ਆਗਾਮੀ ਮੌਸਮ ਦੌਰਾਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਦਿਸ਼ਾ ਨਿਰਦੇਸ਼ ਜਾਰੀ

Share and Enjoy !

Shares

ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ

ਲੁਧਿਆਣਾ, (ਰਾਜਕੁਮਾਰ ਸਾਥੀ)  ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਸਿਹਤ ਵਿਭਾਗ, ਨਗਰ ਨਿਗਮ, ਜਨ ਸਿਹਤ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਗਰਮੀ ਦੇ ਮੌਸਮ ਵਿਚ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਲੋੜੀਦੇ ਕਦਮ ਚੁੱਕਣ। ਸ੍ਰੀਮਤੀ ਸੁਰਭੀ ਮਲਿਕ ਅੱਜ ਮਿੰਨੀ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿੱਚ ਨੈਸ਼ਨਲ ਵੈਕਟਰ ਬੋਰਨ ਡੀਜ਼ੀਜ਼ ਕੰਟਰੋਲ ਪ੍ਰੋਗਰਾਮ ਅਤੇ ਵਾਟਰ ਬੋਰਨ ਡੀਜ਼ੀਜ਼ ਕੰਟਰੋਲ ਪ੍ਰੋਗਰਾਮ ਤਹਿਤ ਬੀਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਸਹਿਰੀ ਵਿਕਾਸ) ਸ੍ਰੀ ਸੰਦੀਪ ਕੁਮਾਰ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਨੈਸ਼ਨਲ ਵੈਕਟਰ ਬੋਰਨ ਬੀਮਾਰੀਆਂ ਜਿੰਨਾਂ ਵਿਚ ਮਲੇਰੀਆ, ਡੇਗੂ, ਚਿਕਨਗੁਨੀਆ, ਕਾਲਾ ਅਜ਼ਾਰ, ਫਲੇਰੀਆ, ਜਪਾਨੀ ਦਿਮਾਗੀ ਬੁਖਾਰ ਅਤੇ ਵਾਟਰ ਬੋਰਨ ਬੀਮਾਰੀਆਂ ਜਿਵੇ ਗੈਸਟਰੋ, ਹੈਜਾ, ਪੀਲੀਆ, ਟਾਈਫਾਈਡ ਦੀ ਰੋਕਥਾਮ ਲਈ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਹਨਾ ਅਧਿਕਾਰੀਆਂ ਨੂੰ ਇਹਨਾਂ ਬੀਮਾਰੀਆਂ ਦੀ ਰੋਕਥਾਮ ਅਤੇ ਬਚਾਅ ਲਈ ਸਾਵਧਾਨੀਆਂ ਵਰਤਣ ਬਾਰੇ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਲੁਧਿਆਣਾ ਇਕ ਉਦਯੋਗਿਕ ਸ਼ਹਿਰ ਹੈ ਅਤੇ ਇਥੇ ਬਿਮਾਰੀਆਂ ਦੇ ਫੈਲਣ ਦਾ ਖਤਰਾ ਆਮ ਸ਼ਹਿਰਾਂ ਨਾਲੋ ਜਿਆਦਾ ਰਹਿੰਦਾ ਹੈ। ਉਹਨਾ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੇ ਆਸ-ਪਾਸ ਗੰਦਾ ਪਾਣੀ ਖੜਾ ਨਾ ਹੋਣ ਦੇਣ ਅਤੇ ਘਰਾਂ ਦੀਆ ਛੱਤਾਂ ਉਪਰ ਪਾਣੀ ਦੀਆਂ ਟੈਕੀਆਂ, ਘਰਾਂ ਵਿਚ ਪਏ ਕੂਲਰਾਂ ਦੀ ਸਫਾਈ ਅਤੇ ਛੱਤਾਂ ਉਪਰ ਪਏ ਪੁਰਾਣੇ ਬਰਤਨਾਂ ਵਿਚ ਪਾਣੀ ਨਾ ਖੜਾ ਹੋਣ ਦੇਣ। ਉਹਨਾ ਸਿਵਲ ਸਰਜਨ ਨੂੰ ਇਹ ਵੀ ਕਿਹਾ ਕਿ ਉਹ ਸਲੱਮ ਏਰੀਏ, ਗੰਦੇ ਨਾਲੇ ਅਤੇ ਜਿੰਨਾਂ ਥਾਵਾਂ ਤੇ ਪਾਣੀ ਖੜ੍ਹਾ ਰਹਿੰਦਾ ਹੈ, ਉਹਨਾਂ ਥਾਵਾਂ ਤੇ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾ ਕਰਵਾਉਣ। ਉਹਨਾ ਸਹਾਇਕ ਸਿਵਲ ਸਰਜਨ ਨੂੰ ਕਿਹਾ ਕਿ ਉਹ ਵੱਖ ਵੱਖ ਬੀਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕਰਨ ਲਈ ਪਿੰਡਾਂ ਵਿਚ ਕੈਪ ਲਗਾਉਣ ਅਤੇ ਕਲੋਰੀਨ ਦੀਆਂ ਗੋਲੀਆਂ ਵੀ ਵੰਡਣ। ਉਹਨਾ ਇਹ ਵੀ ਕਿਹਾ ਕਿ ਸੀਵਰੇਜ਼ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੀ ਲੀਕੇਜ਼ ਚੈਕ ਕਰਵਾ ਕੇ ਤੁਰੰਤ ਬੰਦ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿਚ ਜੇ ਕਿਧਰੇ ਕੋਈ ਖੜ੍ਹਾ ਪਾਣੀ ਮਿਲਦਾ ਹੈ ਤਾਂ ਉਸ ਪਾਣੀ ਵਿਚ ਡੀਜਲ ਦਾ ਛਿੜਕਾਓ ਕੀਤਾ ਜਾਵੇ ਤਾ ਕਿ ਮੱਛਰ ਪੈਦਾ ਨਾ ਹੋ ਸਕੇ। ਉਹਨਾ ਜਿਲਾ ਸਿੱਖਿਆ ਅਫਸਰਾਂ ਨੂੰ ਕਿਹਾ ਕਿ ਉਹ ਸਕੂਲਾਂ ਵਿਚ ਸਵੇਰ ਦੀ ਪ੍ਰਾਰਥਨਾ ਸਮੇ ਬੱਚਿਆਂ ਨੂੰ ਇਹਨਾਂ ਬੀਮਾਰੀਆਂ ਦੀ ਰੋਕਥਾਮ ਅਤੇ ਬਚਾਅ ਲਈ ਜਰੂਰੀ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕਰਨ ਅਤੇ ਬੱਚਿਆਂ ਨੂੰ ਇਸ ਸਬੰਧੀ ਪੈਫਲਿਟ ਵੰਡਣ ਨੂੰ ਯਕੀਨੀ ਬਣਾਉਣ। ਉਹਨਾ ਜਿਲੇ ਦੇ ਸਾਰੇ ਸਰਕਾਰੀ ਦਫਤਰਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਆਪੋ ਆਪਣੇ ਦਫਤਰਾਂ ਵਿਚ ਸਫਾਈ ਨੂੰ ਯਕੀਨੀ ਬਣਾਉਣ ਅਤੇ ਕੂਲਰਾਂ ਦੀ ਸਫਾਈ ਕਰਵਾਈ ਜਾਵੇ ਅਤੇ ਹਫਤੇ ਵਿਚ ਇਕ ਵਾਰ ਜਰੂਰ ਪਾਣੀ ਬਦਲਿਆ ਜਾਵੇ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ। ਉਹਨਾ ਕਿਹਾ ਕਿ ਇਸ ਕੰਮ ਵਿਚ ਕੁਤਾਹੀ ਨਾ ਵਰਤੀ ਜਾਵੇ। ਕੂਲਰਾਂ ਦੇ ਪੁਰਾਣੇ ਪੈਡ ਬਦਲੇ ਜਾਣ। ਸ੍ਰੀਮਤੀ ਸੁਰਭੀ ਮਲਿਕ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਘਰਾਂ, ਦਫ਼ਤਰਾਂ ਜਾਂ ਕਿਸੇ ਵੀ ਜਗ੍ਹਾ ਤੇ ਜਿੱਥੇ ਕੂਲਰ, ਡੱਬੇ, ਬਰਤਨ, ਛੱਤ ਆਦਿ ਦੀ ਸਫਾਈ ਕਰਕੇ ਸ਼ੁੱਕਰਵਾਰ ਨੂੰ ਡਰਾਈ ਡੇਅ ਵੱਜੋਂ ਮਨਾਉਣ। ਉਹਨਾਂ ਕਿਹਾ ਕਿ ਮੱਛਰਾਂ ਦੇ ਪ੍ਰਜਨਨ ਚੱਕਰ ਨੂੰ ਤੋੜਨ ਦਾ ਇਹ ਸਭ ਤੋਂ ਉੱਤਮ ਢੰਗ ਹੈ, ਜੋ ਸਿਰਫ ਇੱਕ ਹਫ਼ਤੇ ਅੰਦਰ ਇੱਕ ਅੰਡੇ ਤੋਂ ਪੂਰਾ ਅਡਲਟ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਆਕਤੀ ਨੇ ਡੇਂਗੂ ਟੈਸਟ ਕਰਵਾਉਣਾ ਹੋਵੇ ਤਾਂ ਉਹ ਇਹ ਡੇਂਗੂ ਦੇ ਫ਼ਰੀ ਟੈਸਟ ਸਿਵਲ ਹਸਪਤਾਲ ਲੁਧਿਅਣਾ, ਖੰਨਾ ਅਤੇ ਜਗਰਾਓ ਵਿਖੇ ਜਾ ਕੇ ਕਰਵਾ ਸਕਦਾ ਹੈ।

Share and Enjoy !

Shares

About Post Author

Leave a Reply

Your email address will not be published. Required fields are marked *