ਐਚਆਈਵੀ ਦੇ ਮਰੀਜ ਹਨ ਕੋਰੋਨਾ ਦੇ ਸਾਫਟ ਟਾਰਗੇਟ – ਡਾ. ਕਰਮਵੀਰ
ਵਿਸ਼ਵ ਏਡਜ ਦਿਵਸ ਦੇ ਮੌਕੇ ਲੋਕਾਂ ਨੂੰ ਐਚਆਈਵੀ ਤੇ ਕੋਰੋਨਾ ਪ੍ਰਤੀ ਜਾਗਰੂਕ
ਲੁਧਿਆਣਾ (ਰਣਜੀਤ) । ਐਚਆਈਵੀ ਦੇ ਕਾਰਣ ਵਿਅਕਤੀ ਦੀ ਇਮਊਨਿਟੀ ਪਾਵਰ ਘੱਟ ਹੋ ਜਾਂਦੀ ਹੈ। ਜਿਸ ਕਾਰਣ ਉਹ ਕੋਰੋਨਾ ਦੀ ਚਪੇਟ ਵਿੱਚ ਜਲਦੀ ਆ ਸਕਦੇ ਹਨ। ਵਿਸ਼ਵ ਏਡਜ ਮੌਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਲੁਧਿਆਣਾ ਮੈਡੀਵੇਜ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਡਾਇਰੈਕਟਰ ਤੇ ਪੰਜਾਬ ਮੈਡੀਕਲ ਕੌਂਸਿਲ ਦੇ ਮੈਂਬਰ ਡਾ. ਕਰਮਵੀਰ ਗੋਇਲ ਨੇ ਕਿਹਾ ਕਿ ਐਚਆਈਵੀ ਦੇ ਮਰੀਜ ਕੋਰੋਨਾ ਦੇ ਸਾਫਟ ਟਾਰਗੇਟ ਹੋ ਸਕਦੇ ਹਨ। ਇਸ ਕਾਰਣ ਐਚਆਈਵੀ ਦੇ ਮਰੀਜਾਂ ਨੂੰ ਜਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਓਪੀਡੀ ਬਲਾਕ ਵਿੱਚ ਕਰਾਏ ਜਾਗਰੂਕਤਾ ਲੈਕਚਰ ਦੌਰਾਨ ਡਾ. ਗੋਇਲ ਨੇ ਕਿਹਾ ਕਿ ਇੱਕ ਜਮਾਨਾ ਸੀ, ਜਦੋਂ ਕਿਸੇ ਵਿਅਕਤੀ ਨੂੰ ਹਿਊਮਨ ਇਮਿਊਨੋਡੈਫੀਸੈਂਸੀ ਵਾਇਰਸ (ਐਚਆਈਵੀ) ਹੋਣ ਦਾ ਪਤਾ ਲੱਗਦੇ ਹੀ ਉਸਦਾ ਸਮਾਜਿਕ ਬਾਈਕਾਟ ਕਰ ਦਿੱਤਾ ਜਾਂਦਾ ਸੀ। ਕਿਓੰਕਿ ਉਸ ਵੇਲੇ ਇਸਨੂੰ ਬੀਮਾਰੀ ਮੰਨਣ ਦੀ ਬਜਾਏ ਵੱਡਾ ਗੁਨਾਹ ਸਮਝਿਆ ਜਾਂਦਾ ਸੀ। ਇਸ ਕਾਰਣ ਲੋਕ ਇਸ ਬੀਮਾਰੀ ਨੂੰ ਲੁਕਾਉਣ ਵਿੱਚ ਹੀ ਭਲਾਈ ਸਮਝਦੇ ਸਨ, ਤਾਂ ਜੋ ਉਹਨਾਂ ਦਾ ਸਮਾਜਿਕ ਸਨਮਾਨ ਬਣਿਆ ਰਹੇ। ਭਾਵੇਂ ਮਰੀਜ ਦੀ ਇਹ ਕੋਸ਼ਿਸ਼ ਉਸਨੂੰ ਮੌਤ ਤੱਕ ਲੈ ਜਾਂਦੀ ਸੀ। ਪਰੰਤੁ ਲਗਾਤਾਰ ਫੈਲ ਰਹੀ ਜਾਗਰੂਕਤਾ ਦੇ ਕਾਰਣ ਹਾਲਾਤ ਬਦਲ ਰਹੇ ਹਨ। ਹੁਣ ਲੋਕ ਇਸ ਬੀਮਾਰੀ ਬਾਰੇ ਖੁੱਲ ਕੇ ਗੱਲ ਵੀ ਕਰਦੇ ਹਨ ਤੇ ਆਪਣਾ ਐਚਆਈਵੀ ਟੈਸਟ ਵੀ ਕਰਾਉਂਦੇ ਹਨ। ਉਹਨਾਂ ਕਿਹਾ ਕਿ ਐਚਆਈਵੀ ਕਿਸੇ ਵੀ ਤੰਦਰੁਸਤ ਵਿਅਕਤੀ ਦੀ ਇਮਊਨਿਟੀ ਪਾਵਰ ਘੱਟ ਕਰ ਦਿੰਦਾ ਹੈ। ਜਿਸ ਕਾਰਣ ਉਹ ਜਲਦੀ ਬੀਮਾਰ ਪੈ ਜਾਂਦਾ ਹੈ। ਵਰਤਮਾਨ ਸਮੇਂ ਵਿੱਚ ਥੋੜੀ ਜਿਹੀ ਲਾਪਰਵਾਹੀ ਹੋਣ ਤੇ ਐਚਆਈਵੀ ਮਰੀਜ ਦੇ ਕੋਰੋਨਾ ਵਾਇਰਸ ਦਾ ਹਮਲਾ ਹੋਣ ਦਾ ਖਤਰਾ ਕਈ ਗੁਣਾ ਵਧਿਆ ਹੋਇਆ ਹੈ।
ਹਸਪਤਾਲ ਦੇ ਚੇਅਰਮੈਨ ਭਗਵਾਨ ਸਿੰਘ ਭਾਊ ਨੇ ਕਿਹਾ ਕਿ ਐਚਆਈਵੀ ਦੀ ਦਵਾਈ ਤਾਂ ਕਈ ਸਾਲ ਪਹਿਲਾਂ ਆ ਚੁੱਕੀ ਸੀ, ਪਰੰਤੁ ਕੋਰੋਨਾ ਵਾਇਰਸ ਦੀ ਪਛਾਣ ਹੋਣ ਦੇ ਇੱਕ ਸਾਲ ਬਾਅਦ ਵੀ ਇਸਦੀ ਵੈਕਸੀਨ ਤੱਕ ਨਹੀਂ ਬਣ ਸਕੀ ਹੈ। ਇਸ ਕਾਰਣ ਐਚਆਈਵੀ ਪਾਜੀਟਿਵ ਮਰੀਜਾਂ ਨੂੰ ਭੀੜ ਵਾਲੀਆਂ ਥਾਵਾਂ ਤੇ ਜਾਣ ਤੋ ਪਰਹੇਜ ਕਰਨਾ ਚਾਹੀਦਾ ਹੈ। ਬਿਨਾ ਮਾਸਕ ਕਿਸੇ ਵੀ ਹਾਲਤ ਵਿੱਚ ਘਰ ਤੋਂ ਬਾਹਰ ਨਾ ਨਿੱਕਲੋ। ਜੇਕਰ ਸਰਦੀ-ਜੁਕਾਮ ਜਾਂ ਬੁਖਾਰ ਹੋਵੇ ਤਾਂ ਦੂਜੇ ਲੋਕਾਂ ਤੋਂ ਦੂਰੀ ਬਣਾਉਂਦੇ ਹੋਏ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।