700 ਵਰਗ ਗਜ ਹੋਮ ‘ਤੇ 50 ਲੱਖ ਰੁਪਏ ਦੀ ਆਵੇਗੀ ਲਾਗਤ – ਆਸ਼ੂ਼
ਲੁਧਿਆਣਾ, 26 ਜੁਲਾਈ (ਰਾਜਕੁਮਾਰ ਸਾਥੀ)। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸ਼ਹਿਰ ਦੇ ਭਾਈ ਰਣਧੀਰ ਸਿੰਘ ਨਗਰ ਦੇ ਬਲਾਕ-ਡੀ ਖੇਤਰ ਵਿਖੇ 700 ਵਰਗ ਗਜ਼ ਜ਼ਮੀਨ ‘ਤੇ ਅਤੇ 50 ਲੱਖ ਰੁਪਏ ਦੀ ਲਾਗਤ ਵਾਲੇ ਨਵੇਂ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਦਾ ਨੀਂਹ ਪੱਥਰ ਰੱਖਿਆ। ਇਹ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਨਵੀਂ ਵਿਕਸਤ ਲਈਅਰ ਵੈਲੀ ਦੇ ਬਿਲਕੁੱਲ ਨੇੜੇ ਉਸਾਰਿਆ ਜਾਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਸ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਵਿਚ ਬਜ਼ੁਰਗ ਲੋਕਾਂ ਲਈ ਹਰ ਕਿਸਮ ਦੀਆਂ ਕਲਾ ਸਹੂਲਤਾਂ ਹੋਣਗੀਆਂ ਤਾਂ ਜੋ ਉਹ ਆਪਣਾ ਕੀਮਤੀ ਸਮਾਂ ਇੱਥੇ ਬਿਤਾ ਸਕਣ। ਉਨ੍ਹਾਂ ਕਿਹਾ ਕਿ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਉਸਾਰੀ ਦਾ ਕੰਮ ਭਲਕੇ ਤੋਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਲ 700 ਵਰਗ ਗਜ਼ ਜ਼ਮੀਨ ਵਿਚੋਂ 500 ਵਰਗ ਗਜ਼ ਵਿੱਚ ਇਕ ਲਾਇਬ੍ਰੇਰੀ, ਹਾਲ, ਰਸੋਈ, ਪਖਾਨੇ ਆਦਿ ਦਾ ਨਿਰਮਾਣ ਹੋਵੇਗਾ, ਜਦੋਂਕਿ ਬਾਕੀ ਰਕਬੇ ਵਿਚ ਹਰੇ ਭਰੇ ਲਾਨ ਅਤੇ ਬੈਠਣ ਦੀ ਸਹੂਲਤ ਹੋਵੇਗੀ। ਸ੍ਰੀ ਆਸ਼ੂ ਨੇ ਕਿਹਾ ਕਿ ਇਹ ਪ੍ਰੋਜੈਕਟ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਸੀ, ਪਰ ਕੋਵਿਡ-19 ਮਹਾਂਮਾਰੀ ਕਾਰਨ ਦੇਰੀ ਹੋਈ ਹੈ। ਉਨ੍ਹਾਂ ਹੁਣ ਭਰੋਸਾ ਦਿਵਾਇਆ ਕਿ ਵਰਕ ਆਰਡਰ ਪਹਿਲਾਂ ਹੀ ਜਾਰੀ ਹੋ ਚੁੱਕੇ ਹਨ, ਨਗਰ ਸੁਧਾਰ ਟਰੱਸਟ ਲੁਧਿਆਣਾ ਅਗਲੇ ਕੁਝ ਮਹੀਨਿਆਂ ਵਿੱਚ ਇਸ ਕੰਮ ਨੂੰ ਪੂਰਾ ਕਰ ਦੇਵੇਗਾ।
ਇਸ ਮੌਕੇ ਉਨ੍ਹਾਂ ਇਹ ਭਰੋਸਾ ਵੀ ਦਿੱਤਾ ਕਿ ਆਧੁਨਿਕ ਫਰਨੀਚਰ ਦੇ ਨਾਲ ਹੋਰ ਅਜਿਹੀਆਂ ਸਹੂਲਤਾਂ ਵੀ ਸੀਨੀਅਰ ਸਿਟੀਜ਼ਨਜ਼ ਨੂੰ ਵੱਖਰੇ ਤੌਰ ‘ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਭਰੋਸਾ ਦਿੱਤਾ ਕਿ ਜੇ ਬਜ਼ੁਰਗ ਨਾਗਰਿਕ ਚਾਹੁੰਦੇ ਹਨ ਕਿ ਅਤਿ ਆਧੁਨਿਕ ਸੀਨੀਅਰ ਸਿਟੀਜ਼ਨ ਹੋਮ ਦੇ ਅੰਦਰ ਇੱਕ ਮੈਡੀਕਲ ਡਿਸਪੈਂਸਰੀ ਵੀ ਸਥਾਪਤ ਕੀਤੀ ਜਾਵੇ ਤਾਂ ਇਹ ਮੰਗ ਵੀ ਪਹਿਲ ਦੇ ਅਧਾਰ ‘ਤੇ ਪੂਰੀ ਕੀਤੀ ਜਾਵੇਗੀ। ਇਸ ਮੌਕੇ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਵਿੱਚ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਐਸ.ਪੀ. ਕਰਕਰਾ, ਨਿਗਮ ਕੌਸਲਰ ਸ.ਹਰੀ ਸਿੰਘ ਬਰਾੜ, ਸ੍ਰੀ ਸੰਨੀ ਭੱਲਾ, ਸੀਨੀਅਰ ਕਾਂਗਰਸੀ ਆਗੂ ਸ.ਬਲਜਿੰਦਰ ਸਿੰਘ ਸੰਧੂ, ਇੰਦਰਜੀਤ ਸਿੰਘ ਇੰਦੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।