ਸਾਰਿਆਂ ਨੂੰ ਦਿੱਤੇ ਦੀਵਾਲੀ ਦੇ ਤੋਹਫੇ ਅਤੇ ਸ਼ੁਭ ਕਾਮਨਾਵਾਂ, ਵਸਨੀਕਾਂ ਨੂੰ ਗ੍ਰੀਨ ਦਿਵਾਲੀ ਮਨਾਉਣ ਦਾ ਸੱਦਾ ਵੀ ਦਿੱਤਾ
ਲੁਧਿਆਣਾ, 03 ਨਵੰਬਰ (ਰਾਜਕੁਮਾਰ ਸਾਥੀ)। ਦੀਵਾਲੀ ਦਾ ਤਿਉਹਾਰ ਹਮਦਰਦੀ, ਮਨੁੱਖਤਾ ਅਤੇ ਭਾਈਚਾਰਕ ਸਾਂਝ ਨਾਲ ਮਨਾਉਣ ਦੇ ਉਦਮ ਵਜੋਂ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਨਗਰ ਨਿਗਮ ਲੁਧਿਆਣਾ (ਐਮ.ਸੀ.ਐਲ.) ਦੇ 800 ਤੋਂ ਵੱਧ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਜਿਹੜੇ ਕਿ ਲੁਧਿਆਣਾ (ਪੱਛਮੀ) ਹਲਕੇ ਦੇ 17 ਵਾਰਡਾਂ ਵਿੱਚ ਤਾਇਨਾਤ ਹਨ, ਦੇ ਨਾਲ ਦਿਵਾਲੀ ਮਨਾਈ ਗਈ।
ਸ੍ਰੀ ਆਸ਼ੂ ਵੱਲੋਂ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਹੋਰਾਂ ਦੇ ਨਾਲ ਸਾਰੇ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਦਿਵਾਲੀ ਦੇ ਤੋਹਫ਼ੇ ਦਿੱਤੇ ਗਏ।
ਕੈਬਨਿਟ ਮੰਤਰੀ ਨੇ ਕਿਹਾ ਕਿ ਲੁਧਿਆਣਾ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਬਣਾਉਣ ਵਿੱਚ ਦਿਨ-ਰਾਤ ਲੱਗੇ ਇਨ੍ਹਾਂ ਮੋਹਰੀ ਯੋਧਿਆਂ ਨਾਲ ਰੌਸ਼ਨੀ ਦਾ ਤਿਉਹਾਰ ਮਨਾਉਣਾ ਉਨ੍ਹਾਂ ਲਈ ਇੱਕ ਅਹਿਮ ਮੌਕਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਕਾਮਿਆਂ ਦੇ ਨਾਲ ਦਿਵਾਲੀ ਮਨਾਉਣ ਦਾ ਮੌਕਾ ਮਿਲਿਆ ਜਿਹੜੇ ਕਿ ਅਸਲ ਹੀਰੋ ਹਨ ਅਤੇ ਜਿਨ੍ਹਾਂ ਲੁਧਿਆਣਾ ਸਮਾਰਟ ਸਿਟੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣਾ ਅਹਿਮ ਯੋਗਦਾਨਾ ਪਾਇਆ।
ਸ੍ਰੀ ਆਸ਼ੂ ਨੇ ਦੁਹਰਾਇਆ ਕਿ ਸਦੀਆਂ ਤੋਂ ਸਾਡੇ ਸਾਰਿਆਂ ਵੱਲੋਂ ਦੀਵਾਲੀ – ਪਿਆਰ, ਰੋਸ਼ਨੀ ਅਤੇ ਖੁਸ਼ਹਾਲੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਧਾਰਮਿਕ ਜੋਸ਼ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦੀਆਂ ਚਮਕਦੀਆਂ ਰੌਸ਼ਨੀਆਂ ਨਾ ਸਿਰਫ਼ ਹਰ ਘਰ ਨੂੰ ਰੌਸ਼ਨ ਕਰਦੀਆਂ ਹਨ, ਸਗੋਂ ਇਹ ਹਨੇਰੇ ‘ਤੇ ਚਾਨਣ ਦੀ ਜਿੱਤ, ਬੁਰਾਈ ‘ਤੇ ਚੰਗਿਆਈ ਅਤੇ ਨਿਰਾਸ਼ਾ ‘ਤੇ ਆਸ ਦਾ ਪ੍ਰਤੀਕ ਵੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਿਉਹਾਰ ਨੂੰ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉਪਰ ਉਠ ਕੇ ਧੂਮ-ਧਾਮ ਨਾਲ ਮਨਾਉਣ, ਜਿਸ ਨਾਲ ਸਦਭਾਵਨਾ ਦੇ ਬੰਧਨ ਮਜ਼ਬੂਤ ਹੁੰਦੇ ਹਨ।
ਸ੍ਰੀ ਆਸ਼ੂ ਨੇ ਕਿਹਾ ਕਿ ਸਾਰੇ ਸ਼ਹਿਰ ਨਿਵਾਸੀਆਂ ਨੂੰ ਅੱਗੇ ਆ ਕੇ ਗ੍ਰੀਨ ਪਟਾਕਿਆਂ ਨਾਲ ਦੀਵਾਲੀ ਮਨਾਉਣ ਦਾ ਦ੍ਰਿੜ ਸੰਕਲਪ ਲੈਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਸੰਨੀ ਭੱਲਾ, ਦਿਲਰਾਜ ਸਿੰਘ, ਡਾ. ਹਰੀ ਸਿੰਘ ਬਰਾੜ, ਮਹਾਰਾਜ ਸਿੰਘ ਰਾਜੀ, ਪੰਕਜ ਕਾਕਾ, ਬਲਜਿੰਦਰ ਸਿੰਘ ਬੰਟੀ, ਪੂਨਮ ਮਲਹੋਤਰਾ, ਅੰਮ੍ਰਿਤ ਵਰਸ਼ਾ ਰਾਮਪਾਲ, ਸੀਨੀਅਰ ਕਾਂਗਰਸੀ ਆਗੂ ਬਲਜਿੰਦਰ ਸਿੰਘ ਸੰਧੂ, ਦਾਰਾ ਬੱਬਰ, ਦਵਿੰਦਰ ਸਿੰਘ ਘੁੰਮਣ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।