ਲੁਧਿਆਣਾ (ਰਾਜਕੁਮਾਰ ਸਾਥੀ)। ਭਾਰਤੀ ਕਮਿਊਨਿਸਟ ਪਾਰਟੀ ਨੇ ਮੰਗ ਕੀਤੀ ਹੈ ਕਿ ਕੰਗਨਾ ਰਣੌਤ ਵੱਲੋਂ ਦਿੱਤੇ ਦੇਸ਼ ਨੂੰ ਆਜਾਦੀ 2014 ਵਿੱਚ ਮਿਲੀ ਹੈ ਅਤੇ 1947 ਵਿੱਚ ਆਜਾਦੀ ਭੀਖ ਵਿੱਚ ਮਿਲੀ ਹੈ ਦੇ ਬਿਆਨ ਸੰਬੰਧੀ ਭਾਜਪਾ ਨੂੰ ਆਪਣੀ ਸਥਿਤੀ ਸਪੱਸ਼ਟ ਕਰੇ। ਪਾਰਟੀ ਦੇ ਨੇਤਾ ਕਾਰਮੇਡ ਡੀਪੀ ਮੌੜ ਸਕੱਤਰ, ਡਾ. ਅਰੁਣਾ ਮਿੱਤਰਾ, ਚਮਕੌਰ ਸਿੰਘ, ਐਮ.ਐਸ. ਭਾਟੀਆ ਤੇ ਰਮੇਸ਼ ਰਤਨ ਨੇ ਕਿਹਾ ਕਿ ਕੰਗਨਾ ਦੇ ਇਸ ਬਿਆਨ ਤੇ ਪ੍ਰਧਾਨਮੰਤਰੀ ਵੱਲੋਂ ਚੁੱਪੀ ਸਾਧ ਲੈਣਾ ਵੀ ਦੁਖਦਾਇਕ ਹੈ। ਉਹਨਾਂ ਕਿਹਾ ਕਿ ਆਜਾਦੀ ਦੇ ਸੰਘਰਸ਼ ਵਿੱਚ ਰਾਸ਼ਟਰੀ ਸਵੈਅਮ ਸੇਵਕ ਸੰਘ ਜਾਂ ਜਨਸੰਘ ਅੰਗਰੇਜਾਂ ਨਾਲ ਮਿਲੇ ਹੋਏ ਸਨ, ਸ਼ਾਇਦ ਇਸ ਕਰਕੇ ਹੀ ਉਹਨਾਂ ਨੂੰ ਆਜਾਦੀ ਦੀ ਅਹਿਮਿਅਤ ਦਾ ਅੰਦਾਜਾ ਨਹੀਂ ਹੈ। ਕੰਗਨਾ ਰਣੌਤ ਨੇ ਆਪਣੇ ਬਿਆਨ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦੇ-ਆਜਮ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਵਰਗੇ ਲੱਖਾਂ ਸ਼ਹੀਦਾਂ ਦੀ ਸ਼ਹਾਦਤ ਦਾ ਅਪਮਾਨ ਕੀਤਾ ਹੈ। ਇਸ ਕਰਕੇ ਕੰਗਨਾ ਰਣੌਤ ਤੋਂ ਪਦਮਸ਼੍ਰੀ ਵਾਪਸ ਲੈ ਕੇ ਇਸਨੂੰ ਦੇਸ਼ਧ੍ਰੋਹ ਦੇ ਕੇਸ ਵਿੱਚ ਜੇਲ ਵਿੱਚ ਭੇਜਣਾ ਚਾਹੀਦਾ ਹੈ।