ਪੀ.ਵਾਈ.ਡੀ.ਬੀ. ਦੇ ਚੇਅਰਮੈਨ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕੀਤਾ ਕੈਂਪ ਦਾ ਉਦਘਾਟਨ
ਲੁਧਿਆਣਾ, 12 ਨਵੰਬਰ (ਰਾਜਕੁਮਾਰ ਸਾਥੀ)। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਵਿਖੇ ਅੱਜ ਲਗਾਏ ਗਏ ਪਲੇਸਮੈਂਟ ਕੈਂਪ ਦੌਰਾਨ 9 ਕੰਪਨੀਆਂ ਵੱਲੋਂ 68 ਨੌਜਵਾਨਾਂ ਦੀ ਚੋਣ ਕੀਤੀ ਗਈ। ਪੰਜਾਬ ਯੂਥ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਕੈਂਪ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਕੁੱਲ 9 ਕੰਪਨੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ, 180 ਉਮੀਦਵਾਰਾਂ ਵੱਲੋਂ ਕੈਂਪ ‘ਚ ਹਿੱਸਾ ਲਿਆ ਗਿਆ, ਮਾਹਿਰਾਂ ਦੇ ਪੈਨਲ ਵੱਲੋਂ 142 ਉਮੀਦਵਾਰਾਂ ਦੀ ਇੰਟਰਵਿਊ ਲਈ ਗਈ ਅਤੇ ਇੰਟਰਵਿਊ ਤੋਂ ਬਾਅਦ 68 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਪਲੇਸਮੈਂਟ ਕੈਂਪ ਵਿੱਚ ਆਈ.ਸੀ.ਆਈ.ਸੀ.ਆਈ. ਬੈਂਕ, ਕੋਕਾ ਕੋਲਾ, ਐਸ.ਬੀ.ਆਈ. ਬੈਂਕ, ਪੁਖਰਾਜ ਹੈਲਥ ਕੇਅਰ, ਜੀ.ਟੀ.ਬੀ. ਇੰਜੀਨੀਅਰ, ਕੋਟਕ ਇੰਸ਼ੋਰੈਂਸ, ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ, ਪਰਸ਼ੋਤਮ ਐਸੋਸੀਏਟਸ, ਏਅਰਟੈਨ ਅਤੇ ਹੋਰਾਂ ਸਮੇਤ ਕਈ ਕੰਪਨੀਆਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਪੰਜਾਬ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇਣ ਲਈ ਇੱਕ ਵਧੀਆ ਉਪਰਾਲਾ ਹੈ। ਉਨ੍ਹਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਹਤਰ ਕਰੀਅਰ ਦੇ ਵਿਕਲਪਾਂ ਦੀ ਖੋਜ ਕਰਨ ਲਈ ਇਨ੍ਹਾਂ ਕੈਂਪਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ। ਡਿਪਟੀ ਡਾਇਰੈਕਟਰ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਅਤੇ ਡਿਪਟੀ ਸੀ.ਈ.ਓ ਸ੍ਰੀ ਨਵਦੀਪ ਸਿੰਘ ਨੇ ਦੱਸਿਆ ਕਿ ਅਸੀਂ ਹਰ ਸ਼ੁੱਕਰਵਾਰ ਨੂੰ ਜ਼ਿਲ੍ਹਾ ਬਿਊਰੋ ਪ੍ਰਤਾਪ ਚੌਕ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪਲੇਸਮੈਂਟ ਕੈਂਪ ਲਗਾਉਂਦੇ ਹਾਂ।