ਲੁਧਿਆਣਾ, 14 ਨਵੰਬਰ (ਰਾਜਕੁਮਾਰ ਸਾਥੀ)। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਗੁਪਤਾ ਵੱਲੋਂ ਅੱਜ ਸਥਾਨਕ ਐਸ.ਸੀ.ਡੀ. ਸਰਕਾਰੀ ਕਾਲਜ ਵਿਖੇ ਖਿਡਾਰੀਆਂ ਨੂੰ ਪ੍ਰੈਕਟਿਸ ਵਿਕਟ ਕ੍ਰਿਕਟ ਸੈਂਟਰ ਸਮਰਪਿਤ ਕੀਤਾ। ਇਸ ਕ੍ਰਿਕਟ ਸੈਂਟਰ ਦਾ ਪ੍ਰਬੰਧਨ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਐਲ.ਡੀ.ਸੀ.ਏ.) ਦੁਆਰਾ ਕੀਤਾ ਜਾਵੇਗਾ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਲੁਧਿਆਣਾ ਵਿੱਚ ਗੁਰੂ ਨਾਨਕ ਸਟੇਡੀਅਮ ਵਿੱਚ ਨਵੇਂ ਐਥਲੈਟਿਕਸ ਸਿੰਥੈਟਿਕ ਟਰੈਕ ਸਮੇਤ ਸਾਰੇ ਮੌਜੂਦਾ ਖੇਡ ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਦਕਿ ਇਨਡੋਰ ਸਵਿਮਿੰਗ ਪੂਲ ਦਾ ਕੰਮ ਵੀ ਜਲਦ ਹੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰੱਖ ਬਾਗ ਵਿਖੇ ਇਨਡੋਰ ਸਵੀਮਿੰਗ ਪੂਲ ਸ਼ਹਿਰ ਵਾਸੀਆਂ ਦੀ ਚਿਰੌਕਣੀ ਮੰਗੀ ਰਹੀ ਹੈ ਅਤੇ ਜਲਦ ਹੀ ਇਸ ‘ਤੇ ਵੀ ਕੰਮ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਹੋਰ ਖੇਡ ਬੁਨਿਆਦੀ ਢਾਂਚੇ ਦਾ ਵੀ ਨਵੀਨੀਕਰਣ ਕੀਤਾ ਜਾਵੇਗਾ ਜਿਸ ਵਿੱਚ ਸ਼ਾਸਤਰੀ ਹਾਲ, ਬਾਸਕਟਬਾਲ ਸਟੇਡੀਅਮ, ਟੇਬਲ ਟੈਨਿਸ ਸਟੇਡੀਅਮ, ਪੀ.ਏ.ਯੂ. ਵਿਖੇ ਹਾਕੀ ਐਸਟ੍ਰੋਟਰਫ਼ ਅਤੇ ਹੋਰ ਸ਼ਾਮਲ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਰੂਪ ਵਿੱਚ ਵਰਤੋਂ ਕਰਦਿਆਂ ਸੂਬੇ ਭਰ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਖੇਡ ਨੀਤੀ ਦੇਸ਼ ਵਿੱਚ ਸਭ ਤੋਂ ਵਧੀਆ ਹੈ ਜਿਸਦੇ ਤਹਿਤ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਇਨਾਮੀ ਰਾਸ਼ੀ ਵਧਾਉਣ ‘ਤੇ ਵੀ ੍ਤੋਰ ਦਿੱਤਾ ਜਾਂਦਾ ਹੈ, ਪੰਜਾਬ ਵਿੱਚ ਇੱਕ ਮਜ਼ਬੂਤ ਅਤੇ ਉਚ ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣਾ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਂਮੈਂਟਾਂ ਲਈ ਚੈਂਪੀਅਨ ਤਿਆਰ ਕੀਤੇ ਜਾਂਦੇ ਹਨ। ਇਸ ਮੌਕੇ ਭਾਰਤ ਭੂਸ਼ਣ ਆਸ਼ੂ ਜੋ ਕਿ ਆਪ ਵੀ ਇੱਕ ਕ੍ਰਿਕਟ ਖਿਡਾਰੀ ਹਨ, ਨੇ ਵੀ ਕ੍ਰਿਕਟ ਪਿੱਚ ‘ਤੇ ਕੁਝ ਬੇਹਤਰੀਨ ਸ਼ਾਟ ਖੇਡੇ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਗੁਪਤਾ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਸਥਾਨਕ ਕ੍ਰਿਕਟ ਗਤੀਵਿਧੀਆਂ ਦੀ ਨਿਗਰਾਨੀ ਕਰੇਗੀ ਤਾਂ ਜੋ ਵੱਧ ਤੋਂ ਵੱਧ ਖਿਡਾਰੀ ਇਸ ਕੇਂਦਰ ਦਾ ਲਾਭ ਲੈ ਸਕਣ। ਨਗਰ ਕੌਂਸਲਰ ਸੰਨੀ ਭੱਲਾ ਨੇ ਦੱਸਿਆ ਕਿ ਇਸ ਸੈਂਟਰ ਦਾ ਪ੍ਰਬੰਧ ਲੁਧਿਆਣਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਐਲ.ਡੀ.ਸੀ.ਏ.) ਵੱਲੋਂ ਕੀਤਾ ਜਾਵੇਗਾ। ਇਸ ਮੌਕੇ ਐਲ.ਡੀ.ਸੀ.ਏ. ਦੇ ਪ੍ਰਧਾਨ ਸਤੀਸ਼ ਮੰਗਲ, ਜਨਰਲ ਸਕੱਤਰ ਅਨੁਪਮ ਕਮਾਰੀਆ, ਹਰਮੀਤ ਬੱਤਰਾ, ਰਾਜੀਵ ਪੁਰੀ, ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਗਗਨਦੀਪ ਸਿੰਘ ਤੋਂ ਇਲਾਵਾ ਕਈ ਦਿੱਗਜ ਖਿਡਾਰੀ, ਕੋਚ ਅਤੇ ਖੇਡ ਪ੍ਰੇਮੀ ਵੀ ਮੌਜੂਦ ਸਨ।