੁਨੀਆਂ ਦੇ “ਨੈਗੇਟਿਵ ਤੇ ਪੋਜ਼ੀਟਿਵ” ਵਿਚਾਰ।