ਕਾਲਜ ਦੇ ਸਾਬਕਾ ਵਿਦਿਆਰਥੀ ਸੰਜੀਵ ਅਰੋੜਾ ਐਮ.ਪੀ ਨੇ ਆਪਣੇ ਫੰਡ ਵਿੱਚੋਂ 1 ਕਰੋੜ ਰੁਪਏ ਦਿੱਤੇ
ਲੁਧਿਆਣਾ (ਰਾਜਕੁਮਾਰ ਸਾਥੀ)। ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਮੰਗਲਵਾਰ ਨੂੰ ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਦੀ ਸਾਲਾਨਾ ਕਨਵੋਕੇਸ਼ਨ ਮੌਕੇ ਵੱਖ-ਵੱਖ ਸਟਰੀਮ ਦੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਤੋਂ ਬਾਅਦ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਦਾ ਜਸ਼ਨ ਮਨਾਉਣ ਅਤੇ ਆਨੰਦ ਲੈਣ ਲਈ ਕਿਹਾ ਕਿਉਂਕਿ ਇਹ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਦਿਨ ਹੈ। ਕਾਲਜ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ, ਅਰੋੜਾ ਨੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ ਕਾਲਜ ਦੇ ਵਿਦਿਆਰਥੀ ਸਨ। ਉਨ੍ਹਾਂ ਆਪਣੇ ਪੁਰਾਣੇ ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਸਾਥੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਲ 1983 ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਇਸ ਮੌਕੇ ਉਨ੍ਹਾਂ ਦੇ ਤਤਕਾਲੀ ਅਧਿਆਪਕ ਆਰਐਸ ਗੁਪਤਾ ਅਤੇ ਸਹਿਯੋਗੀ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ। ਅਰੋੜਾ ਨੇ ਭਾਵੁਕ ਲਹਿਜੇ ‘ਚ ਕਿਹਾ, “ਅੱਜ ਕਾਲਜ ਕੈਂਪਸ ‘ਚ ਦਾਖਲ ਹੋਣ ਤੋਂ ਬਾਅਦ ਇੰਝ ਲੱਗਾ ਜਿਵੇਂ ਮੈਂ ਇੱਥੇ ਕਾਲਜ ‘ਚ ਪੜ੍ਹਨ ਆਇਆ ਹਾਂ।” ਅਰੋੜਾ ਨੇ ਕਾਲਜ ਲਈ ਐਮਪੀਲੈਡ ਫੰਡ ਵਿੱਚੋਂ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਵੱਲੋਂ ਹੁਣ ਤੱਕ ਕਿਸੇ ਵੀ ਸੰਸਥਾ ਨੂੰ ਐਲਾਨੀ ਗਈ ਸਭ ਤੋਂ ਵੱਡੀ ਗਰਾਂਟ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਉਸ ਸੰਸਥਾ ਦੀ ਸੇਵਾ ਕਰਨ ਦੇ ਯੋਗ ਹੈ ਜਿਸ ਵਿਚ ਉਹ ਪਹਿਲਾਂ ਪੜ੍ਹ ਚੁੱਕੇ ਹਨ।
ਉਨ੍ਹਾਂ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਤੋਂ ਉਨ੍ਹਾਂ ਦਾ ਨਵਾਂ ਸਫ਼ਰ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਪਰ ਉਨ੍ਹਾਂ ਦੀ ਸਫ਼ਲਤਾ ਦੀ ਕਹਾਣੀ ਲਿਖਣ ਵਿੱਚ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਕਦੇ ਨਾ ਭੁੱਲੋ। ਉਨ੍ਹਾਂ ਨੇ ਨੌਜਵਾਨ ਡਿਗਰੀ ਧਾਰਕਾਂ ਨੂੰ ਕਿਹਾ ਕਿ ਉਹ ਪਹਿਲਾਂ ਆਪਣੇ ਮਾਪਿਆਂ ਕੋਲ ਜਾ ਕੇ “ਧੰਨਵਾਦ” ਕਹਿਣ। ਅਰੋੜਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿਣ ਅਤੇ ਕੰਮ ਕਰਨ ਨੂੰ ਪਹਿਲ ਦੇਣ। ਉਨ੍ਹਾਂ ਕਿਹਾ, “ਕਦੇ ਵੀ ਦੂਸਰਿਆਂ ਦੇ ਪਿੱਛੇ ਚੱਲਣ ਦੀ ਕੋਸ਼ਿਸ਼ ਨਾ ਕਰੋ, ਸਗੋਂ ਆਪਣੀ ਬੁੱਧੀ ਨਾਲ ਆਪਣੇ ਫੈਸਲੇ ਖੁਦ ਲਓ।” ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸੇ ਬਹੁਤ ਸਾਰੇ ਭਾਰਤੀ ਹੁਣ ਆਪਣੀ ਮਾਤ ਭੂਮੀ ਨੂੰ ਪਰਤ ਰਹੇ ਹਨ। ਉਨ੍ਹਾਂ ਪੜ੍ਹੀਆਂ ਲਿਖੀਆਂ ਲੜਕੀਆਂ ਨੂੰ ਵਿਆਹ ਤੋਂ ਬਾਅਦ ਵਿਹਲੇ ਨਾ ਬੈਠਣ ਲਈ ਕਿਹਾ। ਸਗੋਂ ਕੁੜੀਆਂ ਨੂੰ ਆਪਣੀਆਂ ਡਿਗਰੀਆਂ ਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਆਪਣੇ ਦਮ ‘ਤੇ ਖੜ੍ਹਨਾ ਚਾਹੀਦਾ ਹੈ। ਕਾਲਜ ਪ੍ਰਿੰਸੀਪਲ ਪ੍ਰੋ.(ਡਾ.) ਤਨਵੀਰ ਲਿਖਾਰੀ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੜ੍ਹੀ। ਉਨ੍ਹਾਂ ਕਾਲਜ ਲਈ ਇੱਕ ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਨ ਲਈ ਅਰੋੜਾ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਦੀ ਕਨਵੋਕੇਸ਼ਨ ਮਹਾਂਮਾਰੀ ਕਾਰਨ ਤਿੰਨ ਸਾਲਾਂ ਬਾਅਦ ਕਰਵਾਈ ਜਾ ਰਹੀ ਹੈ। ਇਸ ਮੌਕੇ ਕਾਲਜ ਪ੍ਰਬੰਧਕਾਂ ਵੱਲੋਂ ਅਰੋੜਾ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਇਸ ਮੌਕੇ ਨੇਚਰ ਆਰਟਿਸਟ ਹਰਪ੍ਰੀਤ ਸੰਧੂ, ਸਤਲੁਜ ਕਲੱਬ ਲੁਧਿਆਣਾ ਦੇ ਖੇਡ ਸਕੱਤਰ ਡਾ.ਸੁਲਭਾ ਜਿੰਦਲ, ਆਰ.ਐਸ.ਗੁਪਤਾ, ਰਿਤੇਸ਼ ਅਰੋੜਾ ਅਤੇ ਗੁਰਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ। ਕਾਲਜ ਦੇ ਡੀਨ ਆਫ਼ ਐਗਜ਼ਾਮੀਨੇਸ਼ਨ ਪ੍ਰੋਫ਼ੈਸਰ (ਡਾ.) ਗੁਰਸ਼ਰਨਜੀਤ ਸਿੰਘ ਸੰਧੂ ਵੀ ਹਾਜ਼ਰ ਸਨ।