ਹਿੰਦੂਵਾਦ ਦਾ ਏਜੰਡਾ ਰੱਖਣ ਵਾਲੀ ’ਭਾਜਪਾ’ ਤੇ ਆਰਐੱਸਐੱਸ ਸੰਵਿਧਾਨਿਕ ਧਰਮ ਨਿਰਪੱਖਤਾ ਵਿਰੋਧੀ : ਕਰੀਮਪੁਰੀ
ਲੁਧਿਆਣਾ (ਰਾਜਕੁਮਾਰ ਸਾਥੀ)। ਸਰਕਟ ਹਾਊਸ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਪੰਜਾਬ ਦੇ 8ਵੇਂ ਜ਼ੋਨ ਦੀ ਆਖ਼ਰੀ ਮੀਟਿੰਗ ਹੋਈ ਜਿਸ ਵਿੱਚ ਸੂਬੇ ਦੇ ਇੰਚਾਰਜ ਵਿਪੁਲ ਕੁਮਾਰ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ’ਬਸਪਾ’ ਲੀਡਰਸ਼ਿਪ ਵੱਲੋਂ ਸ਼ੁਰੂ ਕੀਤੀ ਗਈ ’ਪੰਜਾਬ ਸੰਭਾਲੋ’ ਮੁਹਿੰਮ ਨੂੰ ਅਸੀਂ ਪਿੰਡਾਂ, ਸ਼ਹਿਰਾਂ, ਬੱਸ ਅੱਡਿਆਂ, ਜਨਤਿਕ ਥਾਵਾਂ ਅਤੇ ਹਰੇਕ ਵਿਅਕਤੀ ਤੱਕ ਇਸ ਏਜੰਡੇ ਨੂੰ ਪਹੁੰਚਾ ਰਹੇ ਹਾਂ ਤਾਂ ਜੋ ਪਾਰਟੀ ਦਾ ਜਥੇਬੰਦਕ ਢਾਂਚਾ ਮਜ਼ਬੂਤ ਹੋ ਸਕੇ। ਉਨ੍ਹਾਂ ਕਿਹਾ ਕਿ ਜ਼ਿਲਿ੍ਹਆਂ ਦੀਆਂ ਮੀਟਿੰਗਾਂ ਮੁਕੰਮਲ ਹੋ ਚੁੱਕੀਆਂ ਹਨ ਤੇ ਵਿਧਾਨ ਸਭਾ ਦੀਆਂ ਮੀਟਿੰਗਾਂ ਜਾਰੀ ਹਨ। ਜਿਸਦੇ ਸਿੱਟੇ ਵਜੋਂ ਅੱਠ ਜ਼ੋਨਾਂ ਚੋਂ ਕਰੀਬ 32 ਲੀਡਰ ਨਿਯੁਕਤ ਕੀਤੇ ਗਏ ਹਨ, ਜੋ ਕਿ ਹਰ ਪੰਜਾਬੀ ਤੱਕ ਇਸ ਮੁਹਿੰਮ ਨੂੰ ਪਹੁੰਚਾ ਰਹੇ ਹਨ ਤੇ ਲੋਕਾਂ ਨੂੰ ਮੁਹਿੰਮ ਨਾਲ ਜੋੜ ਰਹੇ ਹਨ। ਸੂਬਾ ਪ੍ਰਧਾਨ ਸ੍ਰ ਕਰੀਮਪੁਰੀ ਨੇ ਕਿਹਾ ਕਿ ਪਿੰਡ ਨੰਗਲ ’ਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਤੋੜਨ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੇ ਸੰਜੀਦਾ ਵਿਸ਼ਿਆਂ ਪ੍ਰਤੀ ਸੂਬਾ ਸਰਕਾਰ ਗ਼ੈਰ ਸੰਜੀਦਾ ਹੈ, ਸਾਡੇ ਵੱਲੋਂ ਸੂਬਾ ਸਰਕਾਰ ਨੂੰ ਸਲਾਹ ਦਿੱਤੀ ਗਈ ਸੀ ਕਿ ਜਿੱਥੇ ਵੀ ਅੰਬੇਡਕਰ ਜੀ, ਫੂਲੇ ਜੀ, ਸ਼ਾਹੂ ਜੀ ਤੇ ਕਾਂਸ਼ੀ ਰਾਮ ਜੀ ਆਦਿ ਮਹਾਂਪੁਰਖਾਂ ਦੇ ਬੁੱਤ ਲੱਗੇ ਹਨ, ਪੰਜਾਬ ਸਰਕਾਰ ਉੱਥੇ ਹਮੇਸ਼ਾ ਲਈ ਸੁਰੱਖਿਆ ਦੇ ਪ੍ਰਬੰਧ ਕਰੇ, ਪਰ ਸਰਕਾਰ ਸੰਜੀਦਗੀ ਨਾਲ ਕਾਰਜ ਕਰਨ ’ਚ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਫਿਲੌਰ ਦੇ ਪਿੰਡ ਨੰਗਲ ’ਚ ਜਿੱਥੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਦਾ ਅਪਮਾਨ ਕੀਤੀ ਗਿਆ, ਉਸ ਥਾਂ ’ਤੇ ਬਹੁਜਨ ਸਮਾਜ ਪਾਰਟੀ ਵੱਲੋਂ ਪੱਕੇ ਤੌਰ ’ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ, ਜਦ ਤੱਕ ਦੋਸ਼ੀ ਫੜ੍ਹੇ ਨਹੀਂ ਜਾਂਦੇ ਉਦੋਂ ਤੱਕ ਉਹ ਧਰਨਾ ਬਰਕਰਾਰ ਰਹੇਗਾ। ਉਹਨਾਂ ਇਸ ਘਟਨਾ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦਾ ਇੰਟੈਲੀਜੈਂਸ ਫੇਲੀਅਰ ਕਰਾਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਹਰ ਮੁੱਦੇ ਨੂੰ ਹੱਲ ਨਹੀਂ ਕਰ ਸਕੀ ਹੈ, ਬਹੁਜਨ ਸਮਾਜ ਪਾਰਟੀ ਦੀ ’ਪੰਜਾਬ ਸੰਭਾਲੋ’ ਮੁਹਿੰਮ ਤੋਂ ਘਬਰਾ ਕੇ ਸਰਕਾਰ ਅਜਿਹੀਆਂ ਘਟਨਾਵਾਂ ਜ਼ਰੀਏ ਲੋਕਾਂ ਦਾ ਸਰਕਾਰ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਪੱਛਮੀ ਦੀ ਹੋਣ ਜਾ ਰਹੀ ਜਿਮਨੀ ਚੋਣ ਬਾਰੇ ਕਿਹਾ ਕਿ ਅਸੀਂ ’ਬਸਪਾ’ ਦੀ ਪੂਰੀ ਲੀਡਰਸ਼ਿਪ ਨਾਲ ਸਲਾਹ ਕਰਕੇ ਜਾਂ ਤਾਂ ਆਪਣੇ ਉਮੀਦਵਾਰ ਦਾ ਐਲਾਨ ਕਰਾਂਗੇ ਜਾਂ ਫੇਰ ’ਬਸਪਾ’ ਦਾ ਜਿਮਨੀ ਚੋਣ ’ਚ ਰੋਲ ਕੀ ਹੋਏਗਾ, ਇਸ ਬਾਰੇ ਸੋਚਾਂਗੇ। ’ਬਸਪਾ’ ਦੇ ਸੂਬਾ ਇੰਚਾਰਜ ਅਤੇ ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰਪਾਲ ਨੇ ਕਿਹਾ ਕਿ ਜਿਸ ਤਰ੍ਹਾਂ ਭੈਣ ਮਾਇਆਵਤੀ ਜੀ ਨੇ ਯੂ ਪੀ ’ਚ ’ਬਸਪਾ’ ਦੇ ਏਜੰਡੇ ਤਹਿਤ ਕੰਮ ਕੀਤਾ ਸੀ ਠੀਕ ਉਸੇ ਤਰ੍ਹਾਂ ਸਾਡੇ ਵੱਲੋਂ ਵੀ ਇਸ ਏਜੰਡੇ ਨੂੰ ਅੱਗੇ ਤੋਰਿਆ ਜਾ ਰਿਹਾ ਹੈ। ਇਸ ਮੌਕੇ ਲੁਧਿਆਣਾ ਜ਼ੋਨ ਦੇ ਇੰਚਾਰਜ ਪ੍ਰਵੀਨ ਬੰਗਾ, ਸੂਬਾ ਆਗੂ ਬਲਵਿੰਦਰ ਸਿੰਘ ਬਿੱਟਾ, ਜੀਤ ਰਾਮ ਬਸਰਾ, ਭਾਗ ਸਿੰਘ ਸਰੀਂਹ, ਬਲਵਿੰਦਰ ਸਿੰਘ ਜੱਸੀ, ਬੂਟਾ ਸਿੰਘ ਸੰਗੋਵਾਲ, ਨਿਰਮਲ ਸਿੰਘ ਸਾਈਆਂ, ਦਵਿੰਦਰ ਸਿੰਘ ਰਾਮਗੜ੍ਹੀਆ, ਬਿੱਟੂ ਸ਼ੇਰਪੁਰ, ਸੋਨੂੰ ਅਤੇ ਰਾਜਿੰਦਰ ਹਾਜ਼ਰ ਸਨ।