ਪ੍ਰਸ਼ਾਸ਼ਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਸੇ, ਇਤਿਹਾਸ ਅਤੇ ਪਰੰਪਰਾ ਤੋਂ ਜਾਣੂੰ ਕਰਵਾਉਣ ਲਈ ਵਚਨਬੱਧ ਹੈ – ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ
ਲੁਧਿਆਣਾ (ਦੀਪਕ ਸਾਥੀ)। ਮਾਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵਿਖੇ ਅੱਜ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸ਼ੈਰ ਸਪਾਟਾ ਦਿਵਸ/ਵਰਲਡ ਟੁਰਿਜਮ ਡੇਅ ਮਨਾਇਆ ਗਿਆ। ਇਹ ਪ੍ਰੋਗਰਾਮ ਐਸ.ਡੀ.ਐਮ ਰਾਏਕੋਟ ਸ. ਗੁਰਬੀਰ ਸਿੰਘ ਕੋਹਲੀ ਪੀ.ਸੀ.ਐਸ. ਅਤੇ ਸ. ਗੁਰਜੋਤ ਸਿੰਘ, ਯਾਤਰਾ ਅਫਸਰ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੀ ਦੇਖ ਰੇਖ ਹੇਠ ਕਰਵਾਇਆ ਗਿਆ।
ਐਸ.ਡੀ.ਐਮ ਰਾਏਕੋਟ ਸ. ਗੁਰਬੀਰ ਸਿੰਘ ਕੋਹਲੀ ਵਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਮੌਕੇ ਸਕੂਲਾਂ ਦੇ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ, ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਰਾਏ, ਬਡਿੰਗ ਬਰੇਨ ਇੰਟਰਨੈਸਨਲ ਸਕੂਲ ਰਾਏਕੋਟ ਅਤੇ ਰਾਏਕੋਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋ ਭਾਗ ਲਿਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਇਨਾਂ ਮੁਕਾਬਲਿਆ ਵਿੱਚ ਹਰਮੀਤ ਕੌਰ ਬਡਿੰਗ ਬਰੇਨ ਇੰਟਰਨੈਸਨਲ ਸਕੂਲ ਰਾਏਕੋਟ ਵੱਲੋ ਪਹਿਲਾ ਸਥਾਨ, ਪਰਗਟ ਸਿੰੰਘ (ਸ਼ਹੀਦ ਗੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ) ਵੱਲੋ ਦੂਜਾ ਸਥਾਨ ਅਤੇ ਅਰਮਾਨਦੀਪ ਸਿੰਘ ਅਤੇ ਮਨਰੂਪ ਕੌਰ ਰਾਏਕੋਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋ ਤੀਜਾ ਸਥਾਨ ਹਾਸਲ ਕੀਤਾ ਗਿਆ। ਐਸ.ਡੀ.ਐਮ ਰਾਏਕੋਟ ਸ. ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਸੇ, ਇਤਿਹਾਸ ਅਤੇ ਪਰੰਪਰਾ ਤੋਂ ਜਾਣੂੰ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਰਾਏਕੋਟ ਸ੍ਰੀਮਤੀ ਮਨਬੀਰ ਕੋਰ ਸਿੱਧੂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਸ੍ਰੀ ਕੁਲਵਿੰਦਰ ਸਿੰਘ ਸੁਪਰਵਾਈਜਰ/ਗਾਈਡ ਅਤੇ ਮਨਪ੍ਰੀਤ ਸਿੰਘ ਗਾਈਡ ਮਾਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆਂ ਵੱਲੋ ਵਿਦਿਆਰਥੀਆਂ ਨੂੰ ਮਾਹਾਰਾਜਾ ਦਲੀਪ ਸਿੰਘ ਜੀ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਗਿਆ।