ਲੁਧਿਆਣਾ, ਸਿੱਧਵਾਂ ਬੇਟ, ਜਗਰਾਓ ਏਰੀਏ ‘ਚ ਚੈਕਿੰਗ ਦੌਰਾਨ 10 ਗੱਡੀਆਂ ਕੀਤੀਆਂ ਬੰਦ, 5 ਦੇ ਚਾਲਾਨ ਵੀ ਕੱਟੇ
ਲੁਧਿਆਣਾ (ਰਾਜਕੁਮਾਰ ਸਾਥੀ)। ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਕੱਤਰ ਆਰ.ਟੀ.ਏ., ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵੱਲੋਂ ਜਾਰੀ ਚੈਕਿੰਗ ਦੌਰਾਨ 10 ਵਾਹਨਾਂ ਨੂੰ ਧਾਰਾ 207 ਤਹਿਤ ਬੰਦ ਕੀਤਾ ਗਿਆ ਜਦਕਿ 5 ਹੋਰ ਗੱਡੀਆਂ ਦੇ ਚਾਲਾਨ ਵੀ ਕੀਤੇ। ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਜ ਤੜ੍ਹਕ ਸਵੇਰ ਲੁਧਿਆਣਾ ਤੋਂ ਸਿਧਵਾਂ ਬੇਟ ਅਤੇ ਜਗਰਾਉਂ ਇਲਾਕੇ ‘ਚ ਵੱਖ-ਵੱਖ ਸੜ੍ਹਕਾਂ ‘ਤੇ ਅਚਨਚੇਤ ਚੈਕਿੰਗ ਕੀਤੀ ਗਈ, ਜਿੱਥੇ 10 ਗੱਡੀਆਂ ਜਿਨਾਂ੍ਹ ਵਿੱਚੋਂ 6 ਟ੍ਰਾਲੀਆਂ/ਟਿੱਪਰ, 1 ਸਕੂਲ ਵੈਨ ਅਤੇ 3 ਟਰੱਕ(ਰੇਤ) ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 5 ਹੋਰ ਗੱਡੀਆਂ ਦੇ ਚਲਾਨ ਵੀ ਕੱਟੇ ਗਏ। ਉਨ੍ਹਾਂ ਦੱਸਿਆ ਕਿ ਇਹ ਚਾਲਾਨ ਨਿਯਮਾਂ ਦੀ ਉਲੰਘਣਾਂ ਕਰਨ ‘ਤੇ ਕੱਟੇ ਗਏ ਜਿਸ ਵਿੱਚ ਓਵਰਲੋਡਿੰਗ, ਬਿਨਾ ਫਿਟਨਸ, ਟੈਕਸ ਅਤੇ ਹੋਰ ਜਰੂਰੀ ਕਾਗਜਾਂ ਦਾ ਨਾ ਹੋਣਾ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਆਰ.ਟੀ.ਏ ਵੱਲੋਂ ਹਰ ਵਾਰ ਚਾਲਕਾਂ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਾਹਨ ਨਾਲ ਸਬੰਧਤ ਦਸਤਾਵੇਜ਼ ਮੁਕੰਮਲ ਰੱਖਣ ਅਤੇ ਟ੍ਰਾਂਸਪੋਰਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਹਨਾਂ ਵਿੱਚ ਅਸਲ ਦਸਤਾਵੇਜ਼ ਰੱਖਣ ਅਤੇ ਡਰਾਈਵਰ ਕੋਲ ਉਸਦਾ ਡਰਾਈਵਿੰਗ ਲਾਇਸੰਸ ਅਪਡੇਟ ਕੀਤਾ ਹੋਇਆ ਨਾਲ ਹੋਵੇ। ਚੈਕਿੰਗ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਸੜ੍ਹਕ ਚਾਲਕਾਂ ਵੱਲੋਂ ਕਿਸੇ ਵੀ ਤਰਾਂ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਚੈਕਿੰਗ ਦੌਰਾਨ ਸਕੱਤਰ ਆਰ.ਟੀ.ਏ ਵੱਲੋਂ ਜਗਰਾਉ ਟਰੈਕ ‘ਤੇ ਵੀ ਦੌਰਾ ਕੀਤਾ ਗਿਆ ਅਤੇ ਉੱਥੇ ਪਾਈਆਂ ਗਈਆਂ ਕਮੀਆਂ ਨੂੰ ਦੁਰਸਤ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਅਰਜੀਆਂ ਵਿਭਾਗ ਵਲੋਂ ਜਾਰੀ ਆਨਲਾਈਨ ਪੋਰਟਲ ‘ਤੇ ਅਪਲਾਈ ਕਰਦਿਆਂ ਸੇਵਾਵਾਂ ਦਾ ਲਾਹਾ ਲੈਣ। ਬੀਤੇ ਦਿਨੀਂ ਆਰ.ਟੀ.ਏ ਦਫ਼ਤਰ ਵਿੱਚ ਲਗਾਏ ਗਏ ਹੈਲਪਡੈਸਕ ਨੂੰ ਪਬਲਿਕ ਵੱਲੋਂ ਭਰਵਾਂ ਹ਼ੁੰਗਾਰਾ ਮਿਲ ਰਿਹਾ ਹੈ ਜਿੱਥੇ ਰੋਜ਼ਾਨਾ 70-80 ਅਰਜੀਆਂ ਪਬਲਿਕ ਵੱਲੋਂ ਜਮਾਂ ਕਰਾਈਆਂ ਜਾ ਰਹੀਆਂ ਹਨ, ਹੈਲਪਡੈਸਕ ਤੇ ਆਈਆਂ ਅਰਜ਼ੀਆਂ ਦੀ ਰਿਪੋਰਟ ਸਕੱਤਰ ਆਰ.ਟੀ.ਏ ਨੂੰ ਸ਼ਾਮ 4:30 ਵਜੇ ਤੱਕ ਭੇਜ਼ ਦਿੱਤੀ ਜਾਂਦੀ ਹੈ ਜਿਨਾਂ ਦਾ ਨਿਪਟਾਰਾ ਸਮਾਂਬੱਧ ਤਰੀਕੇ ਨਾਲ ਕੀਤਾ ਜਾਂਦਾ ਹੈ।