ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਦੇ ਵੀ ਕੱਟੇ ਚਲਾਨ
ਲੁਧਿਆਣਾ (ਰਾਜਕੁਮਾਰ ਸਾਥੀ)। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟ੍ਰਾਂਸਪੋਰਟ ਵਿਭਾਗ ਦੀ ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਵਲੋਂ ਅੱਜ ਲੁਧਿਆਣਾ ਦੀਆਂ ਵੱਖ-ਵੱਖ ਸੜਕਾਂ ‘ਤੇ ਚੈਕਿੰਗ ਕਰਦਿਆਂ ਨਿਯਮਾਂ ਦੀ ਉਲੰਘਣਾਂ ਕਰਨ ਵਾਲੀਆਂ 5 ਟੂਰਿਸਟ ਬੱਸਾਂ ਅਤੇ 5 ਯਾਤਰੀ ਬੱਸਾਂ ਦੇ ਚਲਾਨ ਕੀਤੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਹਨਾਂ ਦੇ ਦਸਤਾਵੇਜ਼ਾਂ ਵਿੱਚ ਖਾਮੀਆਂ ਪਾਈਆਂ ਗਈਆਂ ਜਿਸ ਵਿੱਚ ਬੱਸਾਂ ਦਾ ਟੈਕਸ ਸਮੇਂ ਸਿਰ ਨਹੀ ਭਰਿਆ ਜਾਣਾ, ਟੂਰਇਸਟ ਬੱਸਾਂ ਦਾ ਓਵਰਸਪੀਡ ਹੋਣਾ, ਬੱਸਾਂ ਵਿੱਚ ਕਪੈਸਿਟੀ ਤੋਂ ਵੱਧ ਯਾਤਰੀ ਸਵਾਰ ਕਰਨਾ ਸ਼ਾਮਲ ਸੀ। ਆਰ.ਟੀ.ਏ. ਵਲੋਂ ਟਰਾਂਸਪੋਰਟਰਾਂ ਨੂੰ ਮੁੜ ਅਪੀਲ ਕੀਤੀ ਗਈ ਕਿ ਉਹ ਗੱਡੀ ਦੇ ਸਾਰੇ ਦਸਤਾਵੇਜ ਮੁਕੰਮਲ ਰੱਖਣ ਅਤੇ ਗੱਡੀ ਵਿੱਚ ਅਸਲ ਕਾਗਜ ਹੀ ਰੱਖਣ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਇਹ ਦੇਖਿਆ ਗਿਆ ਹੈ ਕਿ ਚਾਲਕਾਂ ਕੋਲ ਪਰਮਿਟ ਅਤੇ ਹੋਰ ਜ਼ਰੂਰੀ ਕਾਗਜ਼ਾਂ ਦੀ ਫੋਟੋਕਾਪੀ ਹੀ ਹੁੰਦੀ ਹੈ ਜਦਕਿ ਅਸਲ ਕਾਗਜ ਗੱਡੀ ਵਿੱਚ ਹੋਣੇ ਲਾਜ਼ਮੀ ਬਣਦੇ ਹਨ। ਉਨ੍ਹਾਂ ਚਾਲਕਾਂ ਨੂੱ ਹਦਾਇਤ ਕੀਤੀ ਕਿ ਸਰਕਾਰ ਦੇ ਨਿਯਮਾਂ ਦੀ ਉਲਘੰਣਾ ਕਰਨ ‘ਤੇ ਭਾਰੀ ਜੁਰਮਾਨੇ ਕੀਤੇ ਜਾਣਗੇ ਤਾਂ ਕਿ ਸੜ੍ਹਕ ਸੁਰਖਿਆ ਨੂੰ ਯਕੀਨੀ ਬਣਾਇਆ ਜਾ ਸਕੇ।