ਲੁਧਿਆਣਾ (ਰਾਜਕੁਮਾਰ ਸਾਥੀ)। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰ ਵਿਕਾਸ) ਸੰਦੀਪ ਕੁਮਾਰ ਦੀ ਅਗੁਵਾਈ ਹੇਠ ਸਥਾਨਕ ਯੁਵਾ ਸਸ਼ਕਤੀਕਰਨ ਸੰਸਥਾ ਇਨੀਸ਼ੀਏਟਰਜ਼ ਆਫ਼ ਚੇਂਜ ਦੇ ਸਹਿਯੋਗ ਨਾਲ ‘ਆਈ ਵੋਟ ਆਈ ਲੀਡ’ ਮੁਹਿੰਮ ਤਹਿਤ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ ਵੋਟਰ ਜਾਗਰੂਕਤਾ ਲਈ ਸੈਮੀਨਾਰ ਕਰਵਾਇਆ ਗਿਆ। ਸੰਸਥਾ ਵੱਲੋਂ ਤ੍ਰਿਸ਼ਮੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਸੈਮੀਨਾਰ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸੈਮੀਨਾਰ ਦੌਰਾਨ ਡਾ. ਰਣਜੀਤ ਸਿੰਘ ਸਵੀਪ ਨੋਡਲ ਅਫ਼ਸਰ ਲੁਧਿਆਣਾ ਪੱਛਮੀ, ਨਮਨ ਸੇਕਰੀ, ਰਾਘਵ ਸਚਦੇਵਾ, ਅਰਸ਼ ਮਦਾਨ ਅਤੇ ਹੋਰ ਹਾਜ਼ਰ ਸਨ। ਸੰਸਥਾ ਦੀ ਪ੍ਰਧਾਨ ਅਰਸ਼ੀਆ ਲੇਖੀ ਨੇ ਇਸ ਉਪਰਾਲੇ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸੈਮੀਨਾਰ, ਫਲੈਸ਼ ਮੋਬ, ਮਨੁੱਖੀ ਚੇਨ, ਰੈਲੀਆਂ ਅਤੇ ਨੁੱਕੜ ਨਾਟਕ ਕਰਵਾਏ ਜਾਣਗੇ. ਇਸ ਸੈਮੀਨਾਰ ਵਿੱਚ ਵੋਟ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਅਤੇ ਨੌਜਵਾਨ ਵੋਟਰਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਵੋਟਰ ਸਹੁੰ ਵੀ ਚੁਕਾਈ ਗਈ। ਵਿਦਿਆਰਥੀਆਂ ਨੂੰ ਆਪਣੇ ਮਾਪਿਆਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਆਪਣੀ ਪਸੰਦ ਦੀ ਸਰਕਾਰ ਚੁਣਨ ਲਈ ਜਮਹੂਰੀ ਚੋਣ ਪ੍ਰਕਿਰਿਆ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕਰਨ ਦਾ ਸੁਨੇਹਾ ਦਿੱਤਾ ਗਿਆ। ਡਾ. ਰਣਜੀਤ ਸਿੰਘ ਦੀ ਅਗਵਾਈ ਵਿੱਚ ਸਵੀਪ ਟੀਮ ਨੇ ਵਿਦਿਆਰਥੀ ਵੋਟਰਾਂ ਨੂੰ ਸਹੁੰ ਚੁਕਾਈ।