ਲੁਧਿਆਣਾ, 12 ਨਵੰਬਰ (ਰਾਜਕੁਮਾਰ ਸਾਥੀ)। ਪੰਜਾਬ ਐਂਡ ਸਿੰਧ ਬੈਂਕ ਦੇ ੍ਤੋਨਲ ਦਫ਼ਤਰ ਲੁਧਿਆਣਾ ਵੱਲੋਂ ਅੱਜ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼, ਦੁੱਗਰੀ ਰੋਡ ਲੁਧਿਆਣਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬੈਂਕ ਦੇ ਸਟਾਫ਼ ਮੈਂਬਰਾਂ ਅਤੇ ਬੈਂਕ ਆਉਣ-ਜਾਣ ਵਾਲਿਆਂ ਵੱਲੋਂ ਕੈਂਂਪ ‘ਚ ਸ਼ਮੂਲੀਅਤ ਕਰਦਿਆਂ ਮਨੁੱਖਤਾ ਦੀ ਭਲਾਈ ਲਈ ਖ਼ੂਨਦਾਨ ਕੀਤਾ। ਕੈਂਪ ਦਾ ਉਦਘਾਟਨ ਫੀਲਡ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਚੰਡੀਗੜ੍ਹ ਸ੍ਰੀ ਪਰਵੀਨ ਮੋਂਗੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਖੂਨਦਾਨ ਇੱਕ ਨੇਕ ਕਾਰਜ ਹੈ ਅਤੇ ਹਰ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਹੰਗਾਮੀ ਹਾਲਤ ਵਿੱਚ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਅਜਿਹੇ ਕੈਂਪ ਦੇ ਆਯੋਜਨ ਮੌਕੇ ਗ੍ਰਾਹਕਾਂ, ਸਟਾਫ ਅਤੇ ਆਮ ਲੋਕਾਂ ਦੀ ਸਰਗਰਮ ਸ਼ਮੂਲੀਅਤ ਲਈ ਬੈਂਕ ਦੀ ਵੀ ਸ਼ਲਾਘਾ ਕੀਤੀ। ਜੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਅਸ਼ਵਨੀ ਕੁਮਾਰ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣ ‘ਤੇ ਜ਼ੋਰ ਦਿੱਤਾ ਅਤੇ ਇਹ ਵੀ ਕਿਹਾ ਕਿ ਜੇਕਰ ਮਨੁੱਖੀ ਜਾਨਾਂ ਬਚੀਆਂ ਰਹਿਣਗੀਆਂ ਤਾਂ ਸਾਡੇ ਦੇਸ਼ ਦੀ ਆਰਥਿਕਤਾ ਸਥਿਰ ਰਹੇਗੀ। ਇਸ ਮੌਕੇ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਏ.ਜੀ.ਐਮ. ਜ਼ੋਨਲ ਦਫ਼ਤਰ ਰਾਮ ਸਰਨ, ਚੀਫ ਮੈਨੇਜ਼ਰ ਦਵਿੰਦਰ ਕੁਮਾਰ, ਲੀਡ ਬੈਂਕ ਮੈਨੇਜਰ ਸੰਜੇ ਗੁਪਤਾ, ਮੈਨੇਜਰ ਭੁਪਿੰਦਰ ਸਿੰਘ, ਅਲੀ ਅਹਿਮਦ, ਕਰਨ ਸ਼ਰਮਾ ਅਤੇ ਹੋਰ ਹਾਜ਼ਰ ਸਨ।